ਰੇਲਵੇ ਪਲੇਟਫਾਰਮ ਤੇ ਸੁੱਤੇ ਨੌਜਵਾਨ ਉੱਪਰ ਚੜਾਈ ਕਾਰ
ਰੇਲਵੇ ਪਲੇਟਫਾਰਮ ਤੇ ਸੁੱਤੇ ਨੌਜਵਾਨ ਉੱਪਰ ਚੜਾਈ ਕਾਰ
Publish Date: Fri, 30 Jan 2026 07:28 PM (IST)
Updated Date: Fri, 30 Jan 2026 07:31 PM (IST)

ਦੋ ਵਾਰ ਕਾਰ ਨਾਲ ਦਰੜਿਆ, ਫੱਟੜ ਦੀ ਹਾਲਤ ਗੰਭੀਰ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਦੇਸ਼ ਦੇ ਵੱਡੇ ਰੇਲਵੇ ਸਟੇਸ਼ਨਾਂ ਵਿੱਚ ਸ਼ੁਮਾਰ ਲੁਧਿਆਣਾ ਜੰਕਸ਼ਨ ਸਟੇਸ਼ਨ ਦੇ ਪਲੇਟਫਾਰਮ ਬਾਹਰ ਸੁੱਤੇ ਇੱਕ ਨੌਜਵਾਨ ਉੱਪਰ ਬੀਤੀ ਰਾਤ ਇੱਕ ਕਾਰ ਚਾਲਕ ਨੇ ਅਣਗਹਿਲੀ ਨਾਲ ਵਾਹਨ ਚਲਾਉਂਦੇ ਹੋਏ ਆਪਣੀ ਕਾਰ ਚੜਾ ਦਿੱਤੀ। ਇਸ ਹਾਦਸੇ ਵਿੱਚ ਨੌਜਵਾਨ ਦੇ ਲੱਕ ਤੇ ਗੰਭੀਰ ਸੱਟਾਂ ਲੱਗੀਆਂ। ਕਾਰ ਨਾਲ ਦਰੜੇ ਨੌਜਵਾਨ ਦੀ ਪਛਾਣ ਛਣਕੂ ਦੇ ਰੂਪ ਵਿੱਚ ਹੋਈ ਹੈ ਜੋ ਕਿ ਮੂਲ ਰੂਪ ਵਿੱਚ ਫਿਰੋਜਪੁਰ ਦਾ ਰਹਿਣ ਵਾਲਾ ਹੈ ਅਤੇ ਲੁਧਿਆਣੇ ਰੋਜਗਾਰ ਲਈ ਆਉਂਦਾ ਜਾਂਦਾ ਰਹਿੰਦਾ ਹੈ। ਜਾਣਕਾਰੀ ਮੁਤਾਬਕ ਛਣਕੂ ਨਾਮ ਦਾ ਇਹ ਨੌਜਵਾਨ ਫਿਰੋਜਪੁਰ ਰੋਡ ਕਿਸੇ ਮੈਰਿਜ ਪੈਲਸ ਵਿੱਚ ਵੇਟਰ ਦਾ ਕੰਮ ਕਰਦਾ ਹੈ। ਬੀਤੀ ਦੇਰ ਰਾਤ ਵੀ ਉਹ ਕੰਮ ਖਤਮ ਕਰਕੇ ਆਪਣੇ ਪਿੰਡ ਜਾਣ ਲਈ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਆਇਆ ਪਰ ਜਿਆਦਾ ਥੱਕੇ ਹੋਣ ਕਾਰਨ ਉਸਦੀ ਅੱਖ ਲੱਗ ਗਈ ਅਤੇ ਉਹ ਰੇਲਵੇ ਪਲੇਟਫਾਰਮ ਤੇ ਹੀ ਸੌਂ ਗਿਆ। ਕੁਝ ਸਮਾਂ ਬਾਅਦ ਕਿਸੇ ਕਾਰ ਚਾਲਕ ਨੇ ਅਣਗਹਿਲੀ ਨਾਲ ਵਾਹਨ ਚਲਾਉਂਦੇ ਹੋਏ ਉਸ ਉੱਪਰ ਆਪਣੀ ਕਾਰ ਚੜ੍ਹਾ ਦਿੱਤੀ। ਜਦੋਂ ਛਣਕੂ ਨੇ ਕਾਰ ਹੇਠਾਂ ਆ ਕੇ ਫੱਟੜ ਹੋਣ ਮਗਰੋਂ ਦਰਦ ਕਾਰਨ ਰੌਲਾ ਪਾਇਆ ਤਾਂ ਆਲੇ ਦੁਆਲੇ ਤੇ ਆਟੋ ਚਾਲਕਾਂ ਨੇ ਕਾਰ ਚਾਲਕ ਨੂੰ ਕਾਰ ਹੇਠਾਂ ਆਏ ਨੌਜਵਾਨ ਬਾਰੇ ਜਾਣਕਾਰੀ ਦਿੱਤੀ। ਕਾਰ ਹੇਠਾਂ ਕਿਸੇ ਨੌਜਵਾਨ ਦੇ ਆਉਣ ਬਾਰੇ ਚਾਲਕ ਨੂੰ ਪਤਾ ਲੱਗਾ ਤਾਂ ਕਾਰ ਰੋਕ ਕੇ ਉਸ ਨੂੰ ਕਾਰ ਹੇਠੋਂ ਕੱਢਣ ਦੀ ਥਾਂ ਤੇ ਘਬਰਾਏ ਹੋਏ ਚਾਲਕ ਨੇ ਆਪਣੀ ਕਾਰ ਇੱਕ ਵਾਰ ਫੇਰ ਬੈਕ ਗੇਅਰ ਵਿੱਚ ਪਾ ਕੇ ਚਲਾ ਦਿੱਤੀ ਅਤੇ ਦੁਬਾਰਾ ਨੌਜਵਾਨ ਨੂੰ ਦਰੜ ਦਿੱਤਾ। ਮੌਕੇ ਤੇ ਹਾਜ਼ਰ ਰਾਹਗੀਰਾਂ ਮੁਤਾਬਕ ਕਾਰ ਚਾਲਕ ਨੂੰ ਮੌਕੇ ਤੋਂ ਹੀ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ। ਹਾਲਾਂਕਿ ਥਾਣਾ ਜੀਆਰਪੀ ਦੇ ਮੁੱਖ ਅਫਸਰ ਜਤਿੰਦਰ ਸਿੰਘ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਦਾ ਜਵਾਬ ਨਹੀ ਦਿੱਤਾ।