ਰਾਏਕੋਟ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਰਾਏਕੋਟ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Publish Date: Tue, 10 Mar 2026 06:52 PM (IST)
Updated Date: Wed, 11 Mar 2026 04:10 AM (IST)

-09 ਸਕੂਲ ਵਿੱਚ ਚੈਕਿੰਗ ਕਰਦੇ ਹੋਏ ਜਾਂਚ ਅਧਿਕਾਰੀ। * ਵਿਦਿਆਰਥੀਆਂ ਤੇ ਸਟਾਫ਼ ਨੂੰ ਸੁਰੱਖਿਅਤ ਬਾਹਰ ਕੱਢਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਏਕੋਟ : ਸਥਾਨਕ ਦੋ ਨਿੱਜੀ ਸਕੂਲਾਂ ਰਾਏਕੋਟ ਪਬਲਿਕ ਸਕੂਲ ਤੇ ਇੰਡੋ-ਕੈਨੇਡੀਅਨ ਸਕੂਲ ਜਗਰਾਓਂ ਰੋਡ, ਬੱਸੀਆਂ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਉਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਮਗਰੋਂ ਸਕੂਲ ਸਟਾਫ ਵੱਲੋਂ ਇਸ ਧਮਕੀ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਹਰਕਤ ’ਚ ਆਇਆ ਤੇ ਐੱਸਪੀ (ਡੀ) ਰਾਜਨ ਸ਼ਰਮਾ, ਡੀਐੱਸਪੀ ਹਰਜਿੰਦਰ ਸਿੰਘ, ਡੀਐੱਸਪੀ ਸ਼ਿਵਕਮਲ ਸਿੰਘ ਦੀ ਅਗਵਾਈ ਹੇਠ ਬਣਾਈਆਂ ਗਈਆਂ ਸੁਰੱਖਿਆ ਬਲਾਂ ਦੀਆਂ ਟੀਮਾਂ ਨਾਲ ਦੋਨਾਂ ਸਕੂਲਾਂ ’ਚ ਪੁੱਜੇ ਅਤੇ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ ਅਤੇ ਬੰਬ ਨਿਰੋਧਕ ਦਸਤੇ ਅਤੇ ਖੋਜੀ ਕੁੱਤਿਆਂ ਦੀ ਮਦਦ ਨਾਲ ਸਕੂਲ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਸੁਰੱਖਿਆ ਨੂੰ ਮੁੱਖ ਰੱਖਦਿਆਂ ਸਕੂਲਾਂ ’ਚੋਂ ਵਿਦਿਆਰਥੀਆਂ ਤੇ ਸਟਾਫ਼ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਿਓਂ ਹੀ ਇਸ ਖ਼ਬਰ ਦੀ ਸੂਚਨਾ ਬੱਚਿਆਂ ਦੇ ਮਾਪਿਆਂ ਤੱਕ ਪੁੱਜੀ ਤਾਂ ਉਨ੍ਹਾਂ ’ਚ ਇਕਦਮ ਦਹਿਸ਼ਤ ਦਾ ਮਾਹੌਲ ਬਣ ਗਿਆ। ਜਿਸ ਕਾਰਨ ਮਾਪਿਆਂ ’ਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਇਸ ਸਬੰਧੀ ਡੀਐੱਸਪੀ ਰਾਏਕੋਟ ਹਰਜਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਥਿਤੀ ਕੰਟਰੋਲ ਹੇਠ ਹੈ। ਉਨ੍ਹਾਂ ਕਿਹਾ ਕਿ ਸਾਈਬਰ ਸੈੱਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਧਮਕੀ ਭਰਿਆ ਸੁਨੇਹਾ ਕਿੱਥੋਂ ਤੇ ਕਿਸ ਵੱਲੋਂ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਵੇਰੇ ਸਕੂਲ ਲੱਗਣ ਤੋਂ ਪਹਿਲਾਂ ਸਕੂਲ ਦੇ ਸਾਰੇ ਕਲਾਸ ਰੂਮਾਂ ਦੀ ਤਲਾਸ਼ੀ ਲਈ ਜਾਵੇ ਤੇ ਜੇਕਰ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ। ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਗੁਰਸੇਵਕ ਸਿੰਘ, ਥਾਣਾ ਸਦਰ ਦੇ ਇੰਚਾਰਜ ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।