ਮਨੀ ਐਕਸਚੇਂਜ ਦੇ ਦਫ਼ਤਰ ’ਚੋਂ ਹਜ਼ਾਰਾਂ ਅਮਰੀਕੀ ਡਾਲਰ ਚੋਰੀ
ਮਨੀ ਐਕਸਚੇਂਜ ਦੇ ਦਫਤਰ ਚੋਂ ਹਜ਼ਾਰਾਂ ਅਮਰੀਕੀ ਡਾਲਰ ਚੋਰੀ
Publish Date: Wed, 08 Apr 2026 08:11 PM (IST)
Updated Date: Thu, 09 Apr 2026 04:09 AM (IST)

* ਵੱਖ-ਵੱਖ ਵਿਅਕਤੀਆਂ ਦੇ ਨਾਮ ’ਤੇ ਬਿੱਲ ਕੱਟ ਕੇ ਕੀਤੇ ਸਨ ਡਾਲਰ ਚੋਰੀ * ਪੜਤਾਲ ਮਗਰੋਂ ਦਫ਼ਤਰ ’ਚ ਕੰਮ ਕਰਨ ਵਾਲੀ ਔਰਤ ਖਿਲਾਫ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਘੁਮਾਰ ਮੰਡੀ ਇਲਾਕੇ ’ਚ ਪੈਂਦੇ ਇਕ ਮਨੀ ਐਕਸਚੇਂਜ ਦੇ ਦਫ਼ਤਰ ’ਚੋਂ 16,500 ਅਮਰੀਕੀ ਡਾਲਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਦਫ਼ਤਰ ਦੇ ਅਧਿਕਾਰੀਆਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਦਫ਼ਤਰ ’ਚ ਕੰਮ ਕਰਨ ਵਾਲੀ ਇਕ ਮਹਿਲਾ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ-8 ਦੀ ਪੁਲਿਸ ਨੇ ਸਤਜੋਤ ਨਗਰ ਧਾਂਦਰਾ ਰੋਡ ਦੀ ਰਹਿਣ ਵਾਲੀ ਪ੍ਰਿਤਪਾਲ ਕੌਰ ਦੀ ਸ਼ਿਕਾਇਤ ’ਤੇ ਗੋਂਦਵਾਲ ਲੁਧਿਆਣਾ ਦੀ ਵਾਸੀ ਅੰਮ੍ਰਿਤ ਪ੍ਰੀਤ ਕੌਰ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਪ੍ਰਿਤਪਾਲ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਘੁਮਾਰ ਮੰਡੀ ਸਥਿਤ ਨਿਊ ਸ਼ੋਪਿੰਗ ਸੈਂਟਰ ਦੇ ਅੱਪਰ ਗਰਾਊਂਡ ਫਲੋਰ ਤੇ ਮਨੀ ਐਕਸਚੇਂਜ ਦਾ ਦਫਤਰ ਚਲਾਉਂਦੇ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਅੰਮ੍ਰਿਤਪ੍ਰੀਤ ਕੌਰ ਦਫਤਰ ’ਚ ਬਤੌਰ ਕੈਸ਼ੀਅਰ ਕੰਮ ਕਰਦੀ ਸੀ। ਕੁਝ ਸਮਾਂ ਪਹਿਲੋਂ ਇਹ ਪਤਾ ਲੱਗਿਆ ਕਿ ਦਫਤਰ ਚੋਂ ਲਗਾਤਾਰ ਅਮਰੀਕੀ ਡਾਲਰ ਗਾਇਬ ਹੋ ਰਹੇ ਹਨ। ਜਾਂਚ ਕਰਨ ਤੇ ਪਤਾ ਲੱਗਾ ਕਿ ਮਹਿਲਾ ਅੰਮ੍ਰਿਤਪ੍ਰੀਤ ਕੌਰ ਨੇ 16,500 ਅਮਰੀਕੀ ਡਾਲਰ ਖੁਰਦ ਬੁਰਦ ਕੀਤੇ ਹਨ। ਸ਼ਿਕਾਇਤਕਰਤਾ ਮੁਤਾਬਕ ਔਰਤ ਨੇ ਵੱਖ-ਵੱਖ ਵਿਅਕਤੀਆਂ ਦੇ ਨਾਮ ਤੇ ਬਿੱਲ ਕੱਟ ਕੇ ਡਾਲਰ ਚੋਰੀ ਕਰ ਲਏ ਸਨ। ਉਧਰੋਂ, ਇਸ ਮਾਮਲੇ ’ਚ ਜਾਂਚ ਅਧਿਕਾਰੀ ਅਸ਼ੀਸ਼ ਨੇ ਦੱਸਿਆ ਕਿ ਪੁਲਿਸ ਨੇ ਪ੍ਰਿਤਪਾਲ ਕੌਰ ਦੀ ਸ਼ਿਕਾਇਤ ਤੇ ਅੰਮ੍ਰਿਤਪ੍ਰੀਤ ਕੌਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।