ਸਕੂਲ ’ਚ ਮੱਥਾ ਟੇਕ ਕੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ
ਸਕੂਲ ’ਚ ਅੱਧੀ ਰਾਤ ਨੂੰ ਚੋਰੀ, ਮੁਲਜ਼ਮਾਂ ਨੇ ਮੱਥਾ ਟੇਕ ਕੇ ਦਿੱਤਾ ਵਾਰਦਾਤ ਨੂੰ ਅੰਜਾਮ
Publish Date: Wed, 18 Mar 2026 10:18 PM (IST)
Updated Date: Thu, 19 Mar 2026 04:13 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਥਾਣਾ ਡੇਹਲੋਂ ਇਲਾਕੇ ਦੇ ਪਿੰਡ ਨੰਗਲ ਸਥਿਤ ਪੈਰਾਗੋਨ ਇੰਟਰਨੈਸ਼ਨਲ ਸਕੂਲ ’ਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਦਿੰਦਿਆਂ ਸਕੂਲ ’ਚ ਤਾਇਨਾਤ ਅਧਿਆਪਕ ਮਨਪਾਲ ਸਿੰਘ ਵਾਸੀ ਕਿਲਾ ਰਾਏਪੁਰ ਨੇ ਦੱਸਿਆ ਕਿ ਤੜਕੇ ਕਰੀਬ 3:05 ਵਜੇ 4 ਅਣਪਛਾਤੇ ਮੁਲਜ਼ਮ ਸਕੂਲ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਮੁਲਜ਼ਮਾਂ ਦੀਆਂ ਤਸਵੀਰਾਂ ਸਾਫ਼ ਤੌਰ ’ਤੇ ਕੈਦ ਹੋ ਗਈਆਂ। ਫੁਟੇਜ ’ਚ ਵੇਖਿਆ ਜਾ ਸਕਦਾ ਹੈ ਕਿ ਮੁਲਜ਼ਮ ਪਹਿਲਾਂ ਸਕੂਲ ਵਿੱਚ ਦਾਖਲ ਹੋਣ ਤੋਂ ਬਾਅਦ ਮੱਥਾ ਟੇਕਦੇ ਹਨ ਤੇ ਫਿਰ ਬਿਨ੍ਹਾਂ ਕਿਸੇ ਡਰ ਦੇ ਕਮਰਿਆਂ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋ ਜਾਂਦੇ ਹਨ। ਮੁਲਜ਼ਮਾਂ ਨੇ ਅਲਮਾਰੀਆਂ ਅਤੇ ਦਰਾਜ਼ਾਂ ਨੂੰ ਖੰਗਾਲਦੇ ਹੋਏ ਉਨ੍ਹਾਂ ਵਿੱਚ ਪਈ ਨਕਦੀ, ਲੈਨੋਵੋ ਕੰਪਨੀ ਦੇ 2 ਟੈਬਲੇਟ, ਬਲੂਟੂਥ ਸਪੀਕਰ, ਕਾਲਰ ਮਾਈਕ ਅਤੇ ਬੱਚਿਆਂ ਲਈ ਰੱਖੇ ਗਿਫਟ ਚੋਰੀ ਕਰ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਿਆ ਜਦੋਂ ਸਕੂਲ ਸਟਾਫ ਮੌਕੇ ’ਤੇ ਪਹੁੰਚਿਆ ਅਤੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਮਿਲੇ। ਇਸ ਤੋਂ ਬਾਅਦ ਸੀਸੀਟੀਵੀ ਫੁਟੇਜ ਚੈੱਕ ਕਰਨ ’ਤੇ ਪੂਰੀ ਵਾਰਦਾਤ ਸਾਹਮਣੇ ਆਈ। ਪੁਲਿਸ ਨੇ ਮਨਪਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਚੋਰੀ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।