ਗਰਮੀ ਨੇ ਦਿਖਾਉਣੇ ਸ਼ੁਰੂ ਕੀਤੇ ਤੇਵਰ, ਤੇਜ਼ੀ ਨਾਲ ਵਧਣ ਲੱਗਾ ਮਹਾਨਗਰ ਦਾ ਪਾਰਾ
ਗਰਮੀ ਨੇ ਦਿਖਾਉਣੇ ਸ਼ੁਰੂ ਕੀਤੇ ਤੇਵਰ, ਤੇਜੀ ਨਾਲ ਵਧਣ ਲੱਗਾ ਮਹਾਂਨਗਰ ਦਾ ਪਾਰਾ
Publish Date: Sun, 19 Apr 2026 06:31 PM (IST)
Updated Date: Sun, 19 Apr 2026 06:33 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਗਰਮੀ ਨੇ ਆਪਣੇ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਹੌਲੀ ਹੌਲੀ ਲਗਾਤਾਰ ਵਧ ਰਹੀ ਹੈ। ਮਾਹਿਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਹੋਰ ਵਾਧਾ ਹੋ ਸਕਦਾ ਹੈ। ਇਹ 37 ਤੋਂ 40 ਡਿਗਰੀ ਤੱਕ ਪਹੁੰਚ ਸਕਦਾ ਹੈ। ਪੰਜਾਬੀ ਜਾਗਰਣ ਨਾਲ ਗੱਲ ਕਰਦੇ ਹੋਏ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਐਤਵਾਰ ਨੂੰ ਮਹਾਨਗਰ ਦਾ ਤਾਪਾਮਨ ਵੱਧ ਤੋਂ ਵੱਧ 38.6 ਅਤੇ ਘੱਟ ਤੋਂ ਘੱਟ 21.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਆਉਣ ਵਾਲੇ ਦਿਨਾਂ ਵਿਚ ਹੋਰ ਵਧ ਸਕਦਾ ਹੈ। ਡਾ. ਕਿੰਗਰਾ ਨੇ ਇਹ ਵੀ ਦੱਸਿਆ ਕਿ ਮੀਂਹ ਦੀ ਅਜੇ ਕੋਈ ਸੰਭਾਵਨਾ ਨਹੀਂ ਹੈ। ਅੱਜ ਦੇ ਦਿਨ ਪਿਛਲੇ ਦਸ ਸਾਲਾ ਦੇ ਮੌਸਮ ਸਬੰਧੀ ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ ਸੰਨ 2016 ਵਿਚ ਜਿੱਥੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਰਿਹਾ ਉੱਥੇ 2017 ਵਿਚ ਇਹ 43 ਡਿਗਰੀ ਤੇ ਪਹੁੰਚ ਗਿਆ ਜਦ ਕਿ 2018 ਵਿਚ 37 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। 2019 ਵਿਚ ਅੱਜ ਦੇ ਦਿਨ ਦਾ ਤਾਪਮਾਨ 31.6 ਡਿਗਰੀ ਸੈਲਸੀਅਸ ਰਿਹਾ, 2020 ਵਿਚ ਥੋੜ੍ਹਾ ਵਾਧਾ ਹੋਇਆ ਅਤੇ ਇਹ ਤਾਪਮਾਨ 33.6 ਡਿਗਰੀ ’ਤੇ ਪਹੁੰਚ ਗਿਆ, 2021 ਵਿੱਚ 35 ਡਿਗਰੀ ਸੈਲਸੀਅਸ ਤੋਂ ਬਾਅਦ 2022 ਵਿਚ ਅੱਜ ਦੇ ਦਿਨ ਦਾ ਤਾਪਮਾਨ 41 ਡਿਗਰੀ ’ਤੇ ਪੁੱਜ ਗਿਆ। 2023 ਵਿਚ 34.8, 2024 ਵਿਚ 35.8 ਅਤੇ ਪਿਛਲੇ ਸਾਲ 2025 ਵਿਚ ਅੱਜ ਦੇ ਦਿਨ ਦਾ ਤਾਪਮਾਨ 36.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਸਾਵਧਾਨੀਆਂ ਵਰਤ ਕੇ ਗਰਮੀ ਤੋਂ ਬਚਿਆ ਜਾ ਸਕਦਾ ਹੈ। ਕੜਕਦੀ ਧੁੱਪ ਵਿੱਚ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ, ਹਰ ਅੱਧੇ ਘੰਟੇ ਬਾਅਦ ਭਾਵੇਂ ਪਿਆਸ ਨਾ ਵੀ ਲੱਗੀ ਹੋਵੇ ਤਾਂ ਵੀ ਪਾਣੀ ਪੀਣਾ ਚਾਹੀਦਾ ਹੈ। ਸਰੀਰ ਨੂੰ ਢਕਣ ਵਾਲੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ, ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਛਤਰੀ, ਟੋਪੀ, ਤੋਲੀਏ, ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ, ਨੰਗੇ ਪੈਰ ਧੁੱਪ ਵਿਚ ਨਾ ਜਾਇਆ ਜਾਵੇ। ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ, ਖਰਬੂਜਾ, ਸੰਤਰਾ, ਅੰਗੂਰ, ਖੀਰੇ, ਟਮਾਟਰ, ਘੀਆ ਤੇ ਤੋਰੀਆਂ ਦੀ ਵਰਤੋਂ ਵਧੇਰੇ ਕੀਤੀ ਜਾਵੇ ਕਿਉਂਕਿ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ। ਮੌਸਮ ਦੇ ਬਦਲ ਰਹੇ ਮਿਜ਼ਾਜ ਸਬੰਧੀ ਜਦੋਂ ਲੇਬਰ ਮੰਡੀ ਵਿਚ ਕੰਮ ਦੀ ਉਡੀਕ ਵਿਚ ਖੜ੍ਹੇ ਕੁੱਝ ਮਜ਼ਦੂਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗਰਮੀ ਹੋਵੇ ਜਾਂ ਸਰਦੀ ਮਜ਼ਦੂਰ ਨੂੰ ਇਸ ਦੀ ਮਾਰ ਬਹੁਤ ਜ਼ਿਆਦਾ ਝੱਲਣੀ ਪੈਂਦੀ ਹੈ ਪਰ ਪਰਿਵਾਰ ਦਾ ਪੇਟ ਪਾਲਣ ਲਈ ਉਹ ਹਰ ਤਰ੍ਹਾਂ ਦੇ ਮੌਸਮ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਹਨ ਪਰ ਲੋੜ ਤੋਂ ਵੱਧ ਗਰਮੀ ਅਤੇ ਲੋੜ ਤੋਂ ਵੱਧ ਠੰਡ ਉਨ੍ਹਾਂ ਲਈ ਪਰੇਸ਼ਾਨੀਆਂ ਦਾ ਕਰਨ ਬਣਦੀ ਹੈ ਅਤੇ ਅਕਸਰ ਸਿਹਤ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਕੁੱਝ ਦੁਕਾਨਦਾਰਾ ਦਾ ਕਹਿਣਾ ਸੀ ਮੌਸਮ ਦਾ ਉਨ੍ਹਾਂ ਦੇ ਕੰਮ ਕਾਜ ਤੇ ਡੂੰਘਾ ਅਸਰ ਪੈਂਦਾ ਹੈ। ਜੇਕਰ ਗਰਮੀ ਦੀ ਗੱਲ ਕਰੀਏ ਤਾਂ ਦੁਪਿਹਰ ਵੇਲੇ ਗ੍ਰਾਹਕ ਘਰਾਂ ਤੋਂ ਘੱਟ ਹੀ ਬਾਹਰ ਨਿਕਲਦੇ ਹਨ ਜਦ ਕਿ ਸਵੇਰੇ ਸ਼ਾਮ ਹੀ ਕੰਮ ਹੁੰਦਾ ਹੈ ਪਰ ਉਨ੍ਹਾਂ ਨੂੰ ਸਾਰਾ ਦਿਨ ਡਿਊਟੀ ਨਿਭਾਉਣੀ ਪੈਂਦੀ ਹੈ।