ਝਗੜਾ ਛੁਡਾਉਣ ਗਈ ਪੀਸੀਆਰ ਟੀਮ ’ਤੇ ਹਮਲਾ
ਲੋਕਾਂ ਦੀ ਰੱਖਿਆ ਕਰਨ ਵਾਲੀ ਪੁਲਿਸ ਖੁਦ ਹੀ ਨਹੀਂ ਸੁਰੱਖਿਅਤ
Publish Date: Mon, 09 Mar 2026 10:06 PM (IST)
Updated Date: Tue, 10 Mar 2026 04:10 AM (IST)

ਲੋਕਾਂ ਦੀ ਰੱਖਿਆ ਕਰਨ ਵਾਲੀ ਪੁਲਿਸ ਖੁਦ ਹੀ ਨਹੀਂ ਸੁਰੱਖਿਅਤ, ਨਸ਼ੇ ’ਚ ਧੁੱਤ ਨੌਜਵਾਨ ਨੇ ਮੁਲਾਜ਼ਮ ਤੇ ਕੱਚ ਨਾਲ ਕੀਤਾ ਜਾਨਲੇਵਾ ਵਾਰ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ’ਚ ਕਾਨੂੰਨ-ਵਿਵਸਥਾ ਬਣਾਈ ਰੱਖਣ ਵਾਲੇ ਪੁਲਿਸ ਮੁਲਾਜ਼ਮ ਹੁਣ ਖੁਦ ਹੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਮੋਤੀ ਨਗਰ ਇਲਾਕੇ ਦੇ ਮੁਹੱਲਾ ਬੇਅੰਤਪੁਰਾ ਵਿੱਚ ਝਗੜਾ ਸ਼ਾਂਤ ਕਰਵਾਉਣ ਪਹੁੰਚੀ ਪੀਸੀਆਰ ਟੀਮ ’ਤੇ ਇੱਕ ਨਸ਼ੇ ਵਿੱਚ ਧੁੱਤ ਨੌਜਵਾਨ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਏਐਸਆਈ ਦੀ ਵਰਦੀ ਫਾੜ ਦਿੱਤੀ ਗਈ ਅਤੇ ਇੱਕ ਕਾਂਸਟੇਬਲ ’ਤੇ ਕੱਚ ਨਾਲ ਜਾਨਲੇਵਾ ਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਕਾਂਸਟੇਬਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਏਐਸਆਈ ਸਰਬਜੀਤ ਸਿੰਘ ਦੇ ਨਾਲ ਪੀਸੀਆਰ-21 ’ਤੇ ਡਿਊਟੀ ਕਰ ਰਹੇ ਸਨ। ਇਸ ਦੌਰਾਨ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਮੁਹੱਲਾ ਬੇਅੰਤਪੁਰਾ ਵਿੱਚ ਮੋਹਿਤ ਕੁਮਾਰ ਅਤੇ ਉਸ ਦੇ ਚਾਚੇ ਦਾ ਲੜਕਾ ਸਲੀਮ ਮਸੀਹ ਉਰਫ਼ ਵਿੱਕੀ ਵਿਚਕਾਰ ਝਗੜਾ ਹੋ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਾ ਕਿ ਸਲੀਮ ਮਸੀਹ ਆਪਣੇ ਚਾਚੇ ਤਿਲਕ ਮਸੀਹ ਨਾਲ ਝਗੜ ਰਿਹਾ ਸੀ ਅਤੇ ਉਸ ਨੇ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਪੀਤੀ ਹੋਈ ਸੀ। ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਪੁਲਿਸ ਕਰਮਚਾਰੀਆਂ ਨਾਲ ਧੱਕਾ-ਮੁੱਕੀ ਕਰਨ ਲੱਗ ਪਿਆ। ਇਸ ਦੌਰਾਨ ਉਸ ਨੇ ਏਐੱਸਆਈ ਸਰਬਜੀਤ ਸਿੰਘ ਦੀ ਵਰਦੀ ਫਾੜ ਦਿੱਤੀ। ਹੱਥਾਪਾਈ ਦੌਰਾਨ ਦੋਸ਼ੀ ਨੇ ਕਾਂਸਟੇਬਲ ਬਲਵਿੰਦਰ ਸਿੰਘ ਦੇ ਗਲੇ ’ਤੇ ਕੱਚ ਨਾਲ ਹਮਲਾ ਕਰ ਦਿੱਤਾ। ਬਲਵਿੰਦਰ ਸਿੰਘ ਨੇ ਆਪਣਾ ਬਚਾਅ ਕੀਤਾ ਜਿਸ ਕਾਰਨ ਕੱਚ ਉਨ੍ਹਾਂ ਦੇ ਖੱਬੇ ਮੋਢੇ ’ਤੇ ਲੱਗਿਆ ਅਤੇ ਕਾਂਸਟੇਬਲ ਬੁਰੀ ਤਰ੍ਹਾਂ ਫੱਟੜ ਹੋ ਗਿਆ। ਕਾਂਸਟੇਬਲ ਦੇ ਲਹੂ ਨਿਕਲਦਾ ਦੇਖ ਮੌਕਾ ਮਿਲਦੇ ਹੀ ਮੁਲਜ਼ਮ ਫਰਾਰ ਹੋ ਗਿਆ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮੁਲਜ਼ਮ ਸਲੀਮ ਮਸੀਹ ਉਰਫ਼ ਵਿੱਕੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਵਿਜੈ ਕੁਮਾਰ ਨੇ ਦੱਸਿਆ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਖਮੀ ਕਾਂਸਟੇਬਲ ਦਾ ਮੈਡੀਕਲ ਕਰਵਾ ਦਿੱਤਾ ਗਿਆ ਹੈ।