‘ਚਿੱਟੇ’ ਕਾਰਨ ਪੁੱਤ, ਪਤੀ ਤੇ ਭਰਾ ਗੁਆਉਣ ਵਾਲੇ ਆਏ ਸੜਕਾਂ ’ਤੇ
‘ਚਿੱਟੇ’ ਕਾਰਨ ਪੁੱਤ, ਪਤੀ ਅਤੇ ਭਰਾ ਗਵਾਉਣ ਵਾਲੇ ਆਏ ਸੜਕਾਂ ’ਤੇ
Publish Date: Mon, 08 Jun 2026 07:14 PM (IST)
Updated Date: Tue, 09 Jun 2026 04:08 AM (IST)

-‘ਸਾਡਾ ਕੀ ਕਸੂਰ ਪੈਰ-ਪੈਰ ’ਤੇ ਮਿਲਦੇ ‘ਚਿੱਟੇ’ ਨੇ ਉਜਾੜੀਆਂ ਕੁੱਖਾਂ’ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ’ਚ ‘ਚਿੱਟੇ’ ਕਾਰਨ ਪੁੱਤ, ਪਤੀ ਅਤੇ ਭਰਾ ਗਵਾਉਣ ਵਾਲੇ ਪਰਿਵਾਰ ਅੱਜ ਸੜਕਾਂ ’ਤੇ ਉਤਰ ਆਏ। ਇਨ੍ਹਾਂ ਪਰਿਵਾਰਾਂ ਨੇ ਪੈਰ ਪੈਰ ’ਤੇ ਵਿਕਦੇ ਚਿੱਟੇ ਦੀ ਦੁਹਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਕੀ ਕਸੂਰ ਜਦੋਂ ਹੱਟੀਆਂ ’ਤੇ ਕਰਿਆਨੇ ਵਾਂਗ ਚਿੱਟੇ ਦੀ ਹੋਮ ਡਿਲਵਰੀ ਹੁੰਦੀ ਹੈ ਤਾਂ ਉਨ੍ਹਾਂ ਦੇ ਪੁੱਤਾਂ ਨੂੰ ਇਹ ਚਿੱਟਾ ਸਰਕਾਰ ਦੀਆਂ ਨਾਕਾਮੀਆਂ ਕਾਰਨ ਨਿਗਲ ਗਿਆ। ਹੁਣ ਸਰਕਾਰਾਂ ਚਿੱਟੇ ਦੀ ਸਰਪ੍ਰਸਤੀ ਕਰਨ ਵਾਲਿਆਂ ਦਾ ਪਰਦਾਫਾਸ਼ ਕਰੇ ਅਤੇ ਉਨ੍ਹਾਂ ਨੂੰ ਮੁਆਵਜ਼ਾ ਜਾਰੀ ਕਰੇ। ਸੋਮਵਾਰ ਨੂੰ ਪੇਂਡੂ ਮਜ਼ਦੂਰਾਂ ਯੂਨੀਅਨ ਦੀ ਅਗਵਾਈ ਹੇਠ ਚਿੱਟੇ ਖ਼ਿਲਾਫ਼ ਕੱਢੇ ਗਏ ਰੋਸ ਮਾਰਚ ਵਿਚ ਪੰਜਾਬ ਦੇ ਕਈ ਸ਼ਹਿਰਾਂ ਤੋਂ ਇਲਾਵਾ ਇਲਾਕੇ ਭਰ ਤੋਂ ‘ਚਿੱਟੇ’ ਨਾਲ ਨੌਜਵਾਨ ਗਵਾਉਣ ਵਾਲੇ ਪਰਿਵਾਰਕ ਮੈਂਬਰ ਵੱਡੀ ਗਿਣਤੀ ’ਚ ਉਨ੍ਹਾਂ ਦੀਆਂ ਤਸਵੀਰਾਂ ਲੈ ਕੇ ਸ਼ਾਮਲ ਹੋਏ। ਇਸ ਰੋਸ ਮਾਰਚ ਵਿਚ ਪੇਂਡੂ ਮਜ਼ਦੂਰ ਯੂਨੀਅਨ ਨੇ ਚਿੱਟੇ ਦੇ ਤੇਜੀ ਨਾਲ ਪਸਾਰੇ ਜਾ ਰਹੇ ਪੈਰ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਤਸਕਰ, ਪੁਲਿਸ ਅਤੇ ਸਿਆਸੀ ਗੱਠਜੋੜ ਮਾਵਾਂ ਦੇ ਪੁੱਤ ਖਾ ਰਿਹਾ ਹੈ। ਅਜਿਹੇ ਵਿਚ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਇੱਕ ਰਾਜਨੀਤਿਕ ਨਾਅਰਾ ਬਣ ਕੇ ਰਹਿ ਗਿਆ ਹੈ। ਸਰਕਾਰ ਜਵਾਬ ਦੇਵੇ, ਨਸ਼ਾ ਬੰਦ ਹੋ ਗਿਆ। ਜੇ ਨਹੀਂ ਤਾਂ ਯੁੱਧ ਨਸ਼ਿਆਂ ਵਿਰੁੱਧ ਦਾ ਕੀ ਫਾਇਦਾ। ਸੂਬੇ ਵਿੱਚ ਦਿਨੋਂ ਦਿਨ ਫ਼ੈਲ ਰਹੀ ਚਿੱਟੇ ਦੇ ਭਿਆਨਕ ਨਸ਼ੇ ਦੀ ਤਸਕਰੀ ਨੌਜਵਾਨ ਮੁੰਡਿਆਂ ਨੂੰ ਆਪਣੀ ਖ਼ਤਰਨਾਕ ਲਪੇਟ ਵਿੱਚ ਲੈਕੇ ਜਿੱਥੇ ਕੁਰਾਹੇ ਪਾ ਰਹੀ ਹੈ ਉੱਥੇ ਇਸ ਨਸ਼ੇ ਦੀ ਭਿਆਨਕ ਜਕੜ ਵਿਚ ਆ ਕੇ ਬਹੁਤ ਸਾਰੇ ਨੌਜਵਾਨ ਮੁੰਡੇ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਜਿਨ੍ਹਾਂ ਨੌਜਵਾਨਾਂ ਨੇ ਆਪਣੇ ਮਾਂ ਬਾਪ ਦਾ ਸਹਾਰਾ ਬਣਨਾ ਸੀ, ਉਹ ਚਿੱਟੇ ਦੀ ਭਿਆਨਕ ਦਲਦਲ ਵਿੱਚ ਖੁੱਬ ਕੇ ਮਾਪਿਆਂ ਲਈ ਮੁਸੀਬਤ ਬਣ ਰਹੇ ਹਨ। ਚਿੱਟੇ ਦੇ ਇਸ ਭਿਆਨਕ ਦੈਂਤ ਨੇ ਇਲਾਕੇ ਦੇ ਦਰਜਨਾਂ ਮੁੰਡਿਆਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਹੈ। ਇਸ ਚਿੱਟੇ ਦੇ ਜ਼ਹਿਰ ਕਾਰਨ ਖ਼ਾਸ ਕਰਕੇ ਮਜ਼ਦੂਰ ਵਿਹੜਿਆਂ ਵਿੱਚ ਭੰਗ ਭੁੱਜ ਰਹੀ ਹੈ। ਸਥਾਨਕ ਬੱਸ ਸਟੈਂਡ ’ਤੇ ਰੋਸ ਰੈਲੀ ਤੋਂ ਬਾਅਦ ਇਹ ਇਕੱਠ ਰੋਸ ਮਾਰਚ ਦੇ ਰੂਪ ਵਿਚ ਐਸਡੀਐਮ ਦਫ਼ਤਰ ਪੁੱਜਾ, ਜਿੱਥੇ ਉਨ੍ਹਾਂ ਨਾਇਬ ਤਹਿਸੀਲਦਾਰ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ। ਰੋਸ ਮੁਜਾਹਰੇ ਵਿੱਚ ਚਿੱਟੇ ਕਾਰਨ ਮਰਨ ਵਾਲੇ ਨੌਜਵਾਨਾਂ ਦੇ ਮਾਂ ਬਾਪ, ਪਤਨੀਆਂ ਅਤੇ ਉਨ੍ਹਾਂ ਦੇ ਬੱਚੇ ਭਰੇ ਮਨ ਨਾਲ ਉਨ੍ਹਾਂ ਦੀਆਂ ਤਸਵੀਰਾਂ ਚੁੱਕ ਕੇ ਸ਼ਾਮਿਲ ਹੋਏ ਜਿਸ ਨੇ ਮਹੌਲ ਨੂੰ ਗਮਗੀਨ ਬਣਾ ਦਿੱਤਾ। ਇਸ ਮੌਕੇ ਜੱਥੇਬੰਦੀ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ, ਕੁਲਵੰਤ ਸਿੰਘ ਸਹੋਤਾ, ਗੁਰਮੀਤ ਸਿੰਘ ਮੱਲਾ, ਡਾ. ਪਾਲ ਸਿੰਘ ਅਤੇ ਮਜ਼ਦੂਰ ਆਗੂ ਕੁਲਵੰਤ ਸਿੰਘ ਨੇ ਮੰਗ ਕੀਤੀ ਕਿ ਚਿੱਟਾ ਤਸਕਰ ਲੀਡਰਾਂ ਅਤੇ ਪੁਲਿਸ ਗੱਠਜੋੜ ਨੂੰ ਨੰਗਾ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਚਿੱਟੇ ਕਾਰਨ ਮੌਤ ਦੇ ਮੂੰਹ ਗਏ ਨੌਜਵਾਨਾਂ ਦੇ ਮਾਪਿਆਂ ਤੇ ਪਤਨੀਆਂ ਲਈ 10-10 ਲੱਖ ਰੁਪਏ ਦਾ ਮੁਆਵਜ਼ਾ ਅਤੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਨਸ਼ਾ ਛੁਡਾਊ ਕੇਂਦਰਾਂ ਦੀ ਗਿਣਤੀ ਵਧਾ ਕੇ ਉਥੇ ਡਾਕਟਰਾਂ, ਕਾਊਂਸਲਿੰਗ, ਦਵਾਈਆਂ ਅਤੇ ਚੰਗੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ। ਚਿੱਟੇ ਦੇ ਆਦੀ ਨੌਜਵਾਨਾਂ ਨੂੰ ਪਰਚਿਆਂ ਵਿੱਚ ਉਲਝਾਉਣ ਦੀ ਬਜਾਏ ਸੁਧਾਰ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਂਦਾ ਜਾਵੇ। ਚਿੱਟੇ ਦੇ ਵੱਡੇ ਸੌਦਾਗਰਾ ਉਪਰ ਸਖਤ ਕਾਰਵਾਈ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਕਰਮ ਸਿੰਘ, ਜਗਤਾਰ ਸਿੰਘ, ਗੁਰਚਰਨ ਸਿੰਘ, ਅਜੈਬ ਸਿੰਘ, ਬਖਤੌਰਾ ਸਿੰਘ, ਗੁਰਚਰਨ ਸਿੰਘ ਜੱਟੂ, ਹਰਦੇਵ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ ਗਰੇਵਾਲ, ਜਸਵੰਤ ਸਿੰਘ, ਇੰਦਰਜੀਤ ਸਿੰਘ, ਕੁਲਜਿੰਦਰ ਸਿੰਘ, ਜ਼ੋਰਾ ਸਿੰਘ, ਕਿਰਨਜੋਤ ਕੌਰ, ਜਸਵੀਰ ਕੌਰ, ਕੁਲਦੀਪ ਕੌਰ, ਜੰਟਾ ਸਿੰਘ, ਕੌਰਾ ਸਿੰਘ ਅਤੇ ਬੂੜਾ ਸਿੰਘ ਆਦਿ ਹਾਜ਼ਰ ਸਨ।