ਵਿਆਹ ਦੇ ਝਾਂਸੇ ਤੋਂ ਪਰੇਸ਼ਾਨ ਮੁਟਿਆਰ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਵਿਆਹ ਦੇ ਝਾਂਸੇ ਨੇ ਕੀਤਾ ਜੀਵਨ ਦਾ ਅੰਤ, ਨਹਿਰ ਵਿੱਚ ਛਾਲ ਮਾਰ ਕੇ ਲੜਕੀ ਨੇ ਕੀਤੀ ਖੁਦਕੁਸ਼ੀ
Publish Date: Wed, 15 Apr 2026 09:14 PM (IST)
Updated Date: Thu, 16 Apr 2026 04:10 AM (IST)

* ਲਾਅਰਾ ਲਾ ਕੇ ਲਗਾਤਾਰ ਕਰ ਰਿਹਾ ਸੀ ਸਰੀਰਕ ਸ਼ੋਸ਼ਣ * ਨੌਜਵਾਨ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਦੇ ਘਵੱਦੀ ਇਲਾਕੇ ’ਚ ਨੌਜਵਾਨ ਵੱਲੋਂ ਦਿੱਤੇ ਜਾ ਰਹੇ ਵਿਆਹ ਦੇ ਝਾਂਸੇ ਤੋਂ 24 ਸਾਲਾ ਇਕ ਮੁਟਿਆਰ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ’ਚ ਸਨਸਨੀ ਫੈਲ ਗਈ ਅਤੇ ਲੜਕੀ ਦਾ ਪੂਰਾ ਪਰਿਵਾਰ ਗਹਿਰੇ ਸਦਮੇ ’ਚ ਹੈ। ਮ੍ਰਿਤਕਾ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ 12 ਅਪ੍ਰੈਲ ਨੂੰ ਘਰੋਂ ਇਹ ਕਹਿ ਕੇ ਗਈ ਸੀ ਕਿ ਉਹ ਲੁਧਿਆਣਾ ਸਥਿਤ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਜਾ ਰਹੀ ਹੈ। ਪਰਿਵਾਰ ਨੂੰ ਉਸ ਦੀ ਵਾਪਸੀ ਦੀ ਉਡੀਕ ਰਹੀ, ਪਰ ਜਦੋਂ ਉਹ ਸ਼ਾਮ ਤੱਕ ਘਰ ਨਹੀਂ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਦੀ ਚਿੰਤਾ ਵੱਧ ਗਈ। ਉਸ ਦੇ ਮੋਬਾਈਲ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਫੋਨ ਕਿਸੇ ਅਣਪਛਾਤੇ ਵਿਅਕਤੀ ਨੇ ਚੁੱਕਿਆ। ਉਸ ਵਿਅਕਤੀ ਨੇ ਦੱਸਿਆ ਕਿ ਪਿੰਡ ਘਵੱਦੀ ਨੇੜੇ ਨਹਿਰ ’ਚ ਇਕ ਲੜਕੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਹ ਸੁਣਦੇ ਹੀ ਪਰਿਵਾਰ ਤੁਰੰਤ ਮੌਕੇ ’ਤੇ ਪਹੁੰਚਿਆ। ਨਹਿਰ ਕੰਢੇ ਧੀ ਦੀ ਲਾਸ਼ ਦੇਖ ਕੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ। ਲਾਸ਼ ਵੇਖ ਕੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮ੍ਰਿਤਕਾ ਦੀ ਮਾਤਾ ਨੇ ਗੰਭੀਰ ਦੋਸ਼ ਲਗਾਉਂਦਿਆਂ ਪੁਲਿਸ ਨੂੰ ਦੱਸਿਆ ਕਿ ਇਲਾਕੇ ਦੇ ਹੀ ਮਨਜੀਤ ਸਿੰਘ ਉਰਫ਼ ਜੀਤ ਨੇ ਉਨ੍ਹਾਂ ਦੀ ਧੀ ਨੂੰ ਵਿਆਹ ਦਾ ਝਾਂਸਾ ਦਿੱਤਾ ਸੀ। ਇਸ ਭਰੋਸੇ ਦੇ ਆਧਾਰ ’ਤੇ ਉਹ ਕਾਫੀ ਸਮੇਂ ਤੱਕ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਸੀ। ਬਾਅਦ ’ਚ ਉਸ ਨੇ ਆਪਣਾ ਰਵੱਈਆ ਬਦਲ ਲਿਆ ਤੇ ਕੁੜੀ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਲਗਾਤਾਰ ਚੱਲ ਰਹੀ ਪ੍ਰੇਸ਼ਾਨੀ ਕਾਰਨ ਉਹ ਡਿਪ੍ਰੈਸ਼ਨ ’ਚ ਚਲੀ ਗਈ ਅਤੇ ਆਖ਼ਰਕਾਰ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਡੇਹਲੋਂ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰ ਦੇ ਬਿਆਨਾਂ ’ਤੇ ਮਨਜੀਤ ਸਿੰਘ ਉਰਫ਼ ਜੀਤ ਖ਼ਿਲਾਫ਼ ਜ਼ਬਰ-ਜਨਾਹ ਤੇ ਖੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਅਧਿਕਾਰੀ ਅਵਨੀਤ ਕੌਰ ਨੇ ਦੱਸਿਆ ਕਿ ਹਾਲੇ ਤੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ, ਪਰ ਉਸ ਦੀ ਤਲਾਸ਼ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।