ਗੁਰਦੁਆਰਾ ਨਾਨਕਸਰ ਝੋਰੜਾਂ ’ਚ ਬੀਤੀ ਰਾਤ ਮੁੱਖ ਸਮਾਗਮ ਸ਼ੁਰੂ
ਗੁਰਦੁਆਰਾ ਨਾਨਕਸਰ ਝੋਰੜਾਂ ’ਚ ਬੀਤੀ ਰਾਤ ਮੁੱਖ ਸਮਾਗਮ ਸ਼ੁਰੂ
Publish Date: Sat, 21 Mar 2026 06:36 PM (IST)
Updated Date: Sun, 22 Mar 2026 04:11 AM (IST)

-ਨੌਵੀਂ ਲੜੀ ਦੇ ਪਾਠਾਂ ਦੇ ਭੋਗ ਪਾਏ, ਵਿਧਾਇਕਾ ਸਮੇਤ ਹੋਰ ਸ਼ਖਸੀਅਤਾਂ ਹੋਈਆਂ ਨਤਮਸਤਕ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਗੁਰਦੁਆਰਾ ਨਾਨਕਸਰ ਝੋਰੜਾਂ ਠਾਠ ਤੇਰਾਂ ਮੰਜ਼ਿਲਾਂ ਵਿਖੇ 26 ਰੋਜਾ ਧਾਰਮਿਕ ਸਮਾਗਮਾਂ ’ਚ ਬੀਤੀ ਰਾਤ ਤੋਂ ਮੁੱਖ ਸਮਾਗਮਾਂ ਦਾ ਆਗਾਜ਼ ਹੋਇਆ। ਸ਼ੁੱਕਰਵਾਰ ਰਾਤ ਨੂੰ ਸਜਾਏ ਗਏ ਕੀਰਤਨ ਦਰਬਾਰ ਵਿਚ ਪੰਥ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਸ਼ਨੀਵਾਰ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠਾਂ ਦੀ ਨੌਵੀਂ ਲੜੀ ਦੇ ਭੋਗ ਪਾਏ ਗਏ, ਨਾਲ ਹੀ ਦਸਵੀਂ ਲੜੀ ਦੇ ਪਾਠ ਪ੍ਰਕਾਸ਼ ਹੋਏ। ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਉਨ੍ਹਾਂ ਤੋਂ ਵਰੋਸਾਇ ਸੱਚਖੰਡ ਵਾਸੀ ਸੰਤ ਬਾਬਾ ਨਾਰਾਇਣ ਸਿੰਘ ਜੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਸਮਾਗਮਾਂ ’ਚ ਰੋਜਾਨਾ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ। ਅੱਜ ਧਾਰਮਿਕ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕਿਹਾ ਕਿ ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਜੀ ਨਾਮ-ਸਿਮਰਨ ਦੇ ਰਸੀਏ ਅਤੇ ਭਗਤੀ ਦਾ ਮੁਜੱਸਮਾ ਸਨ, ਜਿਨ੍ਹਾਂ ਇਸ ਪਵਿੱਤਰ ਧਰਤੀ ’ਤੇ ਤਪ ਕਰਦਿਆਂ ਸੰਗਤਾਂ ਨੂੰ ਗੁਰੂ ਲੜ ਲਾਇਆ। ਉਨ੍ਹਾਂ ਤੋਂ ਵਰੋਸਾਇ ਸੱਚਖੰਡ ਵਾਸੀ ਸੰਤ ਬਾਬਾ ਨਰਾਇਣ ਸਿੰਘ ਜੀ ਨੇ ਸਮੁੱਚਾ ਜੀਵਨ ਗੁਰੂ ਲੇਖੇ ਲਾਉਂਦਿਆਂ ਵੱਡੀਆਂ ਧਾਰਮਿਕ ਸੇਵਾਵਾਂ ਨਿਭਾਈਆਂ। ਇਸ ਮੌਕੇ ਭਾਈ ਜਸਵਿੰਦਰ ਸਿੰਘ ਬਿੰਦੀ ਅਤੇ ਭਾਈ ਗੇਜਾ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ 26 ਰੋਜਾ ਚੱਲ ਰਹੇ ਧਾਰਮਿਕ ਸਮਾਗਮਾਂ ’ਚ 25 ਮਾਰਚ ਨੂੰ ਜਿੱਥੇ ਸ੍ਰੀ ਸੰਪਟ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ, ਉਥੇ 26 ਮਾਰਚ ਨੂੰ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ’ਚ ਦੇਸ਼ ਦੁਨੀਆਂ ਦੀਆਂ ਸੰਗਤਾਂ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਸਮਾਗਮਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। 26 ਮਾਰਚ ਦੇ ਨਗਰ ਕੀਰਤਨ ਦੀ ਖੁਸ਼ੀ ਵਿਚ ਪੂਰੇ ਪਿੰਡ ਨੂੰ ਸੰਗਤਾਂ ਵੱਲੋਂ ਸਜਾਇਆ ਜਾ ਰਿਹਾ ਹੈ, ਥਾਂ ਥਾਂ ਸਵਾਗਤੀ ਗੇਟ ਲੱਗ ਰਹੇ ਹਨ। ਅੱਜ ਦੇ ਸਮਾਗਮ ਵਿਚ ਪੁੱਜੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਇਸ ਪਵਿੱਤਰ ਦਰ ’ਤੇ ਸੱਚੇ ਮਨ ਨਾਲ ਨਤਮਸਤਕ ਹੋਣ ਨਾਲ ਸਭ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਨਿਭਾਈਆਂ ਜਾ ਰਹੀਆਂ ਧਾਰਮਿਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰਦੁਆਰਾ ਨਾਨਕਸਰ ਝੋਰੜਾਂ ਭਗਤੀ ਦਾ ਪਵਿੱਤਰ ਧਾਰਮਿਕ ਸਥਾਨ ਹੈ, ਜਿਥੇ 24 ਘੰਟੇ ਗੁਰਬਾਣੀ ਦਾ ਪ੍ਰਵਾਹ ਵੱਗਦਾ ਹੈ। ਇਸ ਮੌਕੇ ਸਰਪੰਚ ਗੋਪਾਲ ਸਿੰਘ ਪਾਲੀ ਡੱਲਾ, ਸਰਪੰਚ ਹਰਪ੍ਰੀਤ ਸਿੰਘ ਹੈਪੀ ਮਾਣੂੰਕੇ, ਗੁਰਮੀਤ ਸਿੰਘ ਸ਼ੇਰਪੁਰ ਆਦਿ ਹਾਜ਼ਰ ਸਨ।