ਡੇਅਰੀ ਦਾ ਸ਼ਟਰ ਤੋੜ ਕੇ ਚੋਰੀ, ਤਿੰਨ ਬਦਮਾਸ਼ਾਂ ਦੀਆਂ ਤਸਵੀਰਾਂ ਸੀਸੀਟੀਵੀ ’ਚ ਕੈਦ
ਡੇਅਰੀ ਦਾ ਸ਼ਟਰ ਤੋੜ ਕੇ ਚੋਰੀ, ਤਿੰਨ ਬਦਮਾਸ਼ਾਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਹੋਈਆਂ ਕੈਦ
Publish Date: Fri, 13 Mar 2026 09:37 PM (IST)
Updated Date: Fri, 13 Mar 2026 09:39 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸੈਕਟਰ-32 ਦੀ ਮਾਰਕੀਟ ਵਿੱਚ ਸਥਿਤ ਇੱਕ ਡੇਅਰੀ ਦਾ ਸ਼ਟਰ ਤੋੜ ਕੇ ਤਿੰਨ ਬਦਮਾਸ਼ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਇਹ ਵਾਰਦਾਤ ਸ਼ੁੱਕਰਵਾਰ ਤੜਕੇ ਕਰੀਬ 3 ਵਜੇ ਦੀ ਦੱਸੀ ਜਾ ਰਹੀ ਹੈ ਅਤੇ ਪੂਰੀ ਘਟਨਾ ਦੀਆਂ ਤਸਵੀਰਾਂ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਸੈਕਟਰ 32 ਵਾਸੀ ਰਾਜੇਸ਼ ਠਕੁਰਾਲ ਨੇ ਦੱਸਿਆ ਕਿ ਉਸ ਦੀ ਮਾਰਕੀਟ ਵਿੱਚ ‘ਨਾਰਾਇਣ ਡੇਅਰੀ’ ਦੇ ਨਾਮ ਦੀ ਦੁਕਾਨ ਹੈ। ਸ਼ੁੱਕਰਵਾਰ ਸਵੇਰੇ ਇੱਕ ਗੁਆਂਢੀ ਨੇ ਫ਼ੋਨ ਕਰ ਕੇ ਸੂਚਨਾ ਦਿੱਤੀ ਕਿ ਉਸ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਇਸ ਦੀ ਜਾਣਕਾਰੀ ਮਿਲਣ ’ਤੇ ਉਹ ਤੁਰੰਤ ਮੌਕੇ ’ਤੇ ਪਹੁੰਚੇ। ਅੰਦਰ ਜਾ ਕੇ ਵੇਖਿਆ ਤਾਂ ਦੁਕਾਨ ਦਾ ਸਾਮਾਨ ਇੱਧਰ-ਉੱਧਰ ਖਿਲਰਿਆ ਪਿਆ ਸੀ। ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਲੱਗਾ ਕਿ ਬਾਈਕ ’ਤੇ ਸਵਾਰ ਤਿੰਨ ਬਦਮਾਸ਼ ਦੁਕਾਨ ਦੇ ਬਾਹਰ ਆਏ ਸਨ। ਇਨ੍ਹਾਂ ਵਿੱਚੋਂ ਇੱਕ ਬਾਹਰ ਖੜ੍ਹਾ ਹੋ ਕੇ ਨਿਗਰਾਨੀ ਕਰਦਾ ਰਿਹਾ, ਜਦਕਿ ਬਾਕੀ ਦੋ ਨੇ ਸ਼ਟਰ ਦੇ ਤਾਲੇ ਤੋੜ ਦਿੱਤੇ। ਤਾਲੇ ਤੋੜਨ ਤੋਂ ਬਾਅਦ ਦੋਵੇਂ ਮੁਲਜ਼ਮ ਦੁਕਾਨ ਦੇ ਅੰਦਰ ਦਾਖ਼ਲ ਹੋਏ ਅਤੇ ਗੱਲਾ ਤੋੜ ਕੇ ਕਰੀਬ 30 ਹਜ਼ਾਰ ਰੁਪਏ ਦੀ ਨਕਦੀ, ਇੱਕ ਮੋਬਾਈਲ ਫ਼ੋਨ ਅਤੇ ਖਾਣ-ਪੀਣ ਦਾ ਸਾਮਾਨ ਚੋਰੀ ਕਰ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਡਵੀਜ਼ਨ-7 ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਦੀ ਭਾਲ ਲਈ ਕਾਰਵਾਈ ਕਰ ਰਹੀ ਹੈ।