ਗੋਦਾਮ ਵਿੱਚ ਚੋਰੀ ਦੀ ਕੋਸ਼ਿਸ਼ ਨਾਕਾਮ
ਗੋਦਾਮ ਵਿੱਚ ਚੋਰੀ ਦੀ ਕੋਸ਼ਿਸ਼ ਨਾਕਾਮ, ਸੁਰੱਖਿਆ ਗਾਰਡ ਨੇ ਦਿਖਾਈ ਬਹਾਦਰੀ ਇੱਕ ਮੁਲਜ਼ਮ ਕਾਬੂ, ਦੋ ਫਰਾਰ
Publish Date: Sun, 29 Mar 2026 07:14 PM (IST)
Updated Date: Mon, 30 Mar 2026 04:09 AM (IST)

ਸੁਰੱਖਿਆ ਗਾਰਡ ਨੇ ਦਿਖਾਈ ਬਹਾਦਰੀ ਇੱਕ ਮੁਲਜ਼ਮ ਕਾਬੂ, ਦੋ ਫਰਾਰ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਸਾਹਨੇਵਾਲ ਇਲਾਕੇ ਦੇ ਇੱਕ ਗੋਦਾਮ ’ਚ ਦਾਖਲ ਹੋ ਕੇ ਲੋਹੇ ਦੇ ਸਾਮਾਨ ਦੀ ਚੋਰੀ ਕਰਨ ਆਏ 3 ਸ਼ਖਸਾਂ ਵਿੱਚੋਂ ਇੱਕ ਨੂੰ ਸੁਰੱਖਿਆ ਗਾਰਡ ਦੀ ਸੁਚੇਤਤਾ ਤੇ ਬਹਾਦਰੀ ਨਾਲ ਕਾਬੂ ਕਰ ਲਿਆ। ਇਹ ਘਟਨਾ ਬੀਤੇ ਦਿਨੀ ਚਿੱਟੇ ਦਿਨ ਜੀਟੀ ਰੋਡ ਸਥਿਤ ਪਿੰਡ ਗਿਆਸਪੁਰਾ ’ਚ ਵਾਪਰੀ। ਸ਼ਿਕਾਇਤਕਰਤਾ ਸਤਵਿੰਦਰ ਭੰਡਾਰੀ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ’ਚ ਦੱਸਿਆ ਕਿ ਉਨ੍ਹਾਂ ਦਾ ਗੋਦਾਮ ਇਸ ਸਮੇਂ ਖਾਲੀ ਪਿਆ ਹੈ ਤੇ ਇਸ ਤੋਂ ਪਹਿਲਾਂ ਵੀ ਇੱਥੇ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਇਸ ਕਰ ਕੇ ਗੋਦਾਮ ’ਤੇ ਸੁਰੱਖਿਆ ਲਈ ਗਾਰਡ ਤਾਇਨਾਤ ਕੀਤਾ ਗਿਆ ਸੀ। ਘਟਨਾ ਵਾਲੇ ਦਿਨ ਸਵੇਰੇ ਜਦੋਂ ਸੁਰੱਖਿਆ ਗਾਰਡ ਰੁਟੀਨ ਜਾਂਚ ਲਈ ਗੋਦਾਮ ’ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਤਿੰਨ ਨੌਜਵਾਨ ਅੰਦਰੋਂ ਲੋਹੇ ਦੇ ਐਂਗਲ ਚੋਰੀ ਕਰ ਰਹੇ ਹਨ। ਗਾਰਡ ਨੇ ਹਿੰਮਤ ਦਿਖਾਉਂਦੇ ਹੋਏ ਤੁਰੰਤ ਉਨ੍ਹਾਂ ਦਾ ਮੁਕਾਬਲਾ ਕੀਤਾ। ਇਸ ਦੌਰਾਨ 2 ਸ਼ਖਸ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਏ ਪਰ ਗਾਰਡ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ। ਇਸ ਮਾਮਲੇ ਦੀ ਜਾਣਕਾਰੀ ਤੁਰੰਤ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਕਾਬੂ ਕੀਤੇ ਗਏ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ। ਜਾਂਚ ਅਧਿਕਾਰੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਮੁਲਜ਼ਮ ਜੀਵਨ ਨਗਰ ਦਾ ਰਹਿਣ ਵਾਲਾ ਹੈ। ਉਸ ਖਿਲਾਫ ਚੋਰੀ ਨਾਲ ਸਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਭੱਜੇ ਹੋਏ ਦੋਵਾਂ ਮੁਲਜ਼ਮਾਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਨੇ ਸੁਰੱਖਿਆ ਗਾਰਡ ਦੀ ਬਹਾਦਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ, ਜਿਸ ਦੀ ਸਾਵਧਾਨੀ ਨਾਲ ਚੋਰੀ ਦੀ ਵਾਰਦਾਤ ਟਲ ਗਈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।