ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਤਿੰਨ ਨਾਮਜ਼ਦ
ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਪਰਿਵਾਰ ਦੇ ਤਿੰਨ ਜੀਅ ਨਾਮਜਦ
Publish Date: Fri, 06 Mar 2026 07:29 PM (IST)
Updated Date: Fri, 06 Mar 2026 07:33 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਫੂਡ ਗਰੇਨ ਦਾ ਮਾਲ, ਤੇਲ, ਚੌਲ, ਦਾਲਾਂ ਅਤੇ ਹੋਰ ਘਰੇਲੂ ਉਤਪਾਦਾਂ ਦੇ ਮਾਮਲੇ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਚੱਲਦੇ ਇੱਕ ਕਾਰੋਬਾਰੀ, ਉਸ ਦੇ ਭਰਾ ਅਤੇ ਪਿਤਾ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮੁਕੱਦਮਾ ਟਰੰਕ ਬਾਜ਼ਾਰ ਵਾਸੀ ਕਾਰੋਬਾਰੀ ਰਾਕੇਸ਼ ਗੁਪਤਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਪੁਲਿਸ ਮੁਤਾਬਿਕ ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਾਕੋਵਾਲ ਰੋਡ ਵਾਸੀ ਚਮਨਦੀਪ, ਉਸ ਦੇ ਭਰਾ ਅਮਨਦੀਪ ਅਤੇ ਪਿਤਾ ਰਾਜਬੀਰ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਕਾਰੋਬਾਰੀ ਰਾਕੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦਾ ਫੂਡ ਗਰੇਨ ਅਤੇ ਘਰੇਲੂ ਉਤਪਾਦਾਂ ਦਾ ਕਾਰੋਬਾਰ ਹੈ। ਮੁਲਜ਼ਮ ਚਮਨਦੀਪ ਉਨ੍ਹਾਂ ਕੋਲੋਂ ਅਕਸਰ ਮਾਲ ਲੈਂਦਾ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਨ੍ਹਾਂ ਸਮੇਤ ਕੇਸਰ ਗੰਜ ਮਾਰਕੀਟ ਅਤੇ ਆਲੇ ਦੇ ਹੋਰ ਬਾਜ਼ਾਰਾਂ ਦੇ 25 ਦੇ ਕਰੀਬ ਵਿਅਕਤੀਆਂ ਕੋਲੋਂ ਚਮਨਦੀਪ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਰੋੜਾਂ ਰੁਪਏ ਦਾ ਮਾਲ ਲਿਆ ਸੀ। 2025 ਵਿੱਚ ਮੁਲਜ਼ਮਾਂ ਨੇ ਮਾਲ ਲੈ ਕੇ ਰਕਮ ਦੀ ਅਦਾਇਗੀ ਨਹੀਂ ਕੀਤੀ। ਸਾਰੇ ਕਾਰੋਬਾਰੀਆਂ ਨੇ ਕਈ ਵਾਰ ਚਮਨਦੀਪ ਨਾਲ ਸੰਪਰਕ ਕਰ ਕੇ ਪੈਸਿਆਂ ਦੀ ਮੰਗ ਕੀਤੀ ਪਰ ਉਸ ਨੇ ਕਦੀ ਵੀ ਰਕਮ ਨਹੀਂ ਮੋੜੀ। ਕੁਝ ਸਮਾਂ ਪਹਿਲਾਂ ਉਸ ਨੇ ਸ਼ਿਕਾਇਤ ਕਰਤਾ ਰਕੇਸ਼ ਕੁਮਾਰ ਗੁਪਤਾ ਨੂੰ ਕੁਝ ਚੈੱਕ ਦੇ ਦਿੱਤੇ। ਕਈ ਹੋਰ ਵਪਾਰੀ ਵੀ ਚਮਨਦੀਪ ਅਤੇ ਉਸਦੇ ਪਰਿਵਾਰਕ ਮੈਂਬਰਾਂ ਕੋਲੋਂ ਪੈਸੇ ਮੰਗਣ ਜਾਂਦੇ। ਥੱਕ ਹਾਰ ਕੇ ਸਾਰਿਆਂ ਨੇ 13 ਨਵੰਬਰ 2025 ਨੂੰ ਇੱਕ ਸਾਂਝੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ। ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਅਧਿਕਾਰੀਆਂ ਨੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਐੱਫਆਈਆਰ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਇਸ ਮਾਮਲੇ ਵਿੱਚ ਪੁਲਿਸ ਨੇ ਰਾਕੇਸ਼ ਗੁਪਤਾ ਦੀ ਸ਼ਿਕਾਇਤ ਤੇ ਚਮਨਦੀਪ ਅਮਨਦੀਪ ਅਤੇ ਰਾਜਵੀਰ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧਿਕ ਸਾਜਿਸ਼ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਅਗਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।