ਡਬਲ ਮਰਡਰ ਕੇਸ ’ਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ
ਡਬਲ ਮਰਡਰ ਕੇਸ ਵਿੱਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਸੁਣਾਈ
Publish Date: Fri, 20 Feb 2026 07:51 PM (IST)
Updated Date: Fri, 20 Feb 2026 07:54 PM (IST)

- ਐਡੀਸ਼ਨਲ ਸੈਸ਼ਨ ਜੱਜ ਡਾ. ਰਜਨੀਸ਼ ਨੇ ਦੋਸ਼ੀਆਂ ਨੂੰ 10-10 ਹਜ਼ਾਰ ਰੁਪਏ ਕੀਤਾ ਜੁਰਮਾਨਾ ਸੁਸ਼ੀਲ ਕੁਮਾਰ ਸ਼ਸ਼ੀ , ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਵਿੱਚ ਦੋਹਰੇ ਕਤਲ ਦੇ ਮਾਮਲੇ ਵਿੱਚ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਇੱਕ ਮਹਿਲਾ ਸਮੇਤ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਡਾ. ਰਜਨੀਸ਼ ਦੀ ਅਦਾਲਤ ਨੇ ਗੋਪੀ ਚੰਦ ਉਰਫ਼ ਗੋਪੀ, ਅਹਿਮਦ ਅੰਸਾਰੀ ਅਤੇ ਉਸ ਦੀ ਪਤਨੀ ਕਿਰਣ ਦੇਵੀ ਵਾਸੀ ਸਤਜੋਤ ਨਗਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ। ਇਹ ਮਾਮਲਾ 20 ਨਵੰਬਰ 2022 ਦਾ ਹੈ। ਬਸੰਤ ਐਵੀਨਿਊ ਸਥਿਤ ਸਤਜੋਤ ਨਗਰ ਵਿੱਚ ਰਹਿਣ ਵਾਲੇ 36 ਸਾਲਾ ਰਵੀ ਅਤੇ ਉਸ ਦੀ 60 ਸਾਲਾ ਸਾਸ ਨੂਰ ਜਹਾਂ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਘਟਨਾ ਸਬੰਧੀ ਬਿਆਨ ਰਵੀ ਦੀ ਪਤਨੀ ਰਵੀਨਾ ਵੱਲੋਂ ਦਰਜ ਕਰਵਾਇਆ ਗਿਆ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਦੋਸ਼ੀ ਉਨ੍ਹਾਂ ਨਾਲ ਹੀ ਲੇਬਰ ਕੁਆਰਟਰਾਂ ਵਿੱਚ ਰਹਿੰਦੇ ਸਨ। ਸ਼ਿਕਾਇਤ ਮੁਤਾਬਿਕ 17 ਸਤੰਬਰ 2022 ਨੂੰ ਰਵੀ ਆਪਣੇ ਕਮਰੇ ਦੇ ਬਾਹਰ ਬੈਠ ਕੇ ਸ਼ਰਾਬ ਪੀ ਰਿਹਾ ਸੀ। ਉਸੇ ਵੇਲੇ ਗੋਪੀ ਚੰਦ ਵੀ ਬਾਹਰ ਮੌਜੂਦ ਸੀ। ਪੁਰਾਣੀ ਰੰਜਿਸ਼ ਕਾਰਨ ਦੋਸ਼ੀ ਨੇ ਬਿਨਾਂ ਕਿਸੇ ਵਜ੍ਹਾ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਵਿਰੋਧ ਕਰਨ ’ਤੇ ਉਸ ਨੇ ਆਪਣੇ ਸਾਥੀ ਅਹਿਮਦ ਅੰਸਾਰੀ ਅਤੇ ਕਿਰਨ ਦੇਵੀ ਨੂੰ ਮੌਕੇ ’ਤੇ ਬੁਲਾ ਲਿਆ। ਤਿੰਨਾਂ ਨੇ ਮਿਲ ਕੇ ਰਵੀ ’ਤੇ ਲਾਠੀਆਂ, ਡੰਡਿਆਂ ਅਤੇ ਲੋਹੇ ਦੇ ਸਰੀਆਂ ਨਾਲ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਬਚਾਅ ਲਈ ਪਹੁੰਚੀ ਉਸ ਦੀ ਮਾਂ ਨੂਰ ਜਹਾਂ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਗਿਆ। ਵਾਰਦਾਤ ਤੋਂ ਬਾਅਦ ਤਿੰਨੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਜ਼ਖ਼ਮੀ ਹਾਲਤ ਵਿੱਚ ਰਵੀ ਅਤੇ ਨੂਰ ਜਹਾਂ ਨੂੰ ਪਹਿਲਾਂ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਬਾਅਦ ਵਿੱਚ ਹਾਲਤ ਵਿਗੜਣ ’ਤੇ ਦੋਵਾਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣੀਆਂ ਅਤੇ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕੀਤੀ। ਅਦਾਲਤ ਨੇ ਨਤੀਜੇ ’ਤੇ ਪਹੁੰਚਦਿਆਂ ਕਿਹਾ ਕਿ ਤਿੰਨਾਂ ਨੇ ਮਿਲ ਕੇ ਹਮਲਾ ਕੀਤਾ, ਜਿਸ ਕਾਰਨ ਰਵੀ ਅਤੇ ਨੂਰ ਜਹਾਂ ਦੀ ਮੌਤ ਹੋਈ। ਇਸ ਦੇ ਆਧਾਰ ‘ਤੇ ਅਦਾਲਤ ਨੇ ਤਿੰਨਾਂ ਨੂੰ ਦੋਹਰੇ ਕਤਲ ਦਾ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ।