ਚਾਲਕ ਕੋਲੋਂ ਟਰੱਕ ਖੋਹ ਕੇ ਲਿਜਾਣ ਵਾਲੇ ਤਿੰਨ ਗ੍ਰਿਫ਼ਤਾਰ
ਡਰਾਈਵਰ ਕੋਲੋਂ ਟਰੱਕ ਖੋਹ ਕੇ ਲਿਜਾਣ ਵਾਲੇ ਤਿੰਨ ਮੁਲਜ਼ਮ ਗ੍ਰਿਫਤਾਰ
Publish Date: Thu, 05 Mar 2026 06:48 PM (IST)
Updated Date: Fri, 06 Mar 2026 04:09 AM (IST)

- ਖੋਹਿਆ ਗਿਆ ਟਰੱਕ ਪੁਲਿਸ ਨੇ ਕੀਤਾ ਬਰਾਮਦ ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਥਾਨਕ ਗੁਰੂ ਵਿਹਾਰ ਇਲਾਕੇ ਵਿਚੋਂ ਟਰੱਕ ਡਰਾਈਵਰ ਕੋਲੋਂ ਉਸ ਦਾ ਟਰੱਕ ਖੋਹ ਕੇ ਲਿਜਾਣ ਵਾਲੀ ਵਾਰਦਾਤ ਦੀ ਪੜਤਾਲ ਕਰਦੇ ਹੋਏ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜੰਡਿਆਲੀ ਰੋਡ ਸਾਹਨੇਵਾਲ ਵਾਸੀ ਗੁਰਤੇਜ ਸਿੰਘ, ਰਣਜੀਤ ਸਿੰਘ ਤੇ ਸੋਨੀਪਤ ਹਰਿਆਣਾ ਵਾਸੀ ਲਵਦੀਪ ਸਿੰਘ ਵਜੋਂ ਹੋਈ ਹੈ। ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਟਰੱਕ ਚਾਲਕ ਪਿੰਡ ਪੰਜੇਟਾ ਵਾਸੀ ਹਰਚੰਦ ਸਿੰਘ ਦੇ ਬਿਆਨ ਉੱਪਰ ਪਰਚਾ ਦਰਜ ਕਰ ਕੇ ਇਸ ਵਾਰਦਾਤ ਦੀ ਪੜਤਾਲ ਦੌਰਾਨ ਇਹ ਕਾਮਯਾਬੀ ਹਾਸਲ ਕੀਤੀ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਹਰਚੰਦ ਸਿੰਘ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਟਰੱਕ ਚਲਾਉਣ ਦਾ ਕੰਮ ਕਰਦਾ ਹੈ। ਬੀਤੇ ਕਰੀਬ ਤਿੰਨ ਸਾਲ ਤੋਂ ਉਹ ਟਰੱਕ ਮਾਲਕ ਸਤਿੰਦਰ ਸਿੰਘ ਕੋਲ ਉਸ ਦੇ ਟਰੱਕ ਤੇ ਡਰਾਇਵਰੀ ਦਾ ਕੰਮ ਕਰ ਰਿਹਾ ਹੈ। ਸ਼ਿਕਾਇਤ ਕਰਤਾ ਮੁਤਾਬਕ 2 ਮਾਰਚ ਵਾਰਦਾਤ ਵਾਲੇ ਦਿਨ ਉਹ ਗੁਰੂ ਵਿਹਾਰ ਹੌਜਰੀ ਕੰਪਲੈਕਸ ਦੀ ਇੱਕ ਫੈਕਟਰੀ ਤੋਂ ਟਰੱਕ ਖਾਲੀ ਕਰਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਸਫੇਦ ਰੰਗ ਦੀ ਬਰੀਜਾ ਕਾਰ ਵਿੱਚ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਟਰੱਕ ਅੱਗੇ ਆਪਣੀ ਕਾਰ ਲਗਾ ਕੇ ਉਸ ਨੂੰ ਸੜਕ ਤੇ ਹੀ ਰੋਕ ਲਿਆ। ਕਾਰ ਵਿੱਚੋਂ ਉਤਰੇ ਉਕਤ ਤਿੰਨਾਂ ਕਾਰ ਸਵਾਰਾਂ ਨੇ ਉਸ ਕੋਲੋਂ ਉਸ ਦਾ ਟਰੱਕ ਖੋਹਿਆ ਅਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਇਸ ਵਾਰਦਾਤ ਦੀ ਜਾਣਕਾਰੀ ਟਰੱਕ ਮਾਲਕ ਸਤਿੰਦਰ ਸਿੰਘ ਨੂੰ ਦਿੱਤੀ ਅਤੇ ਵਾਰਦਾਤ ਸਬੰਧੀ ਥਾਣਾ ਬਸਤੀ ਜੋਧੇਵਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਥਾਣੇਦਾਰ ਸੁਖਵਿੰਦਰ ਸਿੰਘ ਮੁਤਾਬਕ ਉਕਤ ਮਾਮਲੇ ਵਿੱਚ ਪੁਲਿਸ ਨੇ ਪਰਚਾ ਦਰਜ ਕਰਕੇ ਪੜਤਾਲ ਦੌਰਾਨ ਡਰਾਇਵਰ ਹਰ ਚੰਦ ਸਿੰਘ ਕੋਲੋਂ ਖੋਹਿਆ ਗਿਆ ਟਰੱਕ ਅਤੇ ਵਾਰਦਾਤ ਵਿੱਚ ਇਸਤੇਮਾਲ ਹੋਈ ਬਰੀਜਾ ਕਾਰ ਸਮੇਤ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ।