ਮਨੁੱਖ ਨੂੰ ਇਸ ਜੀਵਨ ’ਚ ਵੀ ਪ੍ਰਭਾਵਿਤ ਕਰਦੈ ਅਗਲਾ ਅਣ ਦਿਸਦਾ ਸੰਸਾਰ : ਸੰਤ ਅਮੀਰ ਸਿੰਘ, ਬਾਬਾ ਫਰੀਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਕਰਵਾਇਆ
ਮਨੁੱਖ ਨੂੰ ਇਸ ਜੀਵਨ ’ਚ ਵੀ ਪ੍ਰਭਾਵਿਤ ਕਰਦੈ ਅਗਲਾ ਅਣ ਦਿਸਦਾ ਸੰਸਾਰ-ਸੰਤ ਅਮੀਰ ਸਿੰਘ
Publish Date: Sun, 05 Apr 2026 06:19 PM (IST)
Updated Date: Sun, 05 Apr 2026 06:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਗੁਰਬਾਣੀ, ਗੁਰ ਇਤਿਹਾਸ ਦੇ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵੱਲੋਂ ਐਤਵਾਰ ਨੂੰ ਬਾਬਾ ਫਰੀਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਟਕਸਾਲ ਦੇ ਵਿਦਿਆਰਥੀਆਂ ਨੇ ਬਾਬਾ ਫਰੀਦ ਜੀ ਦੀ ਬਾਣੀ ਤੇ ਅਧਾਰਿਤ ਸ਼ਬਦ ਕੀਰਤਨ ਕੀਤੇ। ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਬਾਬਾ ਫ਼ਰੀਦ ਜੀ ਆਪਣੀ ਬਾਣੀ ਵਿਚ ਸ਼ੁੱਭ ਅਮਲਾਂ ਤੇ ਜ਼ੋਰ ਦਿੰਦੇ ਹਨ ਕਿਉਕਿ ਅਜਿਹੇ ਅਮਲ ਹੀ ਇਕ ਪਾਸੇ ਸਮਾਜ ਵਿਚ ਮਨੁੱਖੀ ਭਾਈਚਾਰੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਦੂਜੇ ਪਾਸੇ ਅੱਲਾਹ ਦੀ ਦਰਗਾਹ ਵਿਚ ਸਹਾਈ ਹੋ ਕੇ ਸ਼ਰਮਿੰਦਾ ਹੋਣ ਤੋਂ ਬਚਾਉਂਦੇ ਹਨ। ਮਹਾਂਪੁਰਸ਼ਾਂ ਨੇ ਸਮਝਾਇਆ ਕਿ ਇਸਲਾਮਿਕ ਪਰੰਪਰਾ ਅਨੁਸਾਰ ਅੱਲਾਹ ਦੀ ਦਰਗਾਹ ਵਿਚ ਹਾਜ਼ਰ ਹੋਣ ਤੋਂ ਭਾਵ ਮਨੁੱਖੀ ਜੀਵਨ ਸਰੀਰ ਦੇ ਅੰਤ ਨਾਲ ਖਤਮ ਨਹੀਂ ਹੋ ਜਾਣਾ ਅਤੇ ਇਸ ਨੇ ਕਿਸੇ ਹੋਰ ਜਹਾਨ ਦਾ ਸਫ਼ਰ ਵੀ ਤੈਅ ਕਰਨਾ ਹੈ। ਸੋ ਅਗਲੇ ਜਹਾਨ ਵਿਚ ਆਉਣ ਵਾਲੀਆਂ ਔਕੜਾਂ ਤੋਂ ਸਚਿਆਰੇ ਅਤੇ ਸਦਾਚਾਰੀ ਜੀਵਨ ਦੇ ਧਾਰਨੀ ਮਨੁੱਖ ਹੀ ਬਚ ਸਕਣਗੇ, ਬਾਬਾ ਫਰੀਦ ਜੀ ਇਹ ਪ੍ਰੇਰਨਾ ਵਾਰ-ਵਾਰ ਇਸ ਕਰਕੇ ਕਰਦੇ ਹਨ ਕਿਉਕਿ ਅਗਲਾ ਅਣ ਦਿਸਦਾ ਸੰਸਾਰ ਮਨੁੱਖ ਨੂੰ ਇਸ ਜੀਵਨ ਵਿਚ ਵੀ ਪ੍ਰਭਾਵਿਤ ਕਰਦਾ ਹੈ। ਇਸ ਲਈ ਮਨੁੱਖ ਨੂੰ ਇਹ ਪ੍ਰੇਰਨਾ ਕੀਤੀ ਹੈ ਤਾਂ ਕਿ ਉਸਦੇ ਇਸ ਜੀਵਨ ਵਿਚਲੇ ਪ੍ਰਭੂ-ਮੁਖੀ ਅਮਲ ਹੀ ਉਸ ਨੂੰ ਅਗਲੇ ਜੀਵਨ ਦੀਆਂ ਦੁਸ਼ਵਾਰੀਆਂ ਤੋਂ ਬਚਾ ਸਕਣ।