ਸਿੱਖ ਪੰਥ ਨੂੰ ਹਮੇਸ਼ਾ ਪੀੜਤ ਕਰਦੀ ਰਹੇਗੀ 84 ਦੇ ਘੱਲੂਘਾਰੇ ਦੀ ਯਾਦ : ਸੰਤ ਅਮੀਰ ਸਿੰਘ
ਸਿੱਖ ਪੰਥ ਨੂੰ ਹਮੇਸ਼ਾਂ ਪੀੜਤ ਕਰਦੀ ਰਹੇਗੀ 84 ਦੇ ਘੱਲੂਘਾਰੇ ਦੀ ਯਾਦ- ਸੰਤ ਅਮੀਰ ਸਿੰਘ
Publish Date: Sat, 06 Jun 2026 07:22 PM (IST)
Updated Date: Sun, 07 Jun 2026 04:08 AM (IST)

ਸੰਗਤਾਂ ਨੇ ਜਵੱਦੀ ਟਕਸਾਲ ਵਿਖੇ ਜੂਨ 1984 ਦੇ ਘੱਲੂਘਾਰੇ ਨੂੰ ਸਮਰਪਿਤ ਸੰਗਤੀ ਰੂਪ ਚ ਕੀਤੀ ਅਰਦਾਸ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਸ਼ਨਿੱਚਰਵਾਰ ਨੂੰ ਗੁਰਬਾਣੀ ਦੇ ਪ੍ਰਚਾਰ-ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਦੀ ਅਗਵਾਈ ਹੇਠ ਜੁੜੀਆਂ ਸੰਗਤਾਂ ਨੇ ਜੂਨ 1984 ਦੇ ਘੱਲੂਘਾਰੇ ਨੂੰ ਸਮਰਪਿਤ ਸੰਗਤੀ ਰੂਪ ’ਚ ਅਰਦਾਸ ਕੀਤੀ। ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਬਾਬਾ ਜੀ ਨੇ ਕਿਹਾ ਕਿ ਹਰ ਵਰ੍ਹੇ ਜੂਨ ਦਾ ਮਹੀਨਾ ਇੱਕ ਅਸਹਿ ਪੀੜ ਤੇ ਅਕਹਿ ਦਰਦ ਦਾ ਅਹਿਸਾਸ ਲੈ ਕੇ ਆਉਂਦਾ ਹੈ। ਜੂਨ ਮਹੀਨਾ ਜੋ ਕਿ ਸਖਤ ਤੇ ਬੇਦਰਦ ਮੰਨਿਆ ਜਾਂਦਾ ਹੈ, ’ਚ ਵਿਉਂਤਬੰਦੀ ਨਾਲ ਦੇਸ਼ ਦੀ ਤਤਕਾਲੀ ਕੇਂਦਰ ਸਰਕਾਰ ਨੇ ਸਿੱਖ ਪੰਥ ਨੂੰ ਮਿਟਾਉਣ ਲਈ ਜੂਨ ਮਹੀਨੇ ਦੇ ਪਹਿਲੇ ਹਫਤੇ ਨੂੰ ਚੁਣਿਆ। ਸਿੱਖ ਧਰਮ ਦੇ ਪਰਮ ਪਵਿੱਤਰ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਭਾਰਤੀ ਫੌਜ ਵੱਲੋਂ ਹੱਲਾ ਬੋਲਿਆ ਗਿਆ, ਇਸ ਅਸਥਾਨ ’ਤੇ ਜਿਸ ਦੇ ਚਾਰੇ ਦਰਵਾਜ਼ੇ ਹਰ ਵੇਲੇ ਸੱਚੀ ਸ਼ਰਧਾ ਤੇ ਰੂਹਾਨੀ ਸ਼ਾਂਤੀ ਦੇ ਚਾਹਵਾਨ ਮਨੁੱਖ ਮਾਤਰ ਨੂੰ ਬਗੈਰ ਵਿਤਕਰੇ ਵਖਰੇਵੇ ਦੇ ਆਪਣੀ ਸੁਖਾਵੀ ਗੋਦ ’ਚ ਆਉਣ ਦਾ ਸੱਦਾ ਦਿੰਦੇ ਹਨ। ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਹਰ ਵੇਲੇ ਕੇਵਲ ਗੁਰਬਾਣੀ ਕੀਰਤਨ ਦਾ ਹੀ ਪਰਵਾਹ ਚੱਲਦਾ ਰਹਿੰਦਾ ਹੈ ਤੇ ਜੋ ਸਭਨਾਂ ਨੂੰ ਅਨੋਖਾ ਖੇੜਾ ਪ੍ਰਧਾਨ ਕਰਦਾ ਹੈ। ਮੀਰੀ-ਪੀਰੀ ਸਿਧਾਂਤ ਤੇ ਹੱਕ-ਸੱਚ ਦੇ ਸਰੋਕਾਰ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨਦਾਰ ਇਮਾਰਤ ਨੂੰ ਇਸ ਹੱਲੇ ਦਾ ਖਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਟੈਂਕਾਂ-ਤੋਪਾਂ-ਮਸ਼ੀਨਗੰਨਾਂ ਨਾਲ ਇਸ ਇਮਾਰਤ ਨੂੰ ਢਾਹ ਕੇ ਉਦੋਂ ਦੀ ਸਰਕਾਰ ਇਸ ਨੂੰ ਆਪਣੀ ਦਲੇਰੀ ਸਮਝ ਰਹੀ ਸੀ, ਜਦਕਿ ਸਮੁੱਚਾ ਨਿਰਪੱਖ ਸੰਸਾਰ ਤਰਾਹ-ਤਰਾਹ ਕਰ ਰਿਹਾ ਸੀ ਤੇ ਸਿੱਖ ਪੰਥ ਦਾ ਹਿਰਦਾ ਛਲਣੀ-ਛਲਣੀ ਹੋ ਗਿਆ ਸੀ, ਕਿਉਕਿ ਜਿਸ ਦੇਸ਼ ਦੀ ਆਜ਼ਾਦੀ ਵਾਸਤੇ ਗੁਰੂ ਪਾਤਸ਼ਾਹ ਵੱਲੋਂ ਸਾਜੇ ਨਿਵਾਜੇ ਇਸ ਸਿੱਖ ਪੰਥ ਨੇ ਬੇਮਿਸਾਲ ਹਿੱਸਾ ਪਾਇਆ ਤੇ ਜਿਸ ਦੇਸ਼ ਦੇ ਭੂਗੋਲਿਕ ਸਮਾਜਿਕ-ਆਰਥਿਕ ਸੱਭਿਆਚਾਰਕ ਤੇ ਸਦਾਚਾਰਕ ਵਿਕਾਸ ਵਾਸਤੇ ਵੀ ਅਦੁੱਤੀ ਕੰਮ ਕੀਤਾ ਸੀ ਤੇ ਸਰਹੱਦਾਂ ਪੁਰ ਦੇਸ਼ ਦੀ ਰਖਵਾਲੀ ਦੇ ਫਰਜ਼ ਨੂੰ ਅਨੇਕਾਂ ਕੁਰਬਾਨੀਆਂ ਦੇ ਕੇ ਨਿਭਾਇਆ ਸੀ, ਉਸ ਪੰਥ, ਉਸ ਕੌਮ ਦੇ ਖਿਲਾਫ ਅਜਿਹਾ ਘਿਨਾਉਣਾ ਹੱਲਾ ਬਿਨਾਂ ਸ਼ੱਕ ਦੇ ਦੁਖਦਾਈ ਤੇ ਹੈਰਾਨੀ ਵਾਲੀ ਗੱਲ ਹੈ। ਇਹ ਵੇਲੇ ਦੀ ਸਰਕਾਰ ਵੱਲੋਂ ਕੀਤਾ ਗਿਆ ਅਤਿ ਦੁਸ਼ਟ ਕਰਮ ਹੈ, ਜਿਸ ਦੀ ਯਾਦ ਸਿੱਖ ਪੰਥ ਨੂੰ ਹਮੇਸ਼ਾ ਪੀੜਤ ਕਰਦੀ ਰਹੇਗੀ, ਜਿਨਾਂ ਸਿੱਖ ਗੁਰੂ ਸਾਹਿਬਾਨਾਂ ਨੇ ਦੇਸ਼ ਦੀਆਂ ਸਦੀਆਂ ਦੇ ਗੁਲਾਮੀ ਦੇ ਸੰਗਲ ਕੱਟਣ ਵਾਸਤੇ ਮਹਾਨ ਕਾਰਜ ਕੀਤੇ ਦੇਸ਼ ਕੌਮ ਤੇ ਅਨੇਕਾਂ ਪਰਉਪਕਾਰ ਕੀਤੇ ਉਨਾਂ ਦੇ ਹੀ ਪਵਿੱਤਰ ਅਸਥਾਨਾਂ ਨੂੰ ਹੱਲਿਆਂ ਦਾ ਨਿਸ਼ਾਨਾ ਬਣਾਉਣਾ ਸਿਖਰਲੇ ਦਰਜ ਦੀ ਅਕ੍ਰਿਤਘਣਤਾ ਹੈ।