ਢਾਬੇ ’ਚ ਚੋਰੀ, ਸੀਸੀਟੀਵੀ ’ਚ ਕੈਦ ਹੋਈ ਵਾਰਦਾਤ
ਢਾਬੇ ਵਿੱਚ ਚੋਰੀ, ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਵਾਰਦਾਤ ਦੀਆਂ ਤਸਵੀਰਾਂ
Publish Date: Wed, 15 Apr 2026 09:06 PM (IST)
Updated Date: Thu, 16 Apr 2026 04:10 AM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਦਰੇਸੀ ਇਲਾਕੇ ਦੇ ਇਕ ਢਾਬੇ ’ਚ ਚਿੱਟੇ ਦਿਨ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਦਿੰਦਿਆਂ ਢਾਬਾ ਮਾਲਕ ਸੌਰਭ ਨੇ ਦੱਸਿਆ ਕਿ ਸਵੇਰੇ ਸਫਾਈ ਕਰਮਚਾਰੀ ਰੋਜ਼ਾਨਾ ਵਾਂਗ ਆਪਣਾ ਕੰਮ ਖ਼ਤਮ ਕਰ ਕੇ ਸ਼ਟਰ ਬੰਦ ਕਰਨ ਤੋਂ ਬਾਅਦ ਬਾਹਰ ਚਲਾ ਗਿਆ, ਜਦਕਿ ਅੰਦਰ ਦੋ ਕਾਰੀਗਰ ਭਾਂਡੇ ਮਾਂਜਣ ’ਚ ਰੁੱਝੇ ਹੋਏ ਸਨ। ਇਸੇ ਦੌਰਾਨ ਬੜੇ ਹੀ ਸ਼ਾਤਰ ਢੰਗ ਨਾਲ ਢਾਬੇ ਅੰਦਰ ਦਾਖ਼ਲ ਹੋਏ ਇਕ ਨੌਜਵਾਨ ਨੇ ਕੀਮਤੀ ਸਾਮਾਨ ਤੇ ਨਕਦੀ ਚੋਰੀ ਕਰ ਲਈ। ਕੁਝ ਸਮੇਂ ਬਾਅਦ ਜਦ ਢਾਬੇ ਦਾ ਮਾਲਕ ਅੰਦਰ ਵੜਿਆ ਤਾਂ ਉਸ ਨੂੰ ਇੰਜ ਜਾਪਿਆ ਕਿ ਅੰਦਰ ਹਲਚਲ ਹੋਈ ਹੈ। ਉਸ ਨੇ ਜਦੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਤਸਵੀਰਾਂ ਵਿੱਚ ਸਾਫ ਨਜ਼ਰ ਆ ਰਿਹਾ ਸੀ ਕਿ ਅਣਪਛਾਤਾ ਨੌਜਵਾਨ ਅੱਖ ਬਚਾ ਕੇ ਢਾਬੇ ਅੰਦਰ ਦਾਖ਼ਲ ਹੋ ਗਿਆ। ਅੰਦਰ ਦਾਖਲ ਹੁੰਦੇ ਹੀ ਉਸ ਨੇ ਪਹਿਲਾਂ ਰਸੋਈ ’ਚ ਜਾ ਕੇ ਗੈਸ ਸਿਲੰਡਰ ਨੂੰ ਚੁੱਲ੍ਹੇ ਤੋਂ ਅਲੱਗ ਕੀਤਾ, ਤਾਂ ਜੋ ਬਾਹਰ ਨਿਕਲਦੇ ਸਮੇਂ ਕੋਈ ਰੁਕਾਵਟ ਨਾ ਆਵੇ। ਇਸ ਤੋਂ ਬਾਅਦ ਦੋਸ਼ੀ ਸਿੱਧਾ ਮੇਨ ਕੈਬਿਨ ’ਚ ਪਹੁੰਚਿਆ, ਜਿੱਥੇ ਉਸ ਨੇ ਇੱਕ ਮੋਬਾਇਲ ਚੁੱਕਿਆ, ਪਰ ਫਿਰ ਵਾਪਸ ਰੱਖ ਦਿੱਤਾ। ਬਾਅਦ ’ਚ ਉਸ ਨੇ ਗੱਲੇ ਤੇ ਬੈਗ ਨੂੰ ਖੰਗਾਲਦਿਆਂ ਕਰੀਬ 12 ਹਜ਼ਾਰ ਰੁਪਏ ਨਕਦ, ਇਕ ਓਪੋ ਦਾ ਸਮਾਰਟ ਫੋਨ ਤੇ ਇਕ ਮਿੰਨੀ ਪਰਸ ਚੋਰੀ ਕਰ ਲਿਆ, ਜਿਸ ਪਰਸ ’ਚ ਕ੍ਰੈਡਿਟ ਤੇ ਏਟੀਐੱਮ ਕਾਰਡ ਸਨ। ਘਟਨਾ ਤੋਂ ਬਾਅਦ ਪੀੜਤ ਦੁਕਾਨਦਾਰ ਨੇ ਚੋਰੀ ਨਾਲ ਸਬੰਧਤ ਸੀਸੀ ਟੀਵੀ ਫੁਟੇਜ ਪੁਲਿਸ ਨੂੰ ਸੌਂਪਦੇ ਹੋਏ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।