ਦਿਵਿਆਂਗ ਬੱਚੇ ਨਾਲ ਕੁਕਰਮ ਬਾਅਦ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ, ਮੁਲਜ਼ਮ ਕਾਬੂ
ਦਿਵਿਆਂਗ ਬੱਚੇ ਨਾਲ ਕੁਕਰਮ ਬਾਅਦ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ, ਮੁਲਜ਼ਮ ਕਾਬੂ
Publish Date: Mon, 08 Jun 2026 07:21 PM (IST)
Updated Date: Tue, 09 Jun 2026 04:09 AM (IST)

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : 14 ਸਾਲ ਦੇ ਦਿਵਿਆਂਗ ਬੱਚੇ ਨਾਲ ਕੁਕਰਮ ਤੋਂ ਬਾਅਦ ਕਤਲ ਕਰਨ ਦੇਣ ਦੇ ਮਾਮਲੇ ਦੀ ਗੁੱਥੀ ਖੰਨਾ ਪੁਲਿਸ ਵੱਲੋਂ ਸੁਲਝਾਈ ਗਈ ਹੈ। ਇਸ ਮਾਮਲੇ ’ਚ ਪੁਲਿਸ ਨੇ ਇੱਕ ਮੁਲਜ਼ਮ ਕਾਬੂ ਕੀਤਾ ਹੈ। ਇਹ ਮਾਮਲਾ ਇੱਕ ਮਹੀਨੇ ਲਗਾਤਾਰ ਜਾਂਚ ਸਦਕਾ ਹੱਲ ਹੋਇਆ ਹੈ। ਮੁਲਜ਼ਮ ਦੀ ਪਛਾਣ ਮੰਨੀ ਕੁਮਾਰ ਪੁੱਤਰ ਦੇਵ ਸਿੰਘ ਵਾਸੀ ਦੋਰਾਹਾ ਵੱਜੋਂ ਹੋਈ। ਜਿਸ ਨੂੰ ਭਵਾਨੀਗੜ੍ਹ (ਸੰਗਰੂਰ) ਇਲਾਕੇ ਤੋਂ ਕਾਬੂ ਕੀਤਾ। ਇਹ ਮੁਲਜ਼ਮ ਪਹਿਲਾਂ ਵੀ ਆਦਤਨ ਜਿਨਸੀ ਅਪਰਾਧੀ ਹੈ। ਇਹ ਜਾਣਕਾਰੀ ਕਪਤਾਨ ਪੁਲਿਸ (ਆਈ) ਪਵਨਜੀਤ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪੂਰੀ ਤਰ੍ਹਾਂ ਅੰਨ੍ਹਾ ਸੀ, ਜਿਸ ’ਚ ਨਾ ਕੋਈ ਪ੍ਰਤੱਖ ਗਵਾਹ ਸੀ ਤੇ ਨਾ ਹੀ ਕੋਈ ਤਕਨੀਕੀ ਸੁਰਾਗ ਮੌਜੂਦ ਸੀ। ਫਿਰ ਵੀ ਖੰਨਾ ਪੁਲਿਸ ਨੇ ਲਗਭਗ ਇੱਕ ਮਹੀਨੇ ਤੱਕ ਦਿਨ-ਰਾਤ ਕੀਤੀ ਗਈ ਮਿਹਨਤ, ਬਾਰੀਕੀ ਨਾਲ ਕੀਤੀ ਜਾਂਚ ਅਤੇ ਖੁਫੀਆ ਜਾਣਕਾਰੀ ਦੇ ਆਧਾਰ ਤੇ ਇਸ ਮਾਮਲੇ ਦੀ ਗੁੱਥੀ ਸੁਲਝਾਉਣ ’ਚ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਮਿਤੀ 06 ਮਈ 2026 ਨੂੰ ਗੁਰਦੁਆਰਾ ਕਟਾਣਾ ਸਾਹਿਬ, ਦੋਰਾਹਾ ਨੇੜਲੇ ਜੰਗਲਾਤੀ ਖੇਤਰ ’ਚ ਰਹਿੰਦੇ 14 ਸਾਲਾ ਦਿਵਿਆਂਗ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਸੂਚਨਾ ਮਿਲਦਿਆਂ ਹੀ ਦੋਰਾਹਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਪੁਲਿਸ ਟੀਮਾਂ ਨੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਜੰਗਲਾਤੀ ਇਲਾਕੇ ’ਚ ਖੋਜ ਕੀਤੀ ਅਤੇ ਬੱਚੇ ਦੇ ਸਮਾਨ ਨਾਲ ਜੁੜੇ ਸੁਰਾਗਾਂ ਦਾ ਪਿੱਛਾ ਕਰਦਿਆਂ ਇੱਕ ਛੱਪੜ ਤੱਕ ਪਹੁੰਚ ਕੀਤੀ। ਬਾਅਦ ’ਚ ਗੋਤਾਖੋਰਾਂ ਦੀ ਮੱਦਦ ਨਾਲ ਉਥੋਂ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ, ਜਿਸਤੇ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਗਈ। ਬਾਅਦ ’ਚ ਜੁਰਮ 6 ਪੋਕਸੋ ਐਕਟ ਦਾ ਵਾਧਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਦੀ ਭੂਗੋਲਿਕ ਸਥਿਤੀ ਤੇ ਸੁੰਨਸਾਨ ਹੋਣ ਕਾਰਨ ਪੁਲਿਸ ਨੂੰ ਨਾ ਤਾਂ ਕੋਈ ਸੀਸੀਟੀਵੀ ਫੁਟੇਜ ਮਿਲੀ ਅਤੇ ਨਾ ਹੀ ਕੋਈ ਹੋਰ ਤਕਨੀਕੀ ਸਬੂਤ ਜਾਂ ਡਿਜ਼ੀਟਲ ਲੀਡ ਹਾਸਲ ਹੋਈ। ਇਸ ਦੇ ਬਾਵਜੂਦ ਖੰਨਾ ਪੁਲਿਸ ਨੇ ਇਸ ਕੇਸ ਨੂੰ ਇੱਕ ਵੱਡੀ ਚੁਣੌਤੀ ਵਜੋਂ ਸਵੀਕਾਰ ਕਰਦਿਆਂ ਹਜ਼ਾਰਾਂ ਲੋਕਾਂ ਨਾਲ ਪੁੱਛਗਿੱਛ, ਸੈਂਕੜੇ ਸ਼ੱਕੀਆਂ ਦੀ ਤਸਦੀਕ, ਲਗਾਤਾਰ ਮੈਦਾਨੀ ਜਾਂਚ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਦਾ ਕੰਮ ਜਾਰੀ ਰੱਖਿਆ। ਜਾਂਚ ਦੌਰਾਨ ਪੁਲਿਸ ਨੇ ਲਗਾਤਾਰ ਕੰਮ ਕਰਕੇ ਮੁਲਜ਼ਮ ਦੀ ਪਛਾਣ ਕੀਤੀ। ਜਾਂਚ ’ਚ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਇੱਕ ਆਦਤੀ ਜਿਨਸੀ ਅਪਰਾਧੀ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਬਲਾਤਕਾਰ ਦਾ ਮਾਮਲਾ ਦਰਜ ਹੈ। ਪੁਲਿਸ ਟੀਮ ਨੇ ਮੁਲਜ਼ਮ ਨੂੰ ਭਵਾਨੀਗੜ੍ਹ (ਸੰਗਰੂਰ) ਇਲਾਕੇ ਤੋਂ ਕਾਬੂ ਕੀਤਾ। ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਮੰਨੀ ਕੁਮਾਰ ਛੌਟੀ ਉਮਰ ਅਤੇ ਵੱਧ ਉਮਰ ਦੇ ਵਿਅਕਤੀਆ ਨੂੰ ਆਪਣੀ ਵਾਰਦਾਤ ਦਾ ਨਿਸ਼ਾਨਾ ਬਣਾਉਦਾ ਹੈ। ਜਿਸਨੇ ਪਹਿਲਾ ਵੀ ਇੱਕ 69 ਸਾਲ ਦੀ ਬਜੁਰਗ ਔਰਤ ਨੂੰ ਆਪਣੀ ਵਾਰਦਾਤ ਦਾ ਨਿਸ਼ਾਨਾ ਬਣਾਕੇ ਉਸ ਨਾਲ ਸੋਸਣ ਕੀਤਾ, ਜਿਸ ਖਿਲ਼ਾਫ ਉਸ ਮਾਮਲੇ ਸਬੰਧੀ ਮੁਕੱਦਮਾ ਦਰਜ ਹੈ। ਇਸ ਮੌਕੇ ਡੀਐੱਸਪੀ ਆਈ ਮੋਹਿਤ ਕੁਮਾਰ ਸਿੰਗਲਾ, ਡੀਐੱਸਪੀ ਪਾਇਲ ਹਰਮਨਪ੍ਰੀਤ ਸਿੰਘ, ਇੰਸਪੈਕਟਰ ਅਕਾਸ਼ ਦੱਤ, ਮੁੱਖ ਅਫਸਰ ਦੋਰਾਹਾ ਮੌਜੂਦ ਸਨ।