ਬੰਦ ਪਏ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਬੰਦ ਪਏ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
Publish Date: Tue, 03 Mar 2026 07:14 PM (IST)
Updated Date: Wed, 04 Mar 2026 04:12 AM (IST)

* 500 ਆਸਟ੍ਰਲੀਅਨ ਡਾਲਰ, ਸੋਨੇ ਚਾਂਦੀ ਦੇ ਗਹਿਣੇ , ਭਾਰਤੀ ਕਰੰਸੀ ਅਤੇ ਸੁੱਕੇ ਮੇਵਿਆਂ ਤੇ ਕੀਤਾ ਹੱਥ ਸਾਫ * ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਤੇ ਇੱਕ ਨੌਜਵਾਨ ਅਤੇ ਦੋ ਔਰਤਾਂ ਖਿਲਾਫ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਰਕਾਰੀ ਵਿਭਾਗ ਤੋਂ ਸੇਵਾ ਮੁਕਤ ਹੋਏ ਬਜ਼ੁਰਗ ਵਿਅਕਤੀ ਦੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਆਸਟਰੇਲੀਅਨ ਡਾਲਰ ਭਾਰਤੀ ਕਰੰਸੀ ਸੋਨੇ ਚਾਂਦੀ ਦੇ ਗਹਿਣੇ ਅਤੇ ਸੁੱਕੇ ਮੇਵਿਆਂ ਤੇ ਹੱਥ ਸਾਫ ਕਰ ਦਿੱਤਾ। ਚੋਰੀ ਦੀ ਇਸ ਵਾਰ ਦਾ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਉਹ ਰਿਸ਼ਤੇਦਾਰੀ ਚੋਂ ਆਪਣੇ ਘਰ ਪਰਤੇ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਜਨਤਾ ਨਗਰ ਗਿੱਲ ਰੋਡ ਦੇ ਰਹਿਣ ਵਾਲੇ ਸੰਪੂਰਨ ਸਿੰਘ ਦੀ ਸ਼ਿਕਾਇਤ ਤੇ ਇੱਕ ਨੌਜਵਾਨ ਅਤੇ ਦੋ ਅਣਪਛਾਤੀਆਂ ਔਰਤਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜਮਾਂ ਦੀ ਤਲਾਸ਼ ਕਰ ਰਹੀ ਹੈ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਜਨਤਾ ਨਗਰ ਦੇ ਵਾਸੀ ਸੰਪੂਰਨ ਸਿੰਘ ਨੇ ਦੱਸਿਆ ਕਿ ਉਸਦੀ ਬੇਟੀ ਆਸਟਰੇਲੀਆ ਵਿੱਚ ਰਹਿੰਦੀ ਹੈ। ਲੜਕੀ ਵੱਲੋਂ ਭੇਜੇ ਗਏ 500 ਆਸਟਰੇਲੀਅਨ ਡਾਲਰ, 2 ਲੱਖ ਰੁਪਏ ਦੀ ਭਾਰਤੀ ਕਰੰਸੀ, ਸੋਨੇ ਦੇ ਦੋ ਪੈਂਡਲ, ਇੱਕ ਸੋਨੇ ਦੀ ਮੁੰਦਰੀ, 10 ਗ੍ਰਾਮ ਦਾ ਚਾਂਦੀ ਦਾ ਸਿੱਕਾ, ਦੋ ਕਿਲੋ ਬਦਾਮ , ਦੋ ਕਿਲੋ ਪਕਾਨ ਡਰਾਈ ਫਰੂਟ ਅਤੇ ਕੁਝ ਹੋਰ ਸਮਾਨ ਘਰ ਵਿੱਚ ਪਿਆ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਘਰ ਨੂੰ ਤਾਲੇ ਲਗਾ ਕੇ ਕੁਝ ਦਿਨ ਪਹਿਲਾਂ ਘਰ ਤੋਂ ਬਾਹਰ ਗਏ ਸਨ। ਸੰਪੂਰਨ ਸਿੰਘ ਹੁਣ ਜਦ ਘਰ ਤੋਂ ਵਾਪਸ ਆਏ ਤਾਂ ਸਮਾਨ ਖਿੱਲਰਿਆ ਦੇਖ ਉਹਨਾਂ ਦੇ ਹੋਸ਼ ਛੁੱਟ ਗਏ। ਘਰ ਵਿੱਚ ਪਿਆ ਉਕਤ ਸਮਾਨ ਚੋਰੀ ਹੋ ਚੁੱਕਾ ਸੀ। ਉਨਾਂ ਨੇ ਜਦ ਘਰ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਤੇ ਝਾਤੀ ਮਾਰੀ ਤਾਂ ਸਾਹਮਣੇ ਆਇਆ ਕਿ ਉਨਾਂ ਦੀ ਗੈਰ ਹਾਜ਼ਰੀ ਵਿੱਚ ਇੱਕ ਨੌਜਵਾਨ ਅਤੇ ਦੋ ਔਰਤਾਂ ਘਰ ਦੇ ਅੰਦਰ ਦਾਖਲ ਹੋਈਆਂ ਅਤੇ ਕਮਰੇ ਵਿੱਚ ਪਈਆਂ ਅਲਮਾਰੀਆਂ ਵਿੱਚੋਂ ਸਾਰਾ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਈਆਂ। ਉਧਰੋਂ ਜਾਂਚ ਅਧਿਕਾਰੀ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੰਪੂਰਨ ਸਿੰਘ ਦੀ ਸ਼ਿਕਾਇਤ ਤੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। --