ਬਿਮਾਰ ਨੌਜਵਾਨ ਦੀ ਮਦਦ ਲਈ ਆਏ ਸ਼ਾਤਰ ਬਦਮਾਸ਼ਾਂ ਨੇ ਐਕਟਿਵਾ ਕੀਤੀ ਚੋਰੀ
ਬਿਮਾਰ ਨੌਜਵਾਨ ਦੀ ਮਦਦ ਲਈ ਆਏ ਸ਼ਾਤਰ ਬਦਮਾਸ਼ਾਂ ਨੇ ਸਕੂਟਰ ਕੀਤਾ ਚੋਰੀ
Publish Date: Thu, 26 Mar 2026 08:18 PM (IST)
Updated Date: Fri, 27 Mar 2026 04:11 AM (IST)

* ਸਮਰਾਲਾ ਚੌਕ ਫਲਾਈਓਵਰ ’ਤੇ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਸਮਰਾਲਾ ਚੌਕ ਫਲਾਈਓਵਰ ’ਤੇ ਇਕ ਹੈਰਾਨ ਕਰਨ ਵਾਲੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਬਿਮਾਰ ਵਿਅਕਤੀ ਦੀ ਮਦਦ ਦੇ ਬਹਾਨੇ ਆਏ ਅਣਪਛਾਤੇ ਨੌਜਵਾਨ ਉਸ ਦੀ ਐਕਟਿਵਾ ਲੈ ਕੇ ਫ਼ਰਾਰ ਹੋ ਗਏ। ਇਹ ਘਟਨਾ 17 ਮਾਰਚ ਰਾਤ ਦੀ ਦੱਸੀ ਜਾ ਰਹੀ ਹੈ। ਪੀੜਤ ਆਸ਼ੀਸ਼ ਮਸੀਹ ਵਾਸੀ ਕਿਚਲੂ ਨਗਰ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਆਪਣੇ ਗਰੇਅ ਰੰਗ ਦੇ ਐਕਟਿਵਾ (ਪੀਬੀ 10 ਕੇਡੀ 8036) ’ਤੇ ਸਵਾਰ ਹੋ ਕੇ ਫਲਾਈਓਵਰ ਤੋਂ ਲੰਘ ਰਿਹਾ ਸੀ। ਅਚਾਨਕ ਉਸ ਦੀ ਤਬੀਅਤ ਖ਼ਰਾਬ ਹੋ ਗਈ ਤੇ ਉਸ ਨੂੰ ਘਬਰਾਹਟ ਨਾਲ ਉਲਟੀ ਆਉਣ ਲੱਗੀ। ਇਸ ਦੌਰਾਨ ਉਸ ਨੇ ਆਪਣੀ ਐਕਟਿਵਾ ਸੜਕ ਕਿਨਾਰੇ ਖੜੀ ਕਰ ਕੇ ਲਾਕ ਕਰ ਦਿੱਤੀ ਅਤੇ ਕੁਝ ਦੂਰੀ ’ਤੇ ਜਾ ਕੇ ਉਲਟੀ ਕਰਨ ਲੱਗ ਪਿਆ। ਪੀੜਤ ਅਨੁਸਾਰ ਉਹ ਕੁਝ ਮਿੰਟਾਂ ਲਈ ਹੀ ਵਾਹਨ ਤੋਂ ਦੂਰ ਹੋਇਆ ਸੀ, ਪਰ ਜਦੋਂ ਵਾਪਸ ਆਇਆ ਤਾਂ ਉਸ ਦੀ ਐਕਟਿਵਾ ਮੌਕੇ ਤੋਂ ਗਾਇਬ ਸੀ। ਇਹ ਦੇਖ ਕੇ ਉਸ ਦੇ ਹੋਸ਼ ਉੱਡ ਗਏ ਤੇ ਉਸ ਨੇ ਆਸ-ਪਾਸ ਆਪਣੀ ਐਕਟਿਵਾ ਦੀ ਕਾਫੀ ਭਾਲ ਕੀਤੀ, ਪਰ ਗੁੰਮ ਹੋਈ ਸਕੂਟਰੀ ਬਾਰੇ ਕੋਈ ਪਤਾ ਨਹੀਂ ਲੱਗਿਆ। ਮਾਮਲੇ ਦੀ ਸੂਚਨਾ ਮਿਲਣ ਉਪਰੰਤ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ। ਮਾਮਲੇ ਦੇ ਜਾਂਚ ਅਧਿਕਾਰੀ ਅਜਮੇਰ ਸਿੰਘ ਨੇ ਦੱਸਿਆ ਕਿ ਫਲਾਈਓਵਰ ’ਤੇ ਵਾਪਰੀ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ ਸੀ, ਜਿਸ ਮਗਰੋਂ ਉਨ੍ਹਾਂ ਵੱਲੋਂ ਫਲਾਈਓਵਰ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਛੇਤੀ ਦੋਸ਼ੀਆਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਨੌਜਵਾਨ ਬਿਮਾਰ ਹੋਇਆ ਉਸ ਵੇਲੇ ਕਈ ਲੋਕ ਉਸ ਦੀ ਮਦਦ ਲਈ ਅੱਗੇ ਆਏ ਸਨ, ਇੰਜ ਜਾਪ ਰਿਹਾ ਹੈ ਕਿ ਉਨ੍ਹਾਂ ਵਿਅਕਤੀਆਂ ਵਿਚੋਂ ਹੀ ਕਿਸੇ ਬਦਮਾਸ਼ ਨੇ ਐਕਟਿਵਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇਗਾ।