ਹੁੱਲੜਬਾਜ਼ੀ ਕਰ ਕੇ ਫਿੱਕਾ ਨਹੀਂ ਕਰਨਾ ਚਾਹੀਦਾ ਹੋਲੀ ਦੀਆਂ ਖੁਸ਼ੀਆਂ ਦਾ ਰੰਗ
ਹੁੱਲੜਬਾਜ਼ੀ ਕਰ ਕੇ ਫਿੱਕਾ ਨਹੀਂ ਕਰਨਾ ਚਾਹੀਦਾ ਹੋਲੀ ਦੀਆਂ ਖੁਸ਼ੀਆਂ ਦਾ ਰੰਗ
Publish Date: Tue, 03 Mar 2026 06:48 PM (IST)
Updated Date: Wed, 04 Mar 2026 04:09 AM (IST)

- ਆਪਸੀ ਭਾਈਚਾਰੇ ’ਤੇ ਖ਼ੁਸ਼ੀਆਂ ਨਾਲ ਤਿਉਹਾਰ ਨੂੰ ਮਨਾਉਣ ਦਾ ਸੱਦਾ - ਸਮਾਜ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਪ੍ਰਗਟਾਏ ਵਿਚਾਰ ਫੋਟੋ ਨੰਬਰ-5,7,8,9,10 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਸਾਡੇ ਦੇਸ਼ ਚ ਹੋਲੀ ਦਾ ਤਿਉਹਾਰ ਆਪਣੀ ਖ਼ਾਸ ਮਹੱਤਤਾ ਰੱਖਦਾ ਹੈ। ਹੋਲੀ ਦਾ ਇਹ ਪਵਿੱਤਰ ਤਿਉਹਾਰ ਹਰ ਸਾਲ ਫੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਹੋਲੀ ਦਾ ਸਬੰਧ ਪ੍ਰਹਿਲਾਦ ਭਗਤ ਦੀ ਕਥਾ ਦੇ ਨਾਲ ਜੁੜਿਆ ਹੋਇਆ ਹੈ। ਇਸ ਤਿਉਹਾਰ ਦਾ ਆਗਮਨ ਉਸ ਵੇਲੇ ਹੁੰਦਾ ਹੈ ਜਦ ਸਰਦੀ ਦਾ ਅੰਤ ਅਤੇ ਗਰਮੀ ਦਾ ਆਰੰਭ ਹੋਣ ਵਾਲਾ ਹੁੰਦਾ ਹੈ। ਲੋਕ ਇਸ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਉਂਦੇ ਹਨ। ਇਸ ਖੁਸ਼ੀ ਭਰੇ ਵਾਤਾਵਰਨ ਚ ਲੋਕ ਇਸ ਦਿਨ ਇੱਕ-ਦੂਜੇ ਤੇ ਰੰਗ ਪਾ ਕੇ ਇਹ ਤਿਉਹਾਰ ਮਨਾਉਂਦੇ ਹਨ। ਪੇਸ਼ ਹੈ ਸਮਾਜ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਇਸ ਤਿਉਹਾਰ ਸਬੰਧੀ ਆਪਣੇ ਵਿਚਾਰ ਪ੍ਰਗਟਾਏ :- ਬੇਜ਼ੁਬਾਨਾਂ ’ਤੇ ਨਾ ਪਾਇਆ ਜਾਵੇ ਰੰਗ : ਸ਼ੇਰਪੁਰੀ ਹੋਲੀ ਦੇ ਤਿਉਹਾਰ ਸਬੰਧੀ ਗੱਲ ਕਰਦੇ ਹੋਏ ਗੀਤਕਾਰ ਤੇ ਗਾਇਕ ਅਮਰਜੀਤ ਸਿੰਘ ਸ਼ੇਰਪੁਰੀ ਦਾ ਕਹਿਣਾ ਹੈ ਕਿ ਧਿਆਨ ਰਹੇ ਕਿ ਇਨਸਾਨਾਂ ਅਤੇ ਬੇਜੁਬਾਨਾ (ਜਾਨਵਰਾਂ) ਦੀ ਚਮੜੀ ਚ ਫਰਕ ਹੁੰਦਾ ਹੈ। ਜਦੋਂ ਕੈਮੀਕਲ ਭਰਪੂਰ ਰੰਗ ਮਨੁੱਖੀ ਚਮੜੀ ਤੇ ਖਾਰਸ਼, ਧੱਫੜ ਅਤੇ ਖੁਸ਼ਕੀ ਦਾ ਕਾਰਨ ਬਣ ਸਕਦੇ ਹਨ ਤਾਂ ਜਾਨਵਰਾਂ ਦਾ ਕੀ ਹੋਵੇਗਾ, ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਸ਼ੇਰਪੁਰੀ ਨੇ ਕਿਹਾ ਕਿ ਇਸ ਲਈ ਬੇਜ਼ੁਬਾਨਾਂ ਤੇ ਰੰਗ ਨਹੀਂ ਪਾਉਣਾ ਚਾਹੀਦਾ ਤਾਂ ਜੋ ਖੁਸ਼ੀਆਂ ਦਾ ਇਹ ਤਿਉਹਾਰ ਬੇਜੁਬਾਨਾਂ ਲਈ ਕੋਈ ਖਤਰਾ ਨਾ ਬਣ ਸਕੇ। ਪਾਣੀ ਦੀ ਸੁਚੱਜੀ ਵਰਤੋਂ ਦਾ ਰੱਖਿਆ ਜਾਵੇ ਖ਼ਾਸ ਧਿਆਨ : ਦਿਓਲ ਦਿਓਲ ਮਿਊਜ਼ਕ ਕੰਪਨੀ ਦੇ ਡਾਇਰੈਕਟਰ, ਲੇਖਕ ਤੇ ਕਵੀ ਮਲਕੀਤ ਸਿੰਘ ਦਿਓਲ ਨੇ ਪੰਜਾਬੀ ਜਾਗਰਣ ਨਾਲ ਗੱਲ ਕਰਦੇ ਹੋਏ ਕਿਹਾ ਕਿ ਹੋਲੀ ਖੇਡਦੇ ਸਮੇਂ ਕੇਵਲ ਕੁਦਰਤੀ ਰੰਗਾਂ ਦਾ ਹੀ ਇਸਤੇਮਾਲ ਕੀਤਾ ਜਾਵੇ। ਪਾਣੀ ਦੀ ਰੱਖਿਆ ਵੀ ਅਤੀ ਜਰੂਰੀ ਹੈ। ਫੁੱਲਾ ਦੀਆਂ ਪੱਤੀਆਂ ਨਾਲ ਹੋਲੀ ਖੇਡ ਕੇ ਵੇਖੀਏ ਤਾਂ ਇਹ ਸਾਡੇ ਲਈ ਨਵੀਂ ਖੋਜ ਅਤੇ ਖੁਸ਼ੀ ਦਾ ਅਹਿਸਾਸ ਹੋਵੇਗਾ। ਕਿਸੇ ਤੇ ਵੀ ਜਬਰਦਸਤੀ ਰੰਗ ਨਾ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਕੈਮੀਕਲ ਰੰਗਾਂ ਦੀ ਤਾਂ ਬਿਲਕੁਲ ਵੀ ਵਰਤੋਂ ਨਾ ਕੀਤੀ ਜਾਵੇ। ਬੱਚਿਆਂ ਦਾ ਖ਼ਾਸ ਧਿਆਨ ਰੱਖਣ ਮਾਪੇ : ਗਾਇਕ ਮਲਹਾਰ ਸੂਫੀ ਗਾਇਕ ਰਜਿੰਦਰ ਮਲਹਾਰ ਨੇ ਹੋਲੀ ਦੀ ਆਮਦ ਮੌਕੇ ਵਿਚਾਰ ਸਾਂਝੇ ਕਰਦੇ ਹੋਏ ਕੈਮੀਕਲ ਰੰਗ ਨਾ ਵਰਤਣ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਇਹ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਵਾਲਾਂ ਅਤੇ ਚਿਹਰੇ ਤੇ ਲੱਗੇ ਆਮ ਰੰਗ ਨੂੰ ਵੀ ਛੇਤੀ ਉਤਾਰ ਦਿਓ। ਮਲਹਾਰ ਨੇ ਇਹ ਵੀ ਕਿਹਾ ਕਿ ਮਾਪਿਆ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਇਸ ਦਿਨ ਬੱਚਿਆਂ ਦਾ ਖਾਸ ਧਿਆਨ ਰੱਖਣ ਕਿ ਬੱਚੇ ਕਿਸ ਪ੍ਰਕਾਰ ਦੇ ਰੰਗਾਂ ਦਾ ਇਸਤੇਮਾਲ ਕਰ ਰਹੇ ਹਨ। ਵਰਤੀ ਗਈ ਅਣਗਹਿਲੀ ਨਾਲ ਤਿਉਹਾਰ ਦਾ ਰੰਗ ਫਿੱਕਾ ਪੈ ਸਕਦਾ ਹੈ। ਖ਼ੁਸ਼ੀਆਂ ਵੰਡਣਾ ਹੀ ਹੋਵੇ ਹੋਲੀ ਦਾ ਮਕਸਦ : ਅਰੁਣ ਚੌਗਾਵਾਂ ਲੇਖਕ ਅਤੇ ਅਦਾਕਾਰ ਅਰੁਣ ਚੌਗਾਵਾਂ ਨੇ ਪੰਜਾਬੀ ਜਾਗਰਣ ਨਾਲ ਗੱਲ ਕਰਦਿਆਂ ਕਿਹਾ ਕਿ ਹੁੱਲੜਬਾਜ਼ੀ ਕਰ ਕੇ ਇਸ ਤਿਉਹਾਰ ਦੀਆ ਖੁਸ਼ੀਆਂ ਨੂੰ ਫਿੱਕਾ ਨਹੀਂ ਕਰਨਾ ਚਾਹੀਦਾ, ਸਗੋਂ ਹਰੇਕ ਨਾਲ ਮੇਲ-ਮਿਲਾਪ ਨਾਲ ਇਸ ਤਿਉਹਾਰ ਦੀਆਂ ਖੁਸ਼ੀਆ ਚ ਵਾਧਾ ਕਰਨਾ ਚਾਹੀਦਾ ਹੈ। ਤਿਉਹਾਰਾ ਮੌਕੇ ਖ਼ੁਸ਼ੀਆਂ ਵੰਡਣਾ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦੇਣਾ ਹੀ ਹਰੇਕ ਦਾ ਮਕਸਦ ਹੋਣਾ ਚਾਹੀਦਾ ਹੈ। ਕੁੱਝ ਅਜਿਹਾ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਦੂਸਰੇ ਦਾ ਜੀਵਨ ਖੁਸ਼ੀਆਂ ਨਾਲ ਭਰ ਜਾਵੇ। ਅਜਿਹਾ ਕਰਨ ਨਾਲ ਮਨ ਨੂੰ ਜੋ ਸੰਕੂਨ ਮਿਲੇਗਾ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਰਾਹਗੀਰਾਂ ਤੇ ਨਾ ਪਾਇਆ ਜਾਵੇ ਰੰਗ : ਬਲਵੰਤ ਗਿਆਸਪੁਰਾ ਲੇਖਕ ਬਲਵੰਤ ਗਿਆਸਪੁਰਾ ਨੇ ਕਿਹਾ ਕਿ ਹੌਲੀ ਖੇਡਣ ਲਈ ਜਿੰਨਾ ਹੋ ਸਕੇ ਹਰਬਲ ਰੰਗਾਂ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਚਮੜੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਸੰਵੇਦਨਸ਼ੀਲ ਚਮੜੀ ਵਾਲੇ ਲੋਕਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਲੇਖਕ ਗਿਆਸਪੁਰਾ ਨੇ ਇਹ ਵੀ ਕਿਹਾ ਕਿ ਹੋਲੀ ਦੇ ਤਿਉਹਾਰ ਨੂੰ ਜਿੱਥੇ ਖੁਸ਼ੀਆਂ ਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ ਉੱਥੇ ਇਹ ਵੀ ਧਿਆਨ ਰੱਖਿਆ ਜਾਵੇ ਕਿ ਰਾਹਗੀਰਾਂ ਤੇ ਹੋਲੀ ਨਹੀਂ ਪਾਉਣੀ ਚਾਹੀਦੀ।