- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੱਦ ਹੋ ਗਈ ਹੁਣ ਤਾਂ ! 75 ਹਜਾਰ ਦਾ ਇੱਕ ਖੰਭਾ

ਸੰਜੀਵ ਗੁਪਤਾ, ਪੰਜਾਬੀ ਜਾਗਰਣ,
ਜਗਰਾਓਂ : ਜਗਰਾਓਂ ਨਗਰ ਕੌਂਸਲ ਵੱਲੋਂ ਸ਼ਹਿਰ ਵਿਚ ਸਟਰੀਟ ਲਾਈਟਾਂ ਦਾ ਪ੍ਰਬੰਧ ਕਰਨ ਲਈ ਢਾਈ ਕਰੋੜ ਦੀ ਲਾਗਤ ਨਾਲ 200 ਖੰਭਾ ਖ਼ਰੀਦਣ ਦੀ ਤਿਆਰੀ ਕਰਨ ਦਾ ਅੱਜ ਮੀਟਿੰਗ ਵਿਚ ਜ਼ੋਰਦਾਰ ਵਿਰੋਧ ਹੋਇਆ। ਨਗਰ ਕੌਂਸਲ ਦੇ ਇਸ ਬਿਜਲੀ ਦੇ ਖੰਭੇ ਖ਼ਰੀਦਣ ਦੇ ਮਤੇ ’ਤੇ ਵਿਰੋਧੀ ਧਿਰ ਨੇ ਸ਼ੀਸ਼ਾ ਦਿਖਾਉਂਦਿਆਂ ਦੱਸਿਆ ਕਿ ਇਸ ਤਰ੍ਹਾਂ ਇੱਕ ਖੰਭਾ 75 ਹਜ਼ਾਰ ਦਾ ਹੋਵੇਗਾ, ਜਿਸ ਤੋਂ ਸਾਫ਼ ਹੈ ਕਿ ਵੱਡੇ ਗੜਬੜ ਘੁਟਾਲੇ ਦੀ ਤਿਆਰੀ ਚੱਲ ਰਹੀ ਹੈ। ਹਾਲਾਂਕਿ ਕਾਰਜਕਾਰੀ ਪ੍ਰਧਾਨ ਦੇ ਧੜੇ ਨੇ ਇਸ ਦੇ ਬਾਵਜੂਦ ਇਸ ਮਤੇ ’ਤੇ ਸਹਿਮਤੀ ਜਿਤਾਈ ਪਰ ਵਿਰੋਧੀ ਧਿਰ ਨੇ ਇਸ ਦਾ ਵਿਰੋਧ ਦਰਜ ਕਰਵਾਇਆ। ਜਗਰਾਓਂ ਨਗਰ ਕੌਂਸਲ ਦੀ ਮੀਟਿੰਗ ਵਿਚ ਏਜੰਡੇ ਦੇ ਮਤਾ ਨੰਬਰ 16 ਵਿਚ 2 ਕਰੋੜ 40 ਲੱਖ ਦੀ ਕੀਮਤ ਦੇ ਖੰਭੇ ਖ਼ਰੀਦਣ ਦਾ ਮਤਾ ਆਇਆ ਤਾਂ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ, ਕੌਂਸਲਰ ਹਿਮਾਂਸ਼ੂ ਮਲਿਕ, ਕੌਂਸਲਰ ਰਮੇਸ਼ ਸਹੋਤਾ ਨੇ ਵਿਰੋਧ ਕਰਦਿਆਂ ਕਿਹਾ ਕਿ ਇਹ ਅੰਨ੍ਹੀ ਲੁੱਟ ਹੈ, ਇਸ ਦੀ ਖ਼ਰੀਦ ਤੋਂ ਪਹਿਲਾਂ ਹਾਊਸ ਨੂੰ ਦੱਸਿਆ ਜਾਵੇ ਕਿ ਇਹ ਖੰਭੇ ਸ਼ਹਿਰ ਵਿਚ ਕਿੱਥੇ ਲੱਗਣੇ ਹਨ। ਜਿਥੋਂ ਤਕ ਉਨ੍ਹਾਂ ਨੂੰ ਪਤਾ ਹੈ ਕਿ ਸਟਰੀਟ ਲਾਈਟਾਂ ਲਈ ਖੰਭਿਆਂ ਦੀ ਜ਼ਰੂਰਤ ਨਹੀਂ ਖੰਭੇ ਲੱਗੇ ਹੋਏ ਹਨ। ਇਨ੍ਹਾਂ ’ਤੇ ਲੱਗੀਆਂ ਸਟਰੀਟ ਲਾਈਟਾਂ ਜ਼ਰੂਰ ਬਦਲਣ ਦੀ ਲੋੜ ਹੈ। ਇਸੇ ਤਰ੍ਹਾਂ ਕੌਂਸਲਰ ਹਿਮਾਂਸ਼ੂ ਮਲਿਕ ਨੇ ਨਗਰ ਕੌਂਸਲ ਦਾ ਇੱਕ ਹੋਰ ਵੱਡਾ ਕਾਰਨਾਮਾ ਜਗ ਜਾਹਰ ਕਰਦਿਆਂ ਹੈਰਾਨ ਕਰ ਦਿੱਤਾ ਜਿਸ ਵਿਚ ਉਨ੍ਹਾਂ ਅੱਜ ਦੀ ਮੀਟਿੰਗ ਦੇ ਮਤਾ ਨੰਬਰ 40 ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਮਤੇ ਵਿਚ ਲੋਪੋ ਅਗਵਾੜ ਦੀ ਸੜਕ ਦੇ ਨਿਰਮਾਣ ਲਈ ਕਰੀਬ 24 ਲੱਖ ਰੁਪਏ ਦਾ ਮਤਾ ਪਾਇਆ ਗਿਆ ਹੈ, ਜਦਕਿ ਇਸ ਸੜਕ ਨੂੰ ਬਣਾਉਣ ਦੀ ਪ੍ਰਵਾਨਗੀ ਲਈ 6 ਮਹੀਨੇ ਪਹਿਲਾਂ ਹੀ 20 ਲੱਖ ਰੁਪਏ ਪਾਸ ਕੀਤੇ ਗਏ ਹਨ, ਜਿਸ ਦਾ ਬਕਾਇਦਾ ਵਰਕ ਆਰਡਰ ਵੀ ਕੱਟਿਆ ਜਾ ਚੁੱਕਾ ਹੈ। ਇਸ 6 ਮਹੀਨੇ ਵਿਚ ਇੱਕੋ ਸੜਕ ਤੇ ਦੁਬਾਰਾ ਮਤਾ ਪਾਉਣ, ਉਹ ਵੀ 4 ਲੱਖ ਰੁਪਏ ਵਧਾ ਕੇ ਦਰਸਾਉਣਾ ਨਗਰ ਕੌਂਸਲ ਦੇ ਗੜਬੜ ਘੁਟਾਲਿਆਂ ਦਾ ਸਬੂਤ ਹੈ। ਉਨ੍ਹਾਂ ਇਸੇ ਤਰ੍ਹਾਂ ਇੱਕ ਹੋਰ ਮੁਸ਼ਕਿਲ ਨਾਲ 4-5 ਫੁੱਟ ਦੀ ਗਲੀ ਵਿਚ ਸੜਕ ਬਣਾਉਣ ’ਤੇ ਢਾਈ ਲੱਖ ਰੁਪਏ ਦੇ ਮਤੇ ਪਾਉਣ ਨੂੰ ਵੀ ਅੰਨੀ ਲੁੱਟ ਕਰਾਰ ਦਿੱਤਾ।
------------
ਅੱਜ ਦੀ ਮੀਟਿੰਗ ਵਿਚ ਨਗਰ ਕੌਂਸਲ ਨੂੰ ਮੂੰਹ ਦੀ ਖਾਣੀ ਪਈ
ਜਗਰਾਓਂ ਨਗਰ ਕੌਂਸਲ ਦੀ ਮੀਟਿੰਗ ਵਿਚ 75 ਹਜ਼ਾਰ ਪ੍ਰਤੀ ਖੰਭੇ ਦੀ ਖ਼ਰੀਦ, ਪਹਿਲਾਂ ਹੀ ਪਾਸ ਕੀਤੀ ਗਈ ਸੜਕ ਦਾ ਮੁੜ 24 ਲੱਖ ਰੁਪਏ ਦਾ ਕੰਮ ਪਾਉਣ, 5 ਕੁ ਫੁੱਟ ਸੜਕ ਬਣਾਉਣ ’ਤੇ ਢਾਈ ਲੱਖ ਦਾ ਮਤਾ ਪਾਉਣ ਦੇ ਮਾਮਲੇ ਅੱਜ ਦੀ ਮੀਟਿਗ ਵਿਚ ਚਰਚਾ ਬਣੇ ਰਹੇ। ਉਸੇ ਤਰ੍ਹਾਂ ਅੱਜ ਦੇ ਮਤੇ ਵਿਚ 72 ਨੰਬਰ ਮਤਾ ਜਿਸ ਵਿਚ ਸਿਰਫ਼ ਸਾਹਿਲ ਦੇ ਘਰ ਵਾਲੀ ਸੜਕ ਲਿਖ ਕੇ 31 ਲੱਖ ਰੁਪਏ ਪਾਸ ਕਰਨ ਲਈ ਰੱਖਿਆ ਗਿਆ ਦਾ ਵੀ ਤਿੱਖਾ ਵਿਰੋਧ ਹੋਇਆ ਤਾਂ ਇਸ ਨੂੰ ਕੈਂਸਲ ਕਰਨਾ ਪਿਆ। ਇਹੀ ਨਹੀਂ 71 ਨੰਬਰ ਮਤੇ ਵਿਚ ਸ਼ਮਸ਼ਾਨਘਾਟ ਦੀ ਬਾਊਂਡਰੀਵਾਲ ਦਾ ਮਤਾ ਆਇਆ ਤਾਂ ਇਹ ਸ਼ਮਸ਼ਾਨਘਾਟ ਕਿੱਥੇ ਹੈ ’ਤੇ ਝਾਤ ਮਾਰੀ ਗਈ ਤਾਂ ਪਤਾ ਲੱਗਾ ਕਿ ਜਿਸ ਜਗ੍ਹਾ ’ਤੇ ਬਾਊਂਡਰੀਵਾਲ ਲਈ ਲੱਖਾਂ ਰੁਪਏ ਖਰਚਣ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਿਸੇ ਦੀ ਪ੍ਰਾਈਵੇਟ ਜਗ੍ਹਾ ਹੈ।
--------------
ਜਦੋਂ ਕਾਬਜ ਅਤੇ ਵਿਰੋਧੀ ਕੌਂਸਲਰਾਂ ’ਤੇ ਬਣਾਉਂਦੇ ਰਹੇ ਦਬਾਅ
ਜਗਰਾਓਂ ਨਗਰ ਕੌਂਸਲ ਦੀ ਮੀਟਿੰਗ ਵਿਚ ਅੱਜ ਅਜੀਬ ਰਾਜਨੀਤੀ ਦੇਖਣ ਨੂੰ ਮਿਲੀ। ਬਿਜਲੀ ਦੇ ਖੰਭੇ ਖ਼ਰੀਦਣ ਦੇ ਮਤੇ ’ਤੇ ਕਾਬਜ਼ ਅਤੇ ਵਿਰੋਧੀ ਧਿਰ ਦੋਵਾਂ ਵੱਲੋਂ ਹੀ ਕੌਂਸਲਰਾਂ ’ਤੇ ਕਿਸੇ ਨਾ ਕਿਸੇ ਤਰ੍ਹਾਂ ਦਬਾਅ ਬਣਾਇਆ ਗਿਆ। ਇਹੀ ਨਹੀਂ ਇਹ ਕੌਂਸਲਰ ਮੀਟਿੰਗ ਵਿਚ ਹਾਊਸ ਦੀ ਮਰਿਯਾਦਾ ਵੀ ਭੁੱਲ ਗਏ। ਇੱਕ ਮਹਿਲਾ ਕੌਂਸਲਰ ਤੋਂ ਕਾਬਜ ਧਿਰ ਦੇ ਕੌਂਸਲਰ ਉਸ ਦੇ ਪਰਿਵਾਰਕ ਮੈਂਬਰ ਨਾਲ ਫੋਨ ’ਤੇ ਗੱਲ ਕਰਵਾਉਂਦੇ ਦੇਖੇ ਗਏ, ਜਦਕਿ ਵਿਰੋਧੀ ਧਿਰ ਦੇ ਕੌਂਸਲਰ ਖੁਦ ਦਸਤਖ਼ਤ ਕਰਵਾਉਣ ਲਈ ਉਨ੍ਹਾਂ ਦੇ ਕੋਲ ਜਾ ਪੁੱਜੇ।