ਫਰਾਰ ਹੋਏ ਮੁੱਖ ਮੁਲਜ਼ਮ ਨੂੰ ਪਨਾਹ ਦੇਣ ਵਾਲਾ ਗ੍ਰਿਫ਼ਤਾਰ, 2.14 ਕਰੋੜ ਦੀ ਠੱਗੀ ਦਾ ਹੋਇਆ ਖੁਲਾਸਾ
ਫਰਾਰ ਹੋਏ ਮੁੱਖ ਮੁਲਜ਼ਮ ਨੂੰ ਪਨਾਹ ਦੇਣ ਵਾਲਾ ਗ੍ਰਿਫ਼ਤਾਰ, 2.14 ਕਰੋੜ ਦੀ ਠੱਗੀ ਦਾ ਹੋਇਆ ਖੁਲਾਸਾ
Publish Date: Tue, 17 Mar 2026 09:57 PM (IST)
Updated Date: Wed, 18 Mar 2026 04:16 AM (IST)

ਸਿੰਗਲਾ ਸਲਿਮਿੰਗ ਕਲੀਨਿਕ ਠੱਗੀ ਮਾਮਲਾ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਿੰਗਲਾ ਸਲਿਮਿੰਗ ਕਲੀਨਿਕ ਪ੍ਰਾਈਵੇਟ ਲਿਮਿਟਡ ਨਾਲ ਜੁੜੇ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਕਾਰਵਾਈ ਕਰਦਿਆਂ ਫਰਾਰ ਹੋਏ ਮੁੱਖ ਮੁਲਜ਼ਮ ਨੂੰ ਪਨਾਹ ਦੇਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਦੇ ਮੁਤਾਬਿਕ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਹੈਬੋਵਾਲ ਦੇ ਨਿਊ ਦੀਪ ਨਗਰ ਵਾਸੀ ਅਸ਼ੋਕ ਸਿੰਘ ਵਜੋਂ ਹੋਈ ਹੈ । ਉਸ ’ਤੇ ਦੋਸ਼ ਹੈ ਕਿ ਉਸ ਨੇ ਮਾਮਲੇ ਦੇ ਮੁੱਖ ਮੁਲਜ਼ਮ ਨਿਖਿਲ ਸਿੰਗਲਾ ਨੂੰ ਪੁਲਿਸ ਤੋਂ ਬਚਾਉਣ ਲਈ ਆਪਣੇ ਘਰ ਵਿੱਚ ਪਨਾਹ ਦਿੱਤੀ ਹੋਈ ਸੀ। ਪੁਲਿਸ ਮੁਤਾਬਕ ਨਿਖਿਲ ਸਿੰਗਲਾ ਖਿਲਾਫ਼ ਪਹਿਲਾਂ ਹੀ ਦਿੱਲੀ ਦੇ ਇੱਕ ਡਾਕਟਰ ਨਾਲ ਠੱਗੀ ਕਰਨ ਦਾ ਮਾਮਲਾ ਦਰਜ ਹੈ ਅਤੇ ਉਹ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਹੈ। ਜਾਂਚ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਅਸ਼ੋਕ ਸਿੰਘ ਦੇ ਘਰ ਵਿੱਚ ਲੁਕਿਆ ਹੋਇਆ ਹੈ। ਸੂਚਨਾ ਦੇ ਆਧਾਰ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਸ਼ੀ ਮੌਕੇ ਤੋਂ ਭੱਜ ਨਿਕਲਿਆ। ਜਾਂਚ ਅਧਿਕਾਰੀ ਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਪਨਾਹ ਦੇਣ ਦੇ ਦੋਸ਼ ’ਚ ਅਸ਼ੋਕ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਧਰ, ਪੁਲਿਸ ਦੀਆਂ ਟੀਮਾਂ ਮੁੱਖ ਮੁਲਜ਼ਮ ਨਿਖਿਲ ਸਿੰਗਲਾ ਦੀ ਤਲਾਸ਼ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਇਹ ਸੀ ਸਾਰਾ ਮਾਮਲਾ ਇਸ ਮਾਮਲੇ ਨਾਲ ਜੁੜੀ ਹੋਰ ਜਾਣਕਾਰੀ ਮੁਤਾਬਕ ਦਿੱਲੀ ਦੇ ਡਾਕਟਰ ਅਰਮਾਨ ਥਾਪਰ ਨੇ ਸਿੰਗਲਾ ਸਲਿਮਿੰਗ ਕਲੀਨਿਕ ਦੀ ਫ੍ਰੈਂਚਾਈਜ਼ੀ ਲਈ ਸੀ। ਕਲੀਨਿਕ ਦੇ ਡਾਇਰੈਕਟਰਾਂ ਵੱਲੋਂ ਉਨ੍ਹਾਂ ਨੂੰ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ 18 ਮਹੀਨਿਆਂ ਵਿੱਚ ਪੂਰੀ ਰਕਮ ਵਾਪਸ ਹੋਣ ਦਾ ਭਰੋਸਾ ਦਿੱਤਾ ਗਿਆ ਸੀ। ਪਰ ਡਾਕਟਰ ਅਰਮਾਨ ਥਾਪਰ ਦੇ ਅਨੁਸਾਰ ਨਾ ਤਾਂ ਉਨ੍ਹਾਂ ਨੂੰ ਕੋਈ ਮਨਾਫ਼ਾ ਹੋਇਆ ਅਤੇ ਨਾ ਹੀ ਵਾਅਦੇ ਪੂਰੇ ਹੋਏ, ਸਗੋਂ ਉਨ੍ਹਾਂ ਨੂੰ ਲਗਭਗ 2.14 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ। ਦੋਸ਼ ਹੈ ਕਿ ਕਲੀਨਿਕ ਵੱਲੋਂ ਫ੍ਰੈਂਚਾਈਜ਼ੀ ਲਈ ਲੋੜੀਂਦੀ ਮਸ਼ੀਨਰੀ ਸਿਰਫ਼ ਆਪਣੇ ਜਰੀਏ ਹੀ ਖਰੀਦਣ ਲਈ ਮਜਬੂਰ ਕੀਤਾ ਗਿਆ, ਜਦਕਿ ਬਾਅਦ ਵਿੱਚ ਪਤਾ ਲੱਗਾ ਕਿ ਉਹੀ ਮਸ਼ੀਨਾਂ ਬਾਜ਼ਾਰ ਵਿੱਚ ਕਾਫ਼ੀ ਘੱਟ ਕੀਮਤ ’ਤੇ ਉਪਲਬਧ ਸਨ। ਇਸ ਤੋਂ ਇਲਾਵਾ ਫ੍ਰੈਂਚਾਈਜ਼ੀ ਐਗਰੀਮੈਂਟ ਦੇ ਉਲੰਘਣ ਦਾ ਦੋਸ਼ ਵੀ ਲਗਾਇਆ ਗਿਆ ਹੈ, ਕਿਉਂਕਿ ਦਿੱਲੀ-ਐਨਸੀਆਰ ਵਿੱਚ ਨਵੀਂ ਯੂਨਿਟ ਖੋਲਣ ਦਾ ਪਹਿਲਾ ਹੱਕ ਡਾਕਟਰ ਥਾਪਰ ਕੋਲ ਸੀ, ਫਿਰ ਵੀ ਕਲੀਨਿਕ ਨੇ ਖੁਦ ਹੀ ਪੰਜਾਬੀ ਬਾਗ ਵਿੱਚ ਨਵੀਂ ਸ਼ਾਖਾ ਖੋਲ ਲਈ। ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਵਿੱਚ 2.14 ਕਰੋੜ ਰੁਪਏ ਦੀ ਠੱਗੀ ਦੀ ਪੁਸ਼ਟੀ ਹੋਈ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਮੁੱਖ ਦੋਸ਼ੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।