- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਰਾਓਂ ’ਚ ਸਟਰੀਟ ਡੌਗਜ਼ ਦੀ ਵੱਧ ਰਹੀ ਜਨਸੰਖਿਆ ਨੂੰ ਲੱਗੇਗੀ ਲਾਗਾਮ

-‘ਪੰਜਾਬੀ ਜਾਗਰਣ’ ਦੀ ਖ਼ਬਰ ਦਾ ਅਸਰ, ਨਗਰ ਕੌਂਸਲ ਹਰਕਤ ’ਚ ਆਈ, ਵਿਧਾਇਕਾ ਮਾਣੂੰਕੇ ਨੇ ਨੋਟਿਸ ਲੈਂਦਿਆਂ ਤੁਰੰਤ ਸ਼ੁਰੂ ਕਰਵਾਈ ਕਾਰਵਾਈ, ਆਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਲਈ ਨਗਰ ਕੌਂਸਲ ਨੇ ਕੀਤਾ ਕਰਾਰ
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ’ਚ ਰੋਜਾਨਾ 5 ਲੋਕਾਂ ਨੂੰ ਆਵਾਰਾ ਕੁੱਤਿਆਂ ਵੱਲੋਂ ਆਪਣਾ ਸ਼ਿਕਾਰ ਬਣਾਉਣ ਦੇ ਸੱਚ ਨੂੰ ਰੋਜਾਨਾ ‘ਪੰਜਾਬੀ ਜਾਗਰਣ’ ਵੱਲੋਂ ਉਜਾਗਰ ਕਰਨ ਲਈ ਸੋਮਵਾਰ ਦੇ ਅੰਕ ਵਿਚ ਪ੍ਰਕਾਸ਼ਿਤ ਕੀਤੀ ਸਟੋਰੀ ਰੰਗ ਲਿਆਈ। ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅੱਗੇ ਆਏ ਅਤੇ ਉਹ ਅੱਜ ਜਗਰਾਓਂ ਨਗਰ ਕੌਂਸਲ ਦਫ਼ਤਰ ਪੁੱਜੇ। ਜਿੱਥੇ ਉਨ੍ਹਾਂ ਈਓ ਮੋਹਿਤ ਸ਼ਰਮਾ, ਕੌਂਸਲਰ ਜਗਜੀਤ ਸਿੰਘ ਜੱਗੀ ਅਤੇ ਕੌਂਸਲਰ ਕੰਵਰਪਾਲ ਸਿੰਘ ਸਮੇਤ ਸਟਾਫ਼ ਨਾਲ ਸਾਂਝੀ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਸ਼ਹਿਰ ਦੇ 23 ਦੇ 23 ਵਾਰਡਾਂ ਵਿਚ ਆਵਾਰਾ ਕੁੱਤਿਆਂ ਦੀ ਭਰਮਾਰ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ।
ਇਨ੍ਹਾਂ ਆਵਾਰਾ ਕੁੱਤਿਆਂ ਵੱਲੋਂ ਰੋਜਾਨਾ ਆਮ ਲੋਕਾਂ ਨੂੰ ਕੱਟਣ ਕਾਰਨ ਮਨੁੱਖੀ ਜੀਵਨ ਦੇ ਖ਼ਤਰੇ ਅਤੇ ਆਤੰਕ ਨੂੰ ਵੀ ਗੰਭੀਰ ਦੱਸਿਆ ਗਿਆ। ਜਿਸ ਤੋਂ ਬਾਅਦ ਸਾਰਿਆਂ ਨੇ ਇਸ ਸਮੱਸਿਆ ਦੇ ਨਿਯਮਾਂ ਅਨੁਸਾਰ ਹੱਲ ਦਾ ਫੈਸਲਾ ਕੀਤਾ ਗਿਆ। ਵਿਧਾਇਕਾ ਵੱਲੋਂ ਇਸ ਦੇ ਲਈ ਮੋਗਾ ਜ਼ਿਲ੍ਹੇ ਦੇ ਪਿੰਡ ਚੂਹੜਚੱਕ ’ਚ ਆਵਾਰਾ ਕੁੱਤਿਆਂ ਦੀ ਨਸਬੰਦੀ, ਐਂਟੀ ਰੈਬਿਜ਼ ਟੀਕਾਕਰਨ, ਇਲਾਜ, ਦੇਖਭਾਲ ਕਰਨ ਵਾਲੀ ਸੰਸਥਾ ਗਲੋਬਲ ਪੰਜਾਬ ਪਾ’ ਜ਼ ਸੇਵਾ ਕੇਂਦਰ ਸੰਸਥਾ ਨਾਲ ਸੰਪਰਕ ਕੀਤਾ ਗਿਆ। ਜਿਸ ’ਤੇ ਸੰਸਥਾ ਦੇ ਪ੍ਰੋਜੈਕਟ ਨਿਰਦੇਸ਼ਕ ਯਾਦਵਿੰਦਰ ਸਿੰਘ ਸੇਖੋਂ ਜਗਰਾਓਂ ਨਗਰ ਕੌਂਸਲ ਦਫ਼ਤਰ ਪੁੱਜੇ।
ਉਨ੍ਹਾਂ ਚੂਹੜਚੱਕ ਵਿਚ ਆਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਇਲਾਜ ਸਬੰਧੀ ਆਧੁਨਿਕ ਸਰਜਰੀ ਕੇਂਦਰ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਆਵਾਰਾ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਨਸਬੰਦੀ ਅਤੇ ਐਂਟੀ ਰੈਬਿਜ਼ ਟੀਕਾਕਰਨ ਕਰਦੀ ਹੈ। ਜਿਸ ਦਾ ਮਕਸਦ ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਨੂੰ ਕੰਟਰੋਲ ਕਰਨਾ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਹਸਪਤਾਲ 3 ਕਨਾਲਾਂ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਮੀਟਿੰਗ ਵਿਚ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਸਬੰਧੀ ਸਹਿਮਤੀ ਬਨਣ ਤੋਂ ਬਾਅਦ ਜਗਰਾਓਂ ਨਗਰ ਕੌਂਸਲ ਨੇ ਸੰਸਥਾ ਨਾਲ ਐਮਓਯੂ ਸਾਈਨ ਕੀਤਾ।
ਆਵਾਰਾ ਕੁੱਤਿਆਂ ਦੀ ਨਸਬੰਦੀ ਨੂੰ ਲੈ ਕੇ ਬਣਾਈ ਯੋਜਨਾ
ਜਗਰਾਓਂ ਨਗਰ ਕੌਂਸਲ ਗਲੋਬਲ ਪੰਜਾਬ ਸੰਸਥਾ ਦੇ ਸਹਿਯੋਗ ਨਾਲ ਸ਼ਹਿਰ ਦੇ 23 ਵਾਰਡਾਂ ’ਚ ਇਹ ਮੁਹਿੰਮ ਸ਼ੁਰੂ ਕਰੇਗੀ। ਇਕ ਵਾਰਡ ਮੁਕੰਮਲ ਹੋਣ ਤੋਂ ਬਾਅਦ ਦੂਸਰੇ ਵਾਰਡ ਵਿਚ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਦੇ ਲਈ ਗਲੋਬਲ ਪੰਜਾਬ ਕੋਲ ਜਗਰਾਓਂ ਦੇ ਹਰ ਵਾਰਡ ਵਿਚੋਂ ਕੁੱਤਿਆਂ ਨੂੰ ਚੂਹੜਚੱਕ ਹਸਪਤਾਲ ਲੈ ਕੇ ਜਾਣ ਲਈ ਸਪੈਸ਼ਲ ਗੱਡੀਆਂ ਅਤੇ ਉਨ੍ਹਾਂ ਨੂੰ ਫੜਨ ਲਈ ਚਾਰ ਮੈਂਬਰੀ ਟੀਮ ਹੈ। ਇਹ ਟੀਮ ਆਵਾਰਾ ਕੁੱਤਿਆਂ ਨੂੰ ਫੜ ਕੇ ਇਨ੍ਹਾਂ ਸਪੈਸ਼ਲ ਗੱਡੀਆਂ ਰਾਹੀਂ ਚੂਹੜਚੱਕ ਹਸਪਤਾਲ ਲੈ ਕੇ ਪਹੁੰਚੇਗੀ। ਜਿਥੇ ਕੁੱਤਿਆਂ ਨੂੰ ਇੱਕ ਦਿਨ ਰੱਖਣ ਤੋਂ ਬਾਅਦ ਦੂਜੇ ਉਨ੍ਹਾਂ ਦੀ ਨਸਬੰਦੀ ਹੋਵੇਗੀ, ਉਸ ਤੋਂ ਬਾਅਦ ਕੁੱਤਿਆਂ ਦੀ ਐਂਟੀ ਰੈਬਿਜ਼ ਟੀਕਾਕਰਨ ਹੋਵੇਗਾ। 3 ਤੋਂ 7 ਦਿਨ ਕੁੱਤਿਆਂ ਦੀ ਦੇਖਭਾਲ ਤੋਂ ਬਾਅਦ ਹਸਪਤਾਲ ਦੀ ਟੀਮ ਹੀ ਇਨ੍ਹਾਂ ਕੁੱਤਿਆਂ ਨੂੰ ਉਸੇ ਵਾਰਡ ਵਿਚ ਮੁੜ ਛੱਡ ਕੇ ਜਾਵੇਗੀ। ਜਿੱਥੋਂ ਇਨ੍ਹਾਂ ਨੂੰ ਲਿਆਂਦਾ ਗਿਆ ਸੀ।
-ਸ਼ਹਿਰ ਤੋਂ ਬਾਅਦ ਪਿੰਡ-ਪਿੰਡ ਵੀ ਚੱਲੇਗੀ ਮੁਹਿੰਮ
ਜਗਰਾਓਂ ਸ਼ਹਿਰ ’ਚ ਨਗਰ ਕੌਂਸਲ ਨਾਲ ਹੋਏ ਕਰਾਰ ਤੋਂ ਬਾਅਦ ਇਹ ਮੁਹਿੰਮ ਇਲਾਕੇ ਦੇ ਪਿੰਡਾਂ ਵਿਚ ਵੀ ਛੇੜੀ ਜਾਵੇਗੀ। ਇਸ ਦੇ ਲਈ ਪੰਚਾਇਤਾਂ, ਸਕੂਲ ਪ੍ਰਬੰਧਕਾਂ ਅਤੇ ਡੌਗ ਲਵਰਜ਼ ਨਾਲ ਮੀਟਿੰਗਾਂ ਕਰਕੇ ਇਸ ਮੁਹਿੰਮ ਪ੍ਰਤੀ ਜਾਗਰੂਕਤਾ ਛੇੜੀ ਜਾਵੇਗੀ। ਇਸ ਦੇ ਨਾਲ ਹੀ ਇਨ੍ਹਾਂ ਸੰਸਥਾਵਾਂ ਰਾਹੀਂ ਪੋਸਟਰ ਅਤੇ ਪ੍ਰਚਾਰ ਸਮੱਗਰੀ ਵੀ ਵੰਡੀ ਜਾਵੇਗੀ। ਇਹੀ ਨਹੀਂ ਕੁੱਤਿਆਂ ਦੇ ਫੀਡਿੰਗ ਕੇਂਦਰ ਮਿਥਨ ਲਈ ਡੌਗ ਲਵਰਜ਼ ਨੂੰ ਨਾਲ ਜੋੜਿਆ ਜਾਵੇਗਾ ਅਤੇ ਖੁਰਾਕ ਸੰਸਥਾ ਵੱਲੋਂ ਮੁਹੱਈਆ ਕਰਵਾਈ ਜਾਵੇਗੀ।
-ਆਵਾਰਾ ਕੁੱਤਿਆਂ ਦੀ ਆਬਾਦੀ ’ਤੇ ਹੋਵੇਗਾ ਕੰਟਰੋਲ
ਜਗਰਾਓਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜਗਰਾਓਂ ’ਚ ਆਵਾਰਾ ਕੁੱਤਿਆਂ ਦੀ ਆਬਾਦੀ ’ਤੇ ਇਸ ਮੁਹਿੰਮ ਨਾਲ ਕੰਟਰੋਲ ਹੋਵੇਗਾ। ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਬੇਹਤਰ ਤਰੀਕੇ ਨਾਲ ਹੱਲ ਕਰਨ ਲਈ ਡੋਗ ਲਵਰਜ਼ ਨੂੰ ਵੀ ਨਾਲ ਜੋੜਿਆ ਜਾਵੇਗਾ। ਇਹੀ ਨਹੀਂ, ਜਿਨ੍ਹਾਂ ਕੁੱਤਿਆਂ ਨੂੰ ਹਸਪਤਾਲ ਲਿਜਾਇਆ ਜਾਵੇਗਾ, ਉਥੇ ਉਨ੍ਹਾਂ ਦੀ ਸਹੀ ਦੇਖਭਾਲ ਅਤੇ ਇਲਾਜ ਸਬੰਧੀ ਡੋਗ ਲਵਰਜ਼ ਨੂੰ ਦੇਖਣ ਤੇ ਹਰ ਚੀਜ਼ ਪੁੱਛਣ ਦਾ ਹੱਕ ਹੋਵੇਗਾ।