ਬੀਤੇ ਪਲਾਂ ਨੂੰ ਮੁੜ ਤਾਜ਼ਾ ਕਰ ਗਈ ਖੇਤੀਬਾੜੀ ਕਾਲਜ ਦੀ 61ਵੀਂ ਸਾਲਾਨਾ ਅਲੂਮਨੀ ਮੀਟ
ਬੀਤੇ ਪਲਾਂ ਨੂੰ ਮੁੜ ਤਾਜ਼ਾ ਕਰ ਗਈ ਖੇਤੀਬਾੜੀ ਕਾਲਜ ਦੀ 61ਵੀਂ ਸਾਲਾਨਾ ਅਲੂਮਨੀ ਮੀਟ
Publish Date: Thu, 19 Feb 2026 06:29 PM (IST)
Updated Date: Thu, 19 Feb 2026 06:30 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੀ 61ਵੀਂ ਸਾਲਾਨਾ ਅਲੂਮਨੀ ਮੀਟ (ਸਾਬਕਾ ਵਿਦਿਆਰਥੀਆਂ ਦੀ ਮਿਲਣ) 1986 ਵਿੱਚ ਪਾਸ ਹੋਏ 50 ਦੇ ਕਰੀਬ ਗ੍ਰੈਜੂਏਟ ਵਿਦਿਆਰਥੀ ਇਕੱਠੇ ਹੋਏ ਅਤੇ 40ਵੀਂ ਵਰ੍ਹੇਗੰਢ ਮਨਾਈ। ਮੁੱਖ ਮਹਿਮਾਨ ਵਜੋਂ ਪਹੁੰਚੇ ਪੀਏਯੂ ਦੇ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਨੇ ਆਸਮਾਨ ਵਿੱਚ ਗੁਬਾਰੇ ਉਡਾ ਕੇ ਬਕਾਇਦਾ ਸਮਾਗਮ ਦੀ ਸ਼ੁਰੂਆਤ ਕਰਵਾਈ। ਸਾਬਕਾ ਵਿਦਿਆਰਥੀਆਂ ਨੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਂਦੀਆਂ ਪੇਸ਼ਕਾਰੀਆਂ ਨਾਲ ਸਭ ਦਾ ਮਨ ਜਿੱਤ ਲਿਆ। ਇਹ ਜਸ਼ਨ ਮਨਾਉਣ ਲਈ ਪੰਜ ਵਿਦਿਆਰਥੀ ਕੈਨੇਡਾ ਤੋਂ, ਪੰਜ ਆਸਟ੍ਰੇਲੀਆ ਤੋਂ, ਦੇ ਅਮਰੀਕਾ ਤੋਂ, ਇੱਕ ਜਰਮਨ ਤੋਂ ਅਤੇ ਬਾਕੀ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਪਹੁੰਚੇ। ਖ਼ਾਸ ਤੌਰ ਤੇ ਭਾਰਤ ਦੇ ਉੱਤਰ ਪੂਰਬੀ ਰਾਜਾਂ ਤੋਂ ਵੀ ਤਿੰਨ ਵਿਦਿਆਰਥਣਾਂ ਪੁੱਜੀਆਂ ਹੋਈਆਂ ਸਨ। ਸਵੇਰ ਦੇ ਜਸ਼ਨਾਂ ’ਚ ਵਿਦਿਆਰਥੀ ਇੱਕੋ ਜਿਹੀਆਂ ਸੋਹਣੀਆਂ ਪੁਸ਼ਾਕਾਂ ਪਹਿਨ ਕੇ ਢੋਲ ਢਮੱਕੇ ਨਾਲ ਭੰਗੜਾ ਪਾਉਂਦਿਆਂ ਜਸ਼ਨਾਂ ਵਾਲੇ ਮੰਚ ਤੇ ਪੁੱਜੇ। ਮੰਚ ’ਤੇ ਗੁਰਮੇਲ ਸਿੰਘ ਧਾਲੀਵਾਲ, ਪਰਮਜੀਤ ਸਿੰਘ ਬਿਰਦੀ, ਚਰਨਜੀਤ ਸਿੰਘ ਕੈਂਥ, ਰਾਜਿੰਦਰ ਸਿੰਘ ਲੁਧਿਆਣਾ, ਰਵਿਦਰ ਸਿੰਘ ਗਰੇਵਾਲ (ਝਾਂਡੇ) ਅਤੇ ਸੁਦਾਗਰ ਸਿੰਘ ਆਸਟ੍ਰੇਲੀਆ ਦੀ ਟੀਮ ਵੱਲੋਂ ਮੌਕੇ ਤੇ ਤਿਆਰ ਬੋਲੀਆਂ ਪੇਸ਼ ਕੀਤੀਆਂ ਗਈਆਂ। ਮਲਵਈ ਗਿੱਧਾ ਸਾਰੇ ਜਸ਼ਨਾਂ ਦੀ ਚਰਮ ਸੀਮਾ ਬਣ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਛੜ ਚੁੱਕੇ ਸਾਰੇ ਸਾਥੀਆਂ ਦੀਆਂ ਫੋਟੋਆਂ ਲਾ ਕੇ ਗੁਰਮੇਲ ਸਿੰਘ ਧਾਲੀਵਾਲ ਵੱਲੋਂ ਪੇਸ਼ ਕੀਤੇ ਗਏ ਇੱਕ ਯਾਦਗਾਰੀ ਅਤੇ ਸੋਗਮਈ ਗੀਤ ਨੇ ਹਰ ਅੱਖ ਨੂੰ ਨਮ ਕਰ ਦਿੱਤਾ। ਇਸ ਮੌਕੇ ਕਈ ਅਹਿਮ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਹਰ ਵਿਦਿਆਰਥੀ ਦਾ ਪੂਰਾ ਬਿਓਰਾ ਦਿੰਦੀਆਂ ਸਲਾਈਡਾਂ ਦਿਖਾਈਆਂ ਗਈਆਂ, ਜਿਸ ਵਿੱਚ ਪੜ੍ਹਾਈ ਤੋਂ ਬਾਅਦ ਦੇ ਜੀਵਨ ਦੀਆਂ ਕਾਮਯਾਬੀਆਂ ਦਾ ਵਰਨਣ ਕੀਤਾ ਗਿਆ ਸੀ, ਜਿਸ ਨੂੰ ਦੇਖ ਕੇ ਉੱਥੇ ਮੌਜੂਦ ਸਾਬਕਾ ਅਧਿਆਪਕਾਂ ਅਤੇ ਪੀਏਯੂ ਦੇ ਮੌਜੂਦਾ ਵੀਸੀ ਡਾ ਸਤਬੀਰ ਸਿੰਘ ਗੋਸਲ, ਖੇਤੀਬਾੜੀ ਕਾਲਜ ਦੇ ਡੀਨ ਡਾ ਚਰਨਜੀਤ ਸਿੰਘ ਔਲਖ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਨਿਰਮਲ ਸਿੰਘ ਜੌੜਾ ਨੇ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਇਨ੍ਹਾਂ ਸਾਰੇ ਜਸ਼ਨਾਂ ਦਾ ਪ੍ਰਬੰਧ ਪਰਮਜੀਤ ਸਿੰਘ ਬਿਰਦੀ ਕੈਨੇਡਾ, ਡਾ ਮਾਨਇੰਦਰ ਸਿੰਘ ਡੀਨ ਪੋਸਟ ਗ੍ਰੈਜੂਏਟ ਸਟੱਡੀਜ ਪੀਏਯੂ, ਗੁਰਮੇਲ ਸਿੰਘ ਆਸਟਰੇਲੀਆ, ਰਾਮ ਚੰਦਰ, ਸੰਜੀਵ ਜੈਨ ਅਮਰੀਕਾ, ਕੁਲਤਾਰਜੀਤ ਸਿੰਘ ਬਿਆੜਾ ਕੈਨੇਡਾ, ਕੁਲਦੀਪ ਸਿਾਂਘ ਵੱਲੋਂ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਆਉਂਦੇ ਸਾਲਾ ਵਿੱਚ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਖੇਤੀਬਾੜੀ ਕਾਲਜ ਅਜਿਹੀਆਂ ਮਿਲਣੀਆਂ ਕਰਦਾ ਰਹੇਗਾ ਅਤੇ ਹੋਰ ਪੁਰਾਣੇ ਵਿਦਿਆਰਥੀ ਇਸੇ ਤਰਾਂ ਆਪਣੀਆਂ ਯਾਦਾਂ ਨੂੰ ਤਰੋ ਤਾਜ਼ਾ ਕਰਨ ਪੀਏਯੂ ਦੇ ਇੰਨਾਂ ਗਲਿਆਰਿਆ ਵਿੱਚ ਆਉਂਦੇ ਰਹਿਣਗੇ।