ਟੈਕਸੀ ਡਰਾਈਵਰ ਨਾਲ ਪੁਲਿਸ ਵੱਲੋਂ ਕੀਤੇ ਕਥਿੱਤ ਤਸ਼ੱਦਦ ਦਾ ਮਾਮਲਾ
ਟੈਕਸੀ ਡਰਾਈਵਰ ਨਾਲ ਪੁਲਿਸ ਵੱਲੋਂ ਕੀਤੇ ਕਥਿੱਤ ਤਸ਼ੱਦਦ ਦਾ ਮਾਮਲਾ
Publish Date: Fri, 30 Jan 2026 07:48 PM (IST)
Updated Date: Fri, 30 Jan 2026 07:49 PM (IST)

ਭਾਰਤ ਨਗਰ ਚੌਂਕ ਚਾਰ ਘੰਟੇ ਤੱਕ ਜਾਮ ਚਾਰ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਐਫਆਈਆਰ ਦਰਜ ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ ਟੈਕਸੀ ਡਰਾਈਵਰ ਤੇ ਕਥਿਤ ਤਸ਼ੱਦਦ ਦੇ ਮਾਮਲੇ ਵਿੱਚ ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿੱਚ ਸ਼ੁੱਕਰਵਾਰ ਨੂੰ ਚਾਰ ਘੰਟੇ ਤੱਕ ਜਾਮ ਲਗਾਇਆ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਹਾਦਸੇ ਦੇ ਬਾਵਜੂਦ ਨੁਕਸਾਨ ਭਰਨ ਲਈ ਤਿਆਰ ਹੋਣ ਦੇ ਹਾਲਾਤਾਂ ਵਿੱਚ ਵੀ ਪੁਲਿਸ ਨੇ ਟੈਕਸੀ ਡਰਾਈਵਰ ਨਾਲ ਬੇਰਹਿਮੀ ਨਾਲ ਕੁੱਟਮਾਰ ਅਤੇ ਤਸ਼ੱਦਦ ਕੀਤਾ। ਪ੍ਰਦਰਸ਼ਨ ਦੁਪਹਿਰ ਨੂੰ ਉਸ ਵੇਲੇ ਖਤਮ ਹੋਇਆ ਜਦੋਂ ਪੁਲਿਸ ਨੇ ਦੋਸ਼ੀ ਪੁਲਿਸ ਮੁਲਾਜ਼ਮਾ ਖਿਲਾਫ ਅਤੇ ਹਾਦਸੇ ਵਿੱਚ ਸ਼ਾਮਿਲ ਦੂਜੀ ਧਿਰ ਦੇ ਕਾਰ ਸਵਾਰਾਂ ਖਿਲਾਫ ਮੁਕੱਦਮਾ ਦਰਜ ਕਰਨ ਲਈ ਸਹਿਮਤੀ ਜਤਾਈ। ਚੰਦਰ ਨਗਰ ਦੇ ਵਾਸੀ 28 ਸਾਲਾਂ ਦੇ ਰਣਜੋਤ ਸਿੰਘ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਟੈਕਸੀ ਡਰਾਈਵਰ ਹੈ। ਉਸਨੇ ਦੱਸਿਆ ਕਿ 26 ਜਨਵਰੀ ਨੂੰ ਉਹ ਕੰਮ ਤੋਂ ਘਰ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਪੁਰਾਣੇ ਸੈਸ਼ਨ ਚੌਂਕ ਦੇ ਲਾਗੇ ਪਹੁੰਚਿਆ ਤਾਂ ਉਸ ਦੀ ਕਾਰ ਇੱਕ ਵਾਹਨ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਤਕਰਾਰ ਸ਼ੁਰੂ ਹੋ ਗਈ। ਟੈਕਸੀ ਡਰਾਈਵਰ ਨੇ ਦੱਸਿਆ ਕਿ ਕਾਰ ਸਵਾਰ ਵਿਅਕਤੀਆਂ ਨੇ ਆਪਣੇ ਕੁਝ ਹੋਰ ਸਾਥੀਆਂ ਨੂੰ ਬੁਲਾ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਅਤੇ ਮੌਕੇ ਤੇ ਪੁਲਿਸ ਨੂੰ ਵੀ ਸੱਦ ਲਿਆ। ਸ਼ਿਕਾਇਤ ਕਰਤਾ ਦੇ ਮੁਤਾਬਕ ਉਸ ਨੂੰ ਕੈਲਾਸ਼ ਨਗਰ ਪੁਲਿਸ ਚੌਂਕੀ ਲਿਜਾਇਆ ਗਿਆ। ਰਣਜੋਤ ਸਿੰਘ ਨੇ ਸਿੱਧੇ ਤੌਰ ਤੇ ਦੋਸ਼ ਲਗਾਉਂਦਿਆਂ ਆਖਿਆ ਕਿ ਪੁਲਿਸ ਚੌਂਕੀ ਵਿੱਚ ਉਸ ਨਾਲ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ। ਕੁਝ ਸਮੇਂ ਬਾਅਦ ਪੁਲਿਸ ਉਸਨੂੰ ਸਿਵਿਲ ਹਸਪਤਾਲ ਲੈ ਗਈ, ਜਿੱਥੇ ਡਰਾਈਵਰ ਨੇ ਪੁਲਿਸ ਤੇ ਦੋਸ਼ ਲਗਾਏ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਸਨੂੰ ਹੱਥ ਕੜੀਆਂ ਲਗਾ ਕੇ ਥਾਣਾ ਡਿਵੀਜ਼ਨ ਨੰਬਰ ਅੱਠ ਲਿਜਾਇਆ ਗਿਆ ਜਿੱਥੇ ਉਸਨੂੰ ਠੰਡ ਵਿੱਚ ਲੋਕਅਪ ਵਿੱਚ ਬਿਠਾ ਦਿੱਤਾ। ਅਗਲੇ ਦਿਨ ਮੁਲਾਜ਼ਮ ਉਸਨੂੰ ਫਿਰ ਤੋਂ ਕੈਲਾਸ਼ ਚੌਂਕੀ ਲੈ ਗਏ ਅਤੇ ਕੁਝ ਕਾਗਜਾਂ ਤੇ ਦਸਤਖਤ ਕਰਵਾ ਕੇ ਉਸ ਨੂੰ ਛੱਡ ਦਿੱਤਾ। ਭਾਰਤ ਨਗਰ ਚੌਂਕ ਵਿੱਚ ਧਰਨੇ ਤੇ ਮੌਜੂਦ ਰਣਜੋਤ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਕਈ ਘੰਟਿਆਂ ਤੱਕ ਪੁਲਿਸ ਚੌਂਕੀ ਦੇ ਬਾਹਰ ਖੜੇ ਰਹੇ ਪਰ ਪੁਲਿਸ ਨੇ ਉਹਨਾਂ ਨੂੰ ਰੰਜੋਤ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ। ਪਰਿਵਾਰ ਨੇ ਦੱਸਿਆ ਕਿ ਦੋ ਦਿਨਾਂ ਤੱਕ ਦਰਖਾਸਤਾਂ ਦੇਣ ਦੇ ਬਾਵਜੂਦ ਉਨਾਂ ਦੀ ਸੁਣਵਾਈ ਨਹੀਂ ਹੋਈ। ਜਿਸ ਤੋਂ ਬਾਅਦ ਉਨਾਂ ਨੇ ਜਥੇਬੰਦੀਆਂ ਦਾ ਸਹਾਰਾ ਲਿਆ ਅਤੇ ਹਤਾਸ਼ ਹੋ ਕੇ ਪ੍ਰਦਰਸ਼ਨ ਦਾ ਰਸਤਾ ਅਖਤਿਆਰ ਕੀਤਾ। -ਧਰਨੇ ਦੇ ਚੱਲਦਿਆਂ ਸੜਕਾਂ ਤੇ ਲੱਗ ਗਿਆ ਲੰਬਾ ਜਾਮ ਧਰਨੇ ਦੇ ਚੱਲਦਿਆਂ ਸੜਕਾਂ ਤੇ ਲੱਗ ਗਿਆ ਲੰਬਾ ਜਾਮ ਲੱਗ ਗਿਆ। ਪ੍ਰਦਰਸ਼ਨ ਦੁਪਹਿਰ ਤਿੰਨ ਵਜੇ ਤੱਕ ਚੱਲਿਆ। ਚੌਂਕ ਜਾਮ ਕਰਨ ਕਾਰਨ ਇਲਾਕੇ ਵਿੱਚ ਟਰੈਫਿਕ ਵਿਵਸਥਾ ਬਿਲਕੁਲ ਖਰਾਬ ਹੋ ਗਈ। ਪੁਲਿਸ ਨੂੰ ਜਗਰਾਉਂ ਪੁੱਲ, ਬੱਸ ਸਟੈਂਡ ਅਤੇ ਭਾਈ ਬਾਲਾ ਚੌਂਕ ਦੀ ਟਰੈਫਿਕ ਡਾਈਵਰਟ ਕੀਤੀ। -ਚਾਰ ਪੁਲਿਸ ਮੁਲਾਜਮਾਂ ਤੇ ਕੀਤੀ ਗਈ ਕਾਰਵਾਈ ਉਧਰੋਂ ਇਸ ਮਾਮਲੇ ਵਿੱਚ ਏਡੀਸੀਪੀ ਕੰਵਲਪ੍ਰੀਤ ਸਿੰਘ ਨੇ ਆਖਿਆ ਕਿ ਦੋਸ਼ਾਂ ਦੇ ਆਧਾਰ ਤੇ ਚਾਰ ਪੁਲਿਸ ਮੁਲਾਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਹਾਦਸੇ ਵਿੱਚ ਸ਼ਾਮਿਲ ਦੂਜੀ ਕਾਰ ਵਿੱਚ ਸਵਾਰ ਵਿਅਕਤੀ ਅਤੇ ਉਸਦੇ ਸਾਥੀਆਂ ਦੇ ਖਿਲਾਫ ਵੀ ਅਲੱਗ ਤੋਂ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।