ਗੋਬਰ ਦੀ ਚੁਣੌਤੀ ਬਰਕਰਾਰ, ਦਰਿਆ ਸਫਾਈ ਮੁਹਿੰਮ ਜਾਰੀ
ਗੋਹੇ ਦੀ ਚੁਣੌਤੀ ਬਰਕਰਾਰ, ਦਰਿਆ ਸਫਾਈ ਮੁਹਿੰਮ ਜਾਰੀ
Publish Date: Mon, 20 Apr 2026 06:27 PM (IST)
Updated Date: Mon, 20 Apr 2026 06:30 PM (IST)

ਟੀਡੀਐਸ 3500 ਤੋਂ 675 ਤੱਕ, ਬੁੱਢੇ ਦਰਿਆ ‘ਚ ਵੱਡੀ ਤਬਦੀਲੀ ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਬੁੱਢੇ ਦਰਿਆ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਲਈ ਚੱਲ ਰਹੀ ਮੁਹਿੰਮ ਅਹਿਮ ਮੋੜ ‘ਤੇ ਪਹੁੰਚ ਗਈ ਹੈ, ਜਿੱਥੇ ਪਾਣੀ ਦੀ ਗੁਣਵੱਤਾ ਵਿਚ ਵੱਡਾ ਸੁਧਾਰ ਦਰਜ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਹੇ ਉਕਤ ਅਭਿਆਨ ਦੌਰਾਨ ਟੀਡੀਐਸ ਪੱਧਰ 3500 ਤੋਂ ਘਟ ਕੇ 675 ਤੱਕ ਆ ਗਿਆ ਹੈ, ਜੋ ਕਿ ਮਹੱਤਵਪੂਰਨ ਪ੍ਰਗਤੀ ਦਰਸਾਉਂਦਾ ਹੈ। ਇਸਦੇ ਬਾਵਜੂਦ ਦਰਿਆ ਵਿਚ ਗੋਹੇ ਦੇ ਪ੍ਰਵਾਹ ਦੀ ਸਮੱਸਿਆ ਅਜੇ ਵੀ ਚੁਣੌਤੀ ਬਣੀ ਹੋਈ ਹੈ। ਹੈਬੋਵਾਲ ਈਟੀਪੀ ਪਲਾਂਟ ਦੀਆਂ ਮੋਟਰਾਂ ਬੰਦ ਹੋਣ ਕਾਰਨ ਗੋਹੇ ਵਾਲਾ ਪਾਣੀ ਡੇਅਰੀ ਕੰਪਲੈਕਸ ਦੀਆਂ ਗਲੀਆਂ ਵਿਚ ਫੈਲ ਗਿਆ, ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੀਚੇਵਾਲ ਦੀ ਟੀਮ ਵੱਲੋਂ ਮਾਮਲਾ ਉਠਾਉਣ ‘ਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਮੋਟਰਾਂ ਚਾਲੂ ਕਰਵਾਈਆਂ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀ ਹੋਂਦ ਅਤੇ ਪਛਾਣ ਦਰਿਆਵਾਂ ਨਾਲ ਜੁੜੀ ਹੋਈ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬੁੱਢੇ ਦਰਿਆ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ। ਸੀਚੇਵਾਲ ਨੇ ਦੱਸਿਆ ਕਿ ਉਕਤ ਮੁਹਿੰਮ ਤਹਿਤ ਹੈਬੋਵਾਲ ਅਤੇ ਤਾਜਪੁਰ ਡੇਅਰੀ ਕੰਪਲੈਕਸਾਂ ਵਿਚੋਂ ਵੱਡੀ ਮਾਤਰਾ ਵਿਚ ਗੋਹਾ ਕੱਢਿਆ ਗਿਆ। ਹੈਬੋਵਾਲ ‘ਚ 105 ਟਨ ਅਤੇ ਤਾਜਪੁਰ ‘ਚ 88 ਟਨ ਗੋਹਾ ਟੋਬਿਆਂ ਵਿਚੋਂ ਕੱਢਿਆ ਗਿਆ, ਜਦਕਿ ਨਿਰਧਾਰਤ ਸਥਾਨਾਂ ਤੋਂ ਘੱਟ ਮਾਤਰਾ ਵਿਚ ਗੋਹਾ ਇਕੱਠਾ ਹੋ ਸਕਿਆ। ਅਧਿਕਾਰੀਆਂ ਮੁਤਾਬਕ ਕੁੱਲ 426 ਟਨ ਗੋਹਾ ਇਕੱਠਾ ਕੀਤਾ ਗਿਆ, ਪਰ ਹਾਲੇ ਵੀ 224 ਟਨ ਗੋਹਾ ਦਰਿਆ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਵਿਚ ਪਹੁੰਚ ਰਿਹਾ ਹੈ।।ਇਸਦੇ ਨਾਲ ਹੀ ਸੰਤ ਸੀਚੇਵਾਲ ਵੱਲੋਂ ਵੱਖ-ਵੱਖ ਇਲਾਕਿਆਂ ਦੀਆਂ ਸੀਵਰੇਜ ਲਾਈਨਾਂ ਅਤੇ ਡਰੇਨਾਂ ਦਾ ਜਾਇਜ਼ਾ ਲੈਂਦਿਆਂ ਬੁੱਢੇ ਦਰਿਆ ਵਿਚ ਪੈ ਰਹੇ ਗੰਦੇ ਪਾਣੀ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਦਰਿਆ ਵਿਚ ਗੰਦਗੀ ਸੁੱਟਣ ਵਾਲਿਆਂ ਖਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ।