ਟਰਾਲੀਆਂ ਦੇ ਟਰਾਲੇ ਬਣਾ ਕੇ ਕੀਤੀ ਵਰਤੋਂ ਬਣਦੀ ਲੋਕਾਂ ਲਈ ਘਾਤਕ
ਟਰਾਲੀਆਂ ਦੇ ਟਰਾਲੇ ਬਣਾ ਕੇ ਕੀਤੀ ਵਰਤੋਂ ਬਣਦੀ ਲੋਕਾਂ ਲਈ ਘਾਤਕ
Publish Date: Mon, 02 Mar 2026 08:48 PM (IST)
Updated Date: Tue, 03 Mar 2026 04:11 AM (IST)

ਟਰੈਕਟਰ-ਟਰਾਲੀਆਂ ’ਤੇ ਲੱਦੇ ਭਾਰ ਤੇ ਟਰਾਲੀਆਂ ਦੇ ਆਕਾਰ ਦੀ ਹੱਦ ਹੋਵੇ ਤੈਅ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਸ਼ਹਿਰ ’ਚ ਭਾਰੇ ਵਾਹਨਾਂ ਦੇ ਦਾਖ਼ਲੇ ’ਤੇ ਸਵੇਰੇ ਅੱਠ ਵਜੇ ਤੋਂ ਸ਼ਾਮ ਅੱਠ ਵਜੇ ਤੱਕ ਪਾਬੰਦੀ ਕਰਕੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੇ ਸੁਧਾਰ ਲਈ ਬਹੁਤ ਹੀ ਉੱਤਮ ਉਪਰਾਲਾ ਹੈ ਪਰ ਇਸ ਪਾਬੰਦੀ ਤੋਂ ਟਰੈਕਟਰ ਟਰਾਲੀਆਂ ਨੂੰ ਛੂਟ ਦੇ ਦੇਣਾ ਸਮੱਸਿਆ ਦਾ ਮੁਕੰਮਲ ਹੱਲ੍ਹ ਨਹੀਂ ਹੈ। ਗੰਨਾ, ਪਰਾਲੀ ਅਤੇ ਤੂੜੀ ਦੀ ਢੋਆ ਢੁਆਈ ਕਰਨ ਵਾਲੇ ਟਰੈਕਟਰਾਂ ਨਾਲ ਜੋੜੀਆਂ ਟਰਾਲੀਆਂ ਹੁਣ ਆਮ ਟਰਾਲੀਆਂ ਨਹੀਂ ਰਹਿ ਗਈਆਂ। ਇਹ ਟਰਾਲੀਆਂ ਹੁਣ ਵੱਡੇ ਵੱਡੇ ਟਰਾਲੇ ਬਣ ਚੁੱਕੇ ਹਨ। ਨਾ ਹੀ ਇਨ੍ਹਾਂ ਟਰਾਲਿਆਂ ’ਤੇ ਲੱਦੇ ਭਾਰ ਦੀ ਕੋਈ ਸੀਮਾ ਤੈਅ ਹੈ ਅਤੇ ਨਾ ਹੀ ਇਨ੍ਹਾਂ ਦੀ ਲੰਬਾਈ ਚੌੜਾਈ ’ਤੇ ਕੋਈ ਨਿਯਮ ਲਾਗੂ ਹੈ। ਇਹ ਪ੍ਰਗਟਾਵਾ ਲੋਕ ਸੇਵਾ ਕਲੱਬ ਖੰਨਾ ਦੇ ਪ੍ਰਧਾਨ ਪੀਡੀ ਬਾਂਸਲ ਕਰਦਿਆਂ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ’ਚੋਂ ਲੰਘਣ ਵਾਲੀਆਂ ਟਰੈਕਟਰ ਟਰਾਲੀਆਂ ਰਾਹੀਂ ਢੋਏ ਜਾਣ ਵਾਲੇ ਭਾਰ ਅਤੇ ਟਰਾਲੀਆਂ ਦੇ ਵੱਧ ਤੋਂ ਵੱਧ ਆਕਾਰ ਦੀ ਹੱਦ ਤੈਅ ਕੀਤੀ ਜਾਵੇ ਤਾਂ ਕਿ ਇਨ੍ਹਾਂ ਵੱਡੇ ਵੱਡੇ ਟਰਾਲਿਆਂ ਕਾਰਨ ਦੂਜੇ ਵਾਹਨ ਚਾਲਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ। ਪ੍ਰਧਾਨ ਬਾਂਸਲ ਨੇ ਕਿਹਾ ਕਿ ਜੇਕਰ ਆਮ ਆਕਾਰ ਦੀ ਟਰੈਕਟਰ ਟਰਾਲੀ ਸ਼ਹਿਰ ਦੀਆਂ ਸੜਕਾਂ ਤੋਂ ਲੰਘਦੀ ਹੈ ਤਾਂ ਕੋਈ ਵੱਡੀ ਸਮੱਸਿਆ ਨਹੀਂ ਹੈ ਪਰ ਹੁਣ ਟਰੈਕਟਰਾਂ ਨਾਲ ਵੱਡੇ ਵੱਡੇ ਟਰਾਲੇ ਜੋੜਕੇ ਕੀਤੀ ਜਾਂਦੀ ਢੋਆੑ ਢੁਆਈ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਕਈ ਵਪਾਰੀ ਲੋਕਾਂ ਨੇ ਇਨ੍ਹਾਂ ਟਰੈਕਟਰ ਟਰਾਲਿਆਂ ਰਾਹੀਂ ਕਿਸਾਨਾਂ ਦੀਆਂ ਫਸਲਾਂ ਅਤੇ ਫਸਲਾਂ ਦਾ ਰਹਿੰਦ ਖੁੰਹਦ ਢੋਣ ਲਈ ਵਪਾਰਕ ਧੰਦਾ ਅਪਣਾ ਲਿਆ ਹੈ ਕਿਉੁਂਕਿ ਟਰੈਕਟਰ ਟਰਾਲੀ ਰਾਹੀਂ ਕੀਤੀ ਜਾਂਦੀ ਢੋਆ ਢੁਆਈ ’ਤੇ ਕੋਈ ਟੈਕਸ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਟ੍ਰੈਫਿਕ ਨਿਯਮ ਨਹੀਂ ਹੈ, ਜਿਸਦੀ ਟਰੈਕਟਰ ਟਰਾਲੀਆਂ ਵਾਲੇ ਉਲੰਘਣਾ ਨਾ ਕਰਦੇ ਹੋਣ। ਉੱਚੀ ਉੱਚੀ ਅਵਾਜ਼ ’ਚ ਚਲਦੇ ਡੈਕ ਤੇ ਸ਼ਰੇਆਮ ਕੀਤੀ ਜਾਂਦੀ ਫੋਨ ਦੀ ਵਰਤੋਂ ਪੂਰੀ ਤਰਾਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਜਿਆਦਾਤਰ ਟਰੈਕਟਰ ਟਰਾਲੀਆਂ ’ਤੇ ਨਾ ਅੱਗੇ ਨੰਬਰ ਪਲੇਟ ਹੁੰਦੀ ਹੈ ਅਤੇ ਨਾ ਹੀ ਪਿੱਛੇ। ਨੰਬਰ ਪਲੇਟ ਦੀ ਜਗ੍ਹਾ ਮਨਮਰਜੀ ਦੇ ਸਲੋਗਨ ਲਿਖੇ ਹੁੰਦੇ ਹਨ। ਜੇਕਰ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਨੰਬਰ ਪਲੇਟਾਂ ਨਾ ਹੋਣ ਕਾਰਣ ਇਨ੍ਹਾਂ ਵਾਹਨਾਂ ਦੀ ਕੋਈ ਪਹਿਚਾਣ ਨਹੀਂ ਹੁੰਦੀ। ਪਰਾਲੀ ਢੋਹਣ ਵਾਲੇ ਜੁਗਾੜੂ ਟਰਾਲੇ ਬਾਂਸਲ ਨੇ ਕਿਹਾ ਕਿ ਬੇਸ਼ੱਕ ਮੰਡੀਆਂ ’ਚ ਝੋਨੇ ਦਾ ਸੀਜਨ ਅਕਤੂਬਰ, ਨਵੰਬਰ ਦੇ ਮਹੀਨੇ ਡੇਢ ਦੋ ਮਹੀਨੇ ਚੱਲਦਾ ਹੈ ਪਰ ਝੋਨੇ ਦੀ ਪਰਾਲੀ ਢੋਣ ਲਈ ਟਰੈਕਟਰਾਂ ਨਾਲ ਜੋੜੇ 40, 40 ਫੁੱਟ ਲੰਮੇ ਜੁਗਾੜੂ ਟਰਾਲੇ ਟ੍ਰੈਫਿਕ ਨਿਯਮਾਂ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਸੜਕਾਂ ’ਤੇ ਹੁੜਦੁੰਗ ਮਚਾਉਂਦੇ ਹਨ। ਇਨ੍ਹਾਂ ਵਾਹਨਾਂ ਦੇ ਡਰਾਇਵਰਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਟਰੈਕਟਰ ਦੇ ਨਾਲ ਜੁੜਿਆ ਟਰਾਲਾ ਕਿੱਥੇ ਤੱਕ ਸੜਕ ਘੇਰ ਰਿਹਾ ਹੈ। ਲੋਕਾਂ ਦੀ ਆਪਣੀ ਜਿੰਮੇਵਾਰੀ ਹੈ ਕਿ ਉਹ ਇਨ੍ਹਾਂ ਵਾਹਨਾਂ ਤੋਂ ਬੱਚ ਕੇ ਕਿਵੇਂ ਆਪਣੀ ਮੰਜ਼ਿਲ ’ਤੇ ਪਹੁੰਚਦੇ ਹਨ। ਕੋਈ ਰੋਕਣ ਵਾਲਾ ਨਹੀਂ ਬਾਂਸਲ ਨੇ ਕਿਹਾ ਕਿ ਸਭ ਤੋਂ ਵੱਧ ਹੈਰਾਨੀ ਇਹ ਹੈ ਕਿ ਕਿਸੇ ਵੀ ਪੁਲਿਸ ਨਾਕੇ ’ਤੇ ਇਨ੍ਹਾਂ ਵਾਹਨਾਂ ਦੀ ਚੈਕਿੰਗ ਨਹੀਂ ਕੀਤੀ ਜਾਂਦੀ। ਪ੍ਰਸਾਸ਼ਨ ਦੇ ਸਾਹਮਣੇ ਇਹ ਟਰੈਕਟਰ ਟਰਾਲੀਆਂ ਵਾਲੇ ਟ੍ਰੈਫਿਕ ਨਿਯਮ ਤੋੜਦੇ ਹਨ ਪਰ ਕੋਈ ਨਹੀਂ ਰੋਕਦਾ। ਸਮਝ ਤੋਂ ਬਾਹਰ ਹੈ ਕਿ ਇਨ੍ਹਾਂ ਵਾਹਨਾਂ ਦਾ ਪ੍ਰਸਾਸ਼ਨ ਨਾਲ ਕੀ ਤਾਲਮੇਲ ਹੈ ਕਿ ਕਦੇ ਪੁਲਿਸ ਕਰਮਚਾਰੀ ਇਨ੍ਹਾਂ ਓਵਰਲੋਢ ਵੱਡੇ ਵੱਡੇ ਟਰਾਲਿਆਂ ਦਾ, ਮੋਬਾਇਲ ਫੋਨ ਵਰਤਦੇ ਡਰਾਇਵਰਾਂ ਦਾ, ਉੱਚੀ ਉੱਚੀ ਵੱਜਦੀਆਂ ਡੈਕਾਂ ਦਾ ਚਲਾਨ ਕੱਟਦੇ ਨਹੀਂ ਦੇਖੇ ਜਾਂਦੇ। ਪੂਰੀ ਅਜਾਦੀ ਨਾਲ ਬਿਨਾਂ ਕਿਸੇ ਭੈਅ ਦੇ ਸਭ ਟ੍ਰੈਫਿਕ ਨਿਯਮ ਤੋੜੇ ਜਾਂਦੇ ਹਨ। ਬਾਂਸਲ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਲਿਖਿਆ ਹੈ ਕਿ ਟਰੈਕਟਰ ਟਰਾਲੀਆਂ ’ਤੇ ਬਣਦੇ ਟ੍ਰੈਫਿਕ ਨਿਯਮ ਲਾਗੂ ਕਰ ਕੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਪਰ ਜੇਕਰ ਪ੍ਰਸਾਸ਼ਨ ਨੇ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਜਨਹਿੱਤ ਪਟੀਸ਼ਨ ਰਾਹੀਂ ਮਾਮਲਾ ਹਾਈਕੋਰਟ ਅੱਗੇ ਪੇਸ਼ ਕਰ ਕੇ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਸਤਨਾਮ ਸਿੰਘ ਉਪ ਪ੍ਰਧਾਨ, ਦਿਲਪ੍ਰੀਤ ਸਿੰਘ ਖ਼ਜ਼ਾਨਚੀ, ਤਾਰਾ ਚੰਦ ਜਨਰਲ ਸਕੱਤਰ, ਬਲਦੇਵ ਸ਼ਰਮਾ ਮੁੱਖ ਸਲਾਹਕਾਰ, ਅਵਤਾਰ ਸਿੰਘ ਮਾਨ, ਨਵਜੀਤ ਸਿੰਘ, ਹਰਮਿੰਦਰ ਸਿੰਘ ਭੰਗੂ ਹਾਜ਼ਰ ਸਨ। ਟ੍ਰੈਫਿਕ ਮੁਖੀ ਕੁਲਜੀਤ ਸਿੰਘ ਨੇ ਕਿਹਾ ਕਿ ਭਾਰੀ ਵਾਹਨਾਂ ’ਤੇ ਦਿਨ ਦੇ ਸਮੇਂ ਪਾਬੰਦੀ ਲਗਾਈ ਗਈ ਹੈੇ। ਬਾਕੀ ਜਿਹੜੀ ਵੀ ਕੋਈ ਕਮਰਸ਼ੀਅਲ ਟਰਾਲੀ ਸਾਡੇ ਧਿਆਨ ’ਚ ਆਉਂਦੀ ਹੈ, ਇੰਨ੍ਹਾਂ ਭਾਰੀ ਵਾਹਨਾਂ ਦੇ ਸਮੇਂ ਸਮੇਂ ’ਤੇ ਚਲਾਨ ਕੀਤੇ ਜਾਂਦੇ ਹਨ।