ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਤੇਜ਼
ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਤੇਜ਼
Publish Date: Fri, 27 Feb 2026 08:40 PM (IST)
Updated Date: Sat, 28 Feb 2026 04:08 AM (IST)

ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਸ਼ੁੱਕਰਵਾਰ ਨੂੰ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਟੀਮ ਦੇ ਮੁੱਖ ਸੇਵਾਦਾਰ ਹਰਦੇਵ ਸਿੰਘ ਦੋਧਰ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਗੁਰੂ ਨਾਨਕ ਨਗਰ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ, ਡੀਡੀਪੀਓ ਅਤੇ ਚੀਫ਼ ਇੰਜੀਨੀਅਰ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਿਖਤੀ ਸ਼ਿਕਾਇਤ ਸੌਂਪੀ ਗਈ। ਸ਼ਿਕਾਇਤ ਵਿੱਚ ਬੁੱਢੇ ਦਰਿਆ ਦੀ ਚੱਲ ਰਹੀ ਸਫਾਈ ਮੁਹਿੰਮ ਦੌਰਾਨ ਕੁਝ ਡੇਅਰੀਆਂ ਤੇ ਉਦਯੋਗਿਕ ਇਕਾਈਆਂ ਵੱਲੋਂ ਦਰਿਆ ਵਿੱਚ ਗੰਦਗੀ ਅਤੇ ਜ਼ਹਿਰੀਲਾ ਪਾਣੀ ਸੁੱਟੇ ਜਾਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪੰਚਾਇਤ ਵੱਲੋਂ ਦੱਸਿਆ ਗਿਆ ਕਿ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਰੱਖਣ ਵਾਲਾ ਬੁੱਢਾ ਦਰਿਆ ਪਿਛਲੇ ਕਈ ਸਾਲਾਂ ਤੋਂ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ। ਸ਼ਿਕਾਇਤ ਅਨੁਸਾਰ ਕੁਝ ਡੇਅਰੀ ਮਾਲਕ ਰਾਤ ਦੇ ਸਮੇਂ ਚੋਰੀ-ਛੁਪੇ ਪਸ਼ੂਆਂ ਦਾ ਗੋਹਾ ਅਤੇ ਗੰਦਾ ਪਾਣੀ ਸਿੱਧਾ ਦਰਿਆ ਵਿੱਚ ਵਹਾ ਰਹੇ ਹਨ, ਜਿਸ ਨਾਲ ਦਰਿਆ ਦੀ ਪਵਿੱਤਰਤਾ ਭੰਗ ਹੋ ਰਹੀ ਹੈ ਤੇ ਇਲਾਕੇ ਦੇ ਵਾਤਾਵਰਣ ਤੇ ਲੋਕਾਂ ਦੀ ਸਿਹਤ ‘ਤੇ ਨਕਾਰਾਤਮਕ ਅਸਰ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ 2 ਫਰਵਰੀ 2024 ਤੋਂ ਸੰਤ ਸੀਚੇਵਾਲ ਦੀ ਅਗਵਾਈ ਹੇਠ ਬੁੱਢੇ ਦਰਿਆ ਦੀ ਸਫਾਈ ਲਈ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਦਰਿਆ ਵਿਚੋਂ ਜੰਮੀ ਗੰਦਗੀ ਨੂੰ ਕੱਢਣ ਅਤੇ ਪਾਣੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਲਗਾਤਾਰ ਯਤਨ ਜਾਰੀ ਹਨ। ਕਈ ਡੇਅਰੀ ਮਾਲਕਾਂ ਵੱਲੋਂ ਸਹਿਯੋਗ ਦਿੱਤਾ ਗਿਆ ਹੈ, ਪਰ ਕੁਝ ਗੈਰ-ਕਾਨੂੰਨੀ ਇਕਾਈਆਂ ਅਜੇ ਵੀ ਦਰਿਆ ਨੂੰ ਪ੍ਰਦੂਸ਼ਿਤ ਕਰਨ ਤੋਂ ਬਾਜ਼ ਨਹੀਂ ਆ ਰਹੀਆਂ। ਸ਼ਿਕਾਇਤ ਵਿੱਚ ਦਰਸਾਇਆ ਗਿਆ ਹੈ ਕਿ ਦਰਿਆ ਕੰਢੇ ਚੱਲ ਰਹੀਆਂ ਕਈ ਡੇਅਰੀਆਂ ਕੋਲ ਕਾਨੂੰਨੀ ਮਨਜ਼ੂਰੀ ਜਾਂ ਬਿਜਲੀ ਦੇ ਜਾਇਜ਼ ਕਨੈਕਸ਼ਨ ਨਹੀਂ ਹਨ ਅਤੇ ਬਿਜਲੀ ਚੋਰੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ, ਦਰਿਆ ਕਿਨਾਰੇ ਲਾਏ ਗਏ ਬੂਟਿਆਂ ਨੂੰ ਪਸ਼ੂਆਂ ਵੱਲੋਂ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਹਰਿਆਵਲੀ ਮੁਹਿੰਮ ਪ੍ਰਭਾਵਿਤ ਹੋ ਰਹੀ ਹੈ। ਗ੍ਰਾਮ ਪੰਚਾਇਤ ਦੀ ਸਰਪੰਚ ਕਿਰਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੈਰ-ਕਾਨੂੰਨੀ ਡੇਅਰੀਆਂ ਅਤੇ ਡਾਈਂਗ ਇਕਾਈਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਸਖ਼ਤ ਜੁਰਮਾਨੇ ਲਗਾਏ ਜਾਣ ਅਤੇ ਰਾਤ ਸਮੇਂ ਦਰਿਆ ਵਿੱਚ ਗੰਦਗੀ ਸੁੱਟਣ ਵਾਲਿਆਂ ‘ਤੇ ਨਿਗਰਾਨੀ ਲਈ ਵਿਸ਼ੇਸ਼ ਟੀਮ ਬਣਾਈ ਜਾਵੇ। ਪੰਚਾਇਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਗੈਰ-ਕਾਨੂੰਨੀ ਕਿਰਿਆਵਾਂ ਨੂੰ ਰੋਕਣ ਦੌਰਾਨ ਕਿਸੇ ਤਰ੍ਹਾਂ ਦਾ ਟਕਰਾਅ ਜਾਂ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸੰਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ। ਇਲਾਕਾ ਵਾਸੀਆਂ ਨੇ ਉਮੀਦ ਜਤਾਈ ਹੈ ਕਿ ਪ੍ਰਸ਼ਾਸਨ ਜਲਦ ਸਖ਼ਤ ਕਦਮ ਚੁੱਕੇਗਾ ਤਾਂ ਜੋ ਦਰਿਆ ਦੀ ਸਫਾਈ ਅਤੇ ਵਾਤਾਵਰਣ ਸੁਰੱਖਿਆ ਦੀ ਮੁਹਿੰਮ ਬਿਨਾਂ ਰੁਕਾਵਟ ਜਾਰੀ ਰਹੇ।