‘ਸਾਨੂੰ ਮੋੜ ਦਿਓ ਰੰਗਲਾ ਪੰਜਾਬ’ ਦੀ ਪੇਸ਼ਕਾਰੀ ਨੇ ਮੰਤਰਮੁਗਧ ਕੀਤੇ ਸਰੋਤੇ
‘ਸਾਨੂੰ ਮੋੜ ਦਿਓ ਰੰਗਲਾ ਪੰਜਾਬ’ ਦੀ ਪੇਸ਼ਕਾਰੀ ਨੇ ਮੰਤਰਮੁਗਧ ਕੀਤੇ ਸਰੋਤੇ
Publish Date: Mon, 13 Apr 2026 06:27 PM (IST)
Updated Date: Mon, 13 Apr 2026 06:31 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ਼ ਸੰਗਤ ਘਾਟ (ਬੇਸ ਕੈਂਪ) ਨੇੜੇ ਸੈਂਟਰਲ ਜੇਲ੍ਹ ਤਾਜਪੁਰ ਰੋਡ ਲੁਧਿਆਣਾ ਵਿਖੇ ਤੀਜਾ ਕਵੀ ਦਰਬਾਰ ਕਰਵਾਇਆ ਗਿਆ। ਸੰਤ ਬਲਬੀਰ ਸਿੰਘ ਸੀਚੇਵਾਲ (ਰਾਜ ਸਭਾ ਮੈਂਬਰ) ਨੇ ਦੂਰੋਂ ਅਤੇ ਨੇੜਿਓਂ ਆਈਆਂ ਸੰਗਤਾਂ ਦੀ ਭਰਵੀਂ ਹਾਜ਼ਰੀ ਵਿਚ ਇਸ ਕਵੀ ਦਰਬਾਰ ਦੌਰਾਨ ਬੋਲਦਿਆਂ ਕਿਹਾ ਕਿ ਆਓ ਗੁਰੂ ਨਾਨਕ ਪਾਤਸ਼ਾਹ ਨਾਲ਼ ਸੰਬੰਧਿਤ ਇਸ ਪਵਿੱਤਰ ਬੁੱਢੇ ਦਰਿਆ ਦੀ ਪਵਿੱਤਰਤਾ ਨੂੰ ਮੁੜ ਬਹਾਲ ਕਰਨ ਲਈ ਚੱਲ ਰਹੇ ਕਾਰਜ਼ਾਂ ਵਿਚ ਵੱਧ ਚੜ੍ਹ ਕੇ ਹਿੱਸਾ ਪਾਈਏ ਅਤੇ ਇੰਨਾਂ ਇਤਿਹਾਸਕ ਪਲਾਂ ਦੇ ਚਸ਼ਮਦੀਦ ਗਵਾਹ ਬਣੀਏ। ਉੱਘੇ ਸਾਹਿਤਕਾਰ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ਼ ਵੱਲੋਂ ਕੀਤੇ ਜਾ ਰਹੇ ਮਹਾਨ ਕਾਰਜ਼ਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਆਓ ਪੰਜਾਬੀਓ ਆਪਾਂ ਆਪਣੇ ਪਾਣੀ, ਹਵਾ, ਧਰਤੀ, ਸੱਭਿਆਚਾਰ, ਸਾਫ਼-ਸੁਥਰੇ ਗੀਤ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਹੰਭਲ਼ਾ ਮਾਰੀਏ। ਉੱਚੇ ਤੇ ਸੁੱਚੇ ਕਰਮਯੋਗੀ ਬਣੀਏ। ਆਪਣੇ ਪਿੰਡਾਂ ਤੇ ਸ਼ਹਿਰਾਂ ਨੂੰ ਨਵੀਂ ਦਸ਼ਾ ਤੇ ਦਿਸ਼ਾ ਦਈਏ। ਨੀਰੂ ਕਤਿਆਲ ਗੁਪਤਾ ਆਈਏਐੱਸ ਕਮਿਸ਼ਨਰ ਕਾਰਪੋਰੇਸ਼ਨ ਲੁਧਿਆਣਾ ਨੇ ਵੀ ਬੁੱਢੇ ਦਰਿਆ ਦੀ ਸਫ਼ਾਈ ਵਿੱਚ ਲੁਧਿਆਣਾ ਨਿਵਾਸੀਆਂ ਨੂੰ ਸਹਿਯੋਗ ਦੇਣ ਦਾ ਸੁਨੇਹਾ ਦਿੱਤਾ। ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਵਿਨੀਤ ਕੁਮਾਰ ਨੇ ਵੀ ਬੁੱਢਾ ਦਰਿਆ ਸ਼ੁੱਧੀਕਰਨ ਮੁਹਿੰਮ ਨੂੰ ਲੁਧਿਆਣਾ ਲਈ ਵਰਦਾਨ ਕਿਹਾ। ਮੰਚ ਸੰਚਾਲਨ ਦੀ ਸੇਵਾ ਨਿਭਾਉਂਦਿਆਂ ਕੌਮੀ ਸਨਮਾਨ ਪ੍ਰਾਪਤ ਕਵੀ ਕਰਮਜੀਤ ਸਿੰਘ ਗਰੇਵਾਲ ਨੇ ਕਵੀ ਦਰਬਾਰ ਵਿਚ ਕਵੀਆਂ ਦੀ ਹਾਜ਼ਰੀ ਲਗਵਾਈ। ਪ੍ਰਸਿੱਧ ਲੇਖਿਕਾ ਡਾਕਟਰ ਗੁਰਚਰਨ ਕੌਰ ਕੋਚਰ ਵੱਲੋਂ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਮਹਿਮਾ ਵਿੱਚ ਸੁਣਾਈ ਰਚਨਾ ਨੇ ਸਰੋਤਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਸਾਫ਼-ਸੁਥਰੀ ਤੇ ਅਰਥਪੂਰਨ ਗਾਇਕੀ ਲਈ ਜਾਣੇ ਜਾਂਦੇ ਸ੍ਰੋਮਣੀ ਗਾਇਕ ਪਾਲੀ ਦੇਤਵਾਲ਼ੀਆ ਨੇ ਸਾਨੂੰ ਮੋੜ ਦਿਉ ਰੰਗਲਾ ਪੰਜਾਬ, ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਅਤੇ ਮਾਵਾਂ ਗੀਤ ਸੁਣਾ ਕੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਇਸ ਤੋਂ ਬਾਅਦ ਅਮਰਜੀਤ ਸਿੰਘ ਸ਼ੇਰਪੁਰੀ, ਜਗਪਾਲ ਸਿੰਘ ਜੱਗਾ ਜਮਾਲਪੁਰੀ, ਸੁਖਬੀਰ ਸੰਧੇ, ਦਵਿੰਦਰ ਸਿੰਘ ਖਾਸੀ ਕਲਾਂ ਜੇਈ ਅਤੇ ਦਲਬੀਰ ਕਲੇਰ ਨੇ ਬੁਲੰਦ ਅਵਾਜ਼ ਵਿੱਚ ਗੀਤ ਅਤੇ ਕਵਿਤਾਵਾਂ ਸੁਣਾ ਕੇ ਉਸਾਰੂ ਸੁਨੇਹਾ ਦਿੱਤਾ। ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਕਵੀਆਂ ਅਤੇ ਸੇਵਾਦਾਰਾਂ ਨੂੰ ਪੌਦੇ, ਸਿਰੋਪਾਓ ਅਤੇ ਦਸਤਾਰਾਂ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸੇਵਾਦਾਰ ਸੁਖਜੀਤ ਸਿੰਘ ਸੀਚੇਵਾਲ, ਹਰਦੇਵ ਸਿੰਘ ਦੌਧਰ, ਪਾਲ ਸਿੰਘ ਨੌਲੀ, ਇਲਾਕੇ ਦੀਆਂ ਪੰਚਾਇਤਾਂ ਅਤੇ ਹੋਰ ਅਨੇਕਾਂ ਸਿਰਕੱਢ ਸ਼ਖਸੀਅਤਾਂ ਹਾਜ਼ਰ ਸਨ।