ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ’ਚ ਦੋ ਖ਼ਿਲਾਫ਼ ਪਰਚਾ ਦਰਜ
ਕਰਜਾ ਦੇਣ ਵਾਲਿਆਂ ਹੱਥੋਂ ਜਲੀਲ ਹੋਣ ਕਾਰਨ ਆੜ੍ਹਤੀ ਨੇ ਲਿਆ ਸੀ ਫਾਹਾ
Publish Date: Tue, 17 Mar 2026 09:30 PM (IST)
Updated Date: Wed, 18 Mar 2026 04:16 AM (IST)

ਕਰਜਾ ਦੇਣ ਵਾਲਿਆਂ ਹੱਥੋਂ ਜ਼ਲੀਲ ਹੋਣ ’ਤੇ ਆੜ੍ਹਤੀ ਨੇ ਲਿਆ ਸੀ ਫਾਹਾ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਬਹਾਦਰ ਕੇ ਰੋਡ ਸਬਜ਼ੀ ਮੰਡੀ ਦੇ ਸਬਜ਼ੀ ਆੜ੍ਹਤੀ ਵੱਲੋਂ ਫੰਦਾ ਲਗਾ ਕੇ ਜਾਨ ਦੇਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਦੋ ਕਥਿਤ ਮੁਲਜ਼ਮਾਂ ਖਿਲਾਫ ਆਤਮ ਹੱਤਿਆ ਲਈ ਉਕਸਾਉਣ ਦੇ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਮ੍ਰਿਤਕ ਧਿਆਨ ਸਿੰਘ ਦੇ ਪੁੱਤਰ ਜਗਦੀਸ਼ ਸਿੰਘ ਦੇ ਬਿਆਨ ਉੱਪਰ ਸਬਜ਼ੀ ਦਾ ਹੀ ਕਾਰੋਬਾਰ ਕਰਨ ਵਾਲੇ ਮਦਨ ਲਾਲ ਅਤੇ ਸ਼ੈਲੀ ਦੇ ਖਿਲਾਫ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਬਹਾਦਰ ਕੇ ਰੋਡ ਸਬਜ਼ੀ ਮੰਡੀ ਵਿੱਚ ਆਲੂ ਅਤੇ ਪਿਆਜ਼ ਦਾ ਕੰਮ ਕਰਨ ਵਾਲੇ ਧਿਆਨ ਸਿੰਘ ਨਾਮ ਦੇ ਆੜ੍ਹਤੀ ਨੇ ਮੰਡੀ ਦੇ ਨਜ਼ਦੀਕ ਸਥਿਤ ਕਮਰੇ ਵਿੱਚ ਫਾਹਾ ਲਗਾ ਕੇ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ ਸੀ। ਇਸ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਮ੍ਰਿਤਕ ਧਿਆਨ ਸਿੰਘ ਦੇ ਪੁੱਤਰ ਜਗਦੀਸ਼ ਸਿੰਘ ਨੇ ਸਬਜ਼ੀ ਮੰਡੀ ਦੇ ਹੀ ਦੋ ਆੜ੍ਹਤੀਆਂ ਖਿਲਾਫ ਆਪਣੇ ਪਿਤਾ ਨੂੰ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ। ਜਗਦੀਸ਼ ਸਿੰਘ ਮੁਤਾਬਕ ਉਸ ਦੇ ਪਿਤਾ ਧਿਆਨ ਸਿੰਘ ਨੇ ਮਦਨ ਲਾਲ ਅਤੇ ਸ਼ੈਲੀ ਨਾਮ ਦੇ ਦੋ ਸਬਜ਼ੀ ਕਾਰੋਬਾਰੀਆਂ ਦੇ ਕਰੀਬ ਇਕ ਲੱਖ ਰੁਪਏ ਦੇਣਾ ਸਨ। ਕੰਮ ਕਾਰ ਮੰਦਾ ਹੋਣ ਕਾਰਨ ਉਸ ਦੇ ਪਿਤਾ ਉਧਾਰ ਲਏ ਮਾਲ ਦੀ ਇਹ ਰਕਮ ਵਾਪਸ ਨਹੀਂ ਕਰ ਪਾ ਰਹੇ ਸਨ, ਜਿਸ ਕਾਰਨ ਮਦਨ ਲਾਲ ਤੇ ਸ਼ੈਲੀ ਉਨ੍ਹਾਂ ਦੀ ਦੁਕਾਨ ਤੇ ਆ ਕੇ ਉਸ ਦੇ ਪਿਤਾ ਨਾਲ ਅਕਸਰ ਗਾਲੀ ਗਲੋਚ ਕਰਦੇ ਤੇ ਉਧਰ ਦੇ ਪੈਸਿਆਂ ਲਈ ਜਲੀਲ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਨਾਂ ਵੱਲੋਂ ਵਾਰ-ਵਾਰ ਜਲੀਲ ਕਰਨ ਤੇ ਉਸ ਦੇ ਪਿਤਾ ਮਾਨਸਿਕ ਤਣਾਅ ਹੇਠਾਂ ਆ ਗਏ ਤੇ ਆਪਣੀ ਇਸ ਬੇਇਜਤੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਉਸ ਦੇ ਪਿਤਾ ਨੇ ਫੰਦਾ ਲਗਾ ਕੇ ਜਾਨ ਦੇ ਦਿੱਤੀ। ਮ੍ਰਿਤਕ ਬੇ ਪ੍ਰਵਾਹ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਦੋਨਾਂ ਕਥਿਤ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।