ਚੋਰੀ ਕਰਦਾ ਮੁਲਜ਼ਮ ਰੰਗੇ ਹੱਥੀਂ ਕਾਬੂ
ਚੋਰੀ ਕਰਦਾ ਮੁਲਜ਼ਮ ਰੰਗੇ ਹੱਥੀ ਕਾਬੂ
Publish Date: Mon, 09 Mar 2026 10:04 PM (IST)
Updated Date: Tue, 10 Mar 2026 04:10 AM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਪਿੰਡ ਜੰਡਿਆਲੀ ਦੀ ਪਾਸ਼ ਕਾਲੋਨੀ ਨਿਰਵਾਣਾ ਪਾਮ ਸਿਟੀ ਵਿੱਚ ਘਰ ਅੰਦਰ ਦਾਖਲ ਹੋ ਕੇ ਮਹਿੰਗੀਆਂ ਫਿੱਟਿੰਗਾਂ ਚੋਰੀ ਕਰਦੇ ਇੱਕ ਵਿਅਕਤੀ ਨੂੰ ਘਰ ਦੇ ਮਾਲਕ ਨੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਦੀ ਮਦਦ ਨਾਲ ਰੰਗੇ ਹੱਥੀਂ ਕਾਬੂ ਕਰ ਲਿਆ। ਬਾਅਦ ਵਿੱਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਪ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਨਿਰਵਾਣਾ ਪਾਮ ਸਿਟੀ ਵਿੱਚ ਮਕਾਨ ਨੰਬਰ 324-325 ਉਸ ਦੀ ਪਤਨੀ ਦੇ ਨਾਮ ’ਤੇ ਹੈ, ਜਦਕਿ ਮਕਾਨ ਨੰਬਰ 322 ਉਸ ਦੀ ਭੈਣ ਸੁਖਵਿੰਦਰ ਕੌਰ ਦਾ ਹੈ। 8 ਮਾਰਚ ਨੂੰ ਉਹ ਆਪਣੀ ਭੈਣ ਦੇ ਘਰ ਬੈਠਾ ਹੋਇਆ ਸੀ ਕਿ ਅਚਾਨਕ ਉਸ ਨੂੰ ਆਪਣੇ ਘਰ ਵਿੱਚੋਂ ਕੁਝ ਟੁੱਟਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਸ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਘਰ ਦਾ ਮੁੱਖ ਤਾਲਾ ਟੁੱਟਿਆ ਹੋਇਆ ਸੀ ਅਤੇ ਦਰਵਾਜ਼ਾ ਖੁੱਲਾ ਪਿਆ ਸੀ। ਜਿਵੇਂ ਹੀ ਉਹ ਘਰ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਇੱਕ ਵਿਅਕਤੀ ਬਾਥਰੂਮ ਵਿੱਚ ਦਾਖਲ ਹੋ ਕੇ ‘ਜੈਗੁਆਰ’ ਕੰਪਨੀ ਦੀਆਂ ਮਹਿੰਗੀਆਂ ਟੂਟੀਆਂ ਖੋਲ੍ਹ ਰਿਹਾ ਸੀ। ਮਾਲਕ ਨੇ ਤੁਰੰਤ ਬਾਹਰ ਦਾ ਦਰਵਾਜ਼ਾ ਬੰਦ ਕਰਕੇ ਰੌਲਾ ਪਾ ਦਿੱਤਾ । ਆਵਾਜ਼ ਸੁਣ ਕੇ ਉਸ ਦਾ ਭਾਂਜਾ ਏਕਜੋਤ ਸਿੰਘ ਅਤੇ ਗੁਆਂਢੀ ਅਜੀਤ ਸਿੰਘ ਮੌਕੇ ’ਤੇ ਪਹੁੰਚ ਗਏ। ਤਿੰਨਾਂ ਨੇ ਮਿਲ ਕੇ ਦੋਸ਼ੀ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਤਫਤੀਸ਼ ਦੌਰਾਨ ਮੁਲਜ਼ਮ ਦੀ ਪਛਾਣ ਬਲਦੇਵ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਨੇ ਇਲਾਕੇ ਵਿੱਚ ਪਹਿਲਾਂ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।