‘...ਤੇਰੇ ਪਿਓ ਦੀ ਪੱਗ ਕੁੜੇ’ ਦੀ ਪੇਸ਼ਕਾਰੀ ਨੇ ਭਾਵੁਕ ਕੀਤੇ ਸਰੋਤੇ
‘...ਤੇਰੇ ਪਿਓ ਦੀ ਪੱਗ ਕੁੜੇ’ ਦੀ ਪੇਸ਼ਕਾਰੀ ਨੇ ਭਾਵੁਕ ਕੀਤੇ ਸਰੋਤੇ
Publish Date: Sun, 05 Apr 2026 06:35 PM (IST)
Updated Date: Sun, 05 Apr 2026 06:37 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬੀ ਸਾਹਿਤਕ ਸੱਥ ਪੰਜਾਬ ਦੇ ਗਰੁੱਪ ਹਰਫਾਂ ਦੀ ਲੋਅ ਵੱਲੋਂ ਆਪਣਾ ਚੌਥਾ ਸਾਹਿਤਕ ਪ੍ਰੋਗਰਾਮ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਉਚੇਚੇ ਤੌਰ ਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਪਾਲੀ ਦੇਤਵਾਲੀਆ ਨੇ ਸ਼ਿਰਕਤ ਕੀਤੀ ਅਤੇ ਪੇਸ਼ਕਾਰੀਆਂ ਨਾਲ ਮੁੜ ਸਾਬਤ ਕਰ ਦਿੱਤਾ ਕਿ ਸੱਭਿਆਚਾਰਕ ਗੀਤ ਲਿਖਣ ਅਤੇ ਗਾਉਣ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ। ਦੇਤਵਾਲੀਆ ਨੇ ਜਿੱਥੇ ਹੋਇਆ ਕੀ ਜੇ ਧੀ ਜੰਮ ਪਈ ਅਤੇ ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਸਰੋਤਿਆ ਦੇ ਰੂਬਰੂ ਕੀਤਾ ਉੱਥੇ ਤੇਰੇ ਪਿਆਰ ਤੋਂ ਵਧ ਕੇ ਲੱਖ ਗੁਣਾਂ ਤੇਰੇ ਪਿਓ ਦੀ ਪੱਗ ਕੁੜੇ ਦੀ ਪੇਸ਼ਕਾਰੀ ਨੇ ਸਮਾਗਮ ਵਿੱਚ ਸ਼ਾਮਲ ਸਭ ਨੂੰ ਭਾਵੁਕ ਕਰ ਦਿੱਤਾ। ਗਰੁੱਪ ਹਰਫਾਂ ਦੀ ਲੋਅ ਦੀ ਪ੍ਰਧਾਨ ਸਰਬਜੀਤ ਕੌਰ ਢਿੱਲੋੰ ਨੇ ਇਸ ਮੌਕੇ ਕਿਹਾ ਕਿ ਗਰੁੱਪ ਦੇ ਸਰਪ੍ਰਸਤ ਮਾਹੀ ਮਿੱਠਾਪੁਰੀਆ ਵੱਲੋ ਆਪਣੇ ਮਾਤਾ-ਪਿਤਾ ਦੀ ਯਾਦ ਨੂੰ ਸਮਰਪਣ, ਜੋ ਗਰੁੱਪ ਦਾ ਬੂਟਾ ਲਾਇਆ ਗਿਆ ਸੀ, ਇਹ ਲਗਾਤਾਰ ਉਚਾਈਆਂ ਨੂੰ ਛੂਹ ਰਿਹਾ ਹੈ। ਕਮੇਟੀ ਮੈਂਬਰ ਲਖਵਿੰਦਰ ਕੌਰ ਪਿੰਕੀ, ਮਨਜੀਤ ਕੌਰ ਧੀਮਾਨ ਤੇ ਨਿਰਮਲ ਕੌਰ ਅਮਰਗੜ੍ਹ ਨੇ ਪੰਜਾਬੀ ਸਾਹਿਤ ਤੇ ਆਪੋ-ਆਪਣੇ ਵਿਚਾਰ ਰੱਖਦਿਆਂ ਜਾਣਕਾਰੀ ਦਿੱਤੀ ਕਿ ਗਰੁੱਪ ਵੱਲੋ ਸਾਲ 2025 ਵਿੱਚ ਦੋ ਵੱਡੇ ਸਾਹਿਤਕ ਪ੍ਰੋਗਰਾਮ ਕਰਵਾਏ ਗਏ ਸੀ। ਸਤਬੀਰ ਸਿੰਘ, ਹਰਜਿੰਦਰ ਸਿੰਘ ਮਹਿਣਾ ਤੇ ਸੁਖਵਿੰਦਰ ਸਿੰਘ ਅਟਵਾਲ ਨੇ ਗਰੁੱਪ ਦੇ ਕਮੇਟੀ ਮੈਂਬਰਾਂ ਦੀ ਕਾਰਗੁਜਾਰੀ ਤੇ ਸੰਤੁਸ਼ਟੀ ਪ੍ਰਗਟਾਈ। ਸਟੇਜ ਦਾ ਸੰਚਾਲਨ ਆਪਣੇ ਵੱਖਰੇ ਅੰਦਾਜ਼ ਵਿਚ ਸ਼ਮਸ਼ੇਰ ਸਿੰਘ ਮੱਲ੍ਹੀ ਵੱਲੋਂ ਕੀਤਾ ਗਿਆ। ਜਸਵਿੰਦਰ ਪੰਜਾਬੀ ਪਟਿਆਲਾ, ਗੁਰਦੀਪ ਸਿੰਘ ਲੋਟੇ, ਲਖਵੀਰ ਸਿੰਘ ਧਾਲੀਵਾਲ ਤੇ ਜਗਤਾਰ ਸਿੰਘ ਸਿੱਧੂ ਧੂਰੀ ਨੇ ਮਾਹੀ ਮਿੱਠਾਪੁਰੀਆ ਗੀਤਕਾਰ ਦੇ ਲਿਖੇ ਗੀਤ ਦਾ ਪੋਸਟਰ ਰਿਲੀਜ਼ ਕਰਨ ਤੋਂ ਇਲਾਵਾ ਕਿਤਾਬਾਂ ਬਾਪੂ ਦਾ ਮੁੜ੍ਹਕਾ, ਵਿਛੋੜਾ (ਇੱਕ ਦਰਦ), ਚਿੱਟੀ ਸਿਉਂਕ ਤੇ ਟਾਹਣੀਓਂ ਟੁੱਟਿਆ ਫੁੱਲ ਨੂੰ ਲੋਕ ਅਰਪਣ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਏ ਨੇ ਪੰਜਾਬੀ ਸਾਹਿਤ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਇਸ ਪ੍ਰੋਗਰਾਮ ਵਿਚ ਜਿੱਥੇ ਬਹੁਤ ਸਾਰੇ ਕਵੀਆਂ ਤੇ ਕਵਿੱਤਰੀਆਂ ਨੇ ਆਪਣੇ ਸਾਹਿਤਿਕ ਰਚਨਾਵਾਂ ਰਾਹੀਂ ਚੰਗਾ ਰੰਗ ਬੰਨ੍ਹਿਆ। ਸਮਾਗਮ ਨੂੰ ਸਫਲ ਬਨਾਉਣ ਵਿੱਚ ਹਰਵਿੰਦਰ ਥਰੀਕੇ ਅਤੇ ਸਤਵਿੰਦਰ ਸਿੰਘ ਗੁੱਗ ਥਰੀਕੇ ਦਾ ਵਿਸ਼ੇਸ਼ ਯੋਗਦਾਨ ਰਿਹਾ। ਵੱਖ ਵੱਖ ਬੁਲਾਰਿਆਂ ਨੇ ਆਪੇ ਆਪਣੇ ਪੱਧਰ ਤੇ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਕਾਰਜ ਕਰਨ ਦਾ ਸੱਦਾ ਵੀ ਦਿੱਤਾ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਹਰ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਪਰ ਆਪਣੀ ਮਾਂ ਬੋਲੀ ਨੂੰ ਅਣਗੋਲਿਆਂ ਕਰਕੇ ਨਹੀਂ। ਇਸ ਮੌਕੇ ਕਈ ਅਹਿਮ ਸ਼ਖਸੀਅਤਾਂ ਅਤੇ ਰਚਨਾਵਾਂ ਪੇਸ਼ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਹੋਰਨਾਂ ਤੋ ਇਲਾਵਾ ਸ੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ, ਸੰਧੇ ਸੁਖਬੀਰ, ਬਲਜੀਤ ਸਿੰਘ ਬਾਂਸਲ ਧੂਰੀ, ਜਸਵੰਤ ਕੌਰ ਗਰੇਵਾਲ, ਸੀਮਾ ਰਾਣੀ, ਪ੍ਰਵੀਨ ਨੋਇਡਾ, ਮਸ਼ਹੂਰ ਗੀਤਕਾਰ ਲੱਖਾ ਸਲੇਮਪੁਰੀ ਆਦਿ ਹਾਜ਼ਰ ਸਨ।