ਚੋਰਾਂ ਨੇ ਪਾਵਰਕਾਮ ਦਫ਼ਤਰ ਨੂੰ ਬਣਾਇਆ ਨਿਸ਼ਾਨਾ
ਬੱਸੀਆਂ ’ਚ ਚੋਰਾਂ ਨੇ ਪਾਵਰਕਾਮ ਦਫ਼ਤਰ ਨੂੰ ਬਣਾਇਆ ਨਿਸ਼ਾਨਾ
Publish Date: Mon, 02 Mar 2026 07:23 PM (IST)
Updated Date: Tue, 03 Mar 2026 04:09 AM (IST)

ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ, ਰਾਏਕੋਟ : ਨੇੜਲੇ ਪਿੰਡ ਬੱਸੀਆਂ ਵਿੱਚ ਸਥਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀਐੱਸਪੀਸੀਐੱਲ) ਦੇ ਸਬ-ਡਵੀਜ਼ਨਲ ਦਫ਼ਤਰ ਨੂੰ ਅਣਪਛਾਤੇ ਚੋਰਾਂ ਨੇ ਰਾਤ ਦੇ ਸਮੇਂ ਨਿਸ਼ਾਨਾ ਬਣਾਇਆ। ਸਵੇਰੇ ਦਫ਼ਤਰ ਖੋਲ੍ਹਣ ’ਤੇ ਅਧਿਕਾਰੀਆਂ ਨੂੰ ਚੋਰੀ ਦੀ ਵਾਰਦਾਤ ਦਾ ਪਤਾ ਲੱਗਾ, ਜਿਸ ਨਾਲ ਇਲਾਕੇ ਵਿੱਚ ਹਲਕੀ ਚਿੰਤਾ ਫੈਲ ਗਈ ਹੈ। ਐੱਸਡੀਓ ਸੁਖਮਿੰਦਰ ਸਿੰਘ, ਜਗਮੋਹਨ ਸਿੰਘ ਛੱਜਾਵਾਲ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਆਰ.ਏ. ਰੂਮ, ਕਲਰਕ ਰੂਮ ਅਤੇ ਤਿੰਨ ਹੋਰ ਕਮਰਿਆਂ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ। ਉਨ੍ਹਾਂ ਨੇ ਮੇਜ਼ਾਂ ਦੇ ਦਰਾਜ਼ ਖੋਲ੍ਹ ਕੇ ਫਰੋਲਾ-ਫਰਾਲੀ ਕੀਤੀ ਅਤੇ ਇਨਵਰਟਰ ਸਮੇਤ ਹੋਰ ਕੀਮਤੀ ਉਪਕਰਨ ਚੋਰੀ ਕਰਕੇ ਫਰਾਰ ਹੋ ਗਏ। ਖੁਸ਼ਕਿਸਮਤੀ ਨਾਲ ਐੱਸਡੀਓ ਦੇ ਕਮਰੇ ਦਾ ਤਾਲਾ ਨਹੀਂ ਟੁੱਟਿਆ, ਜਿਸ ਕਾਰਨ ਲੈਪਟਾਪ ਅਤੇ ਮਹੱਤਵਪੂਰਨ ਦਫ਼ਤਰੀ ਕਾਗਜ਼ ਸੁਰੱਖਿਅਤ ਰਹੇ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਡੀਓ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਥਾਣਾ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਚੋਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਕੀਤੀ ਜਾ ਸਕੇ। ਪਿੰਡ ਵਿਚਕਾਰ ਸਥਿਤ ਇਸ ਸਰਕਾਰੀ ਦਫ਼ਤਰ ਵਿੱਚ ਚੋਰੀ ਦੀ ਘਟਨਾ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਲਾਕਾ ਵਾਸੀਆਂ ਨੇ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਅਤੇ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਤੇ ਚੋਰੀਸ਼ੁਦਾ ਸਾਮਾਨ ਬਰਾਮਦ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।