ਲੁਧਿਆਣਾ ਪ੍ਰਦਰਸ਼ਨੀ ਕੇਂਦਰ ਸਾਹਨੇਵਾਲ ’ਚ 15ਵੀਂ ਮੈਕਆਟੋ ਪ੍ਰਦਰਸ਼ਨੀ 20 ਤੋਂ
ਲੁਧਿਆਣਾ ਪ੍ਰਦਰਸ਼ਨੀ ਕੇਂਦਰ ਸਾਹਨੇਵਾਲ ਵਿਖੇ 20 ਤੋਂ 23 ਫਰਵਰੀ ਤੱਕ 15ਵੀਂ ਮੈਕਆਟੋ ਪ੍ਰਦਰਸ਼ਨੀ ਲੱਗੇਗੀ
Publish Date: Wed, 18 Feb 2026 06:40 PM (IST)
Updated Date: Thu, 19 Feb 2026 04:07 AM (IST)

- ਦੁਨੀਆਂ ਦੇ 13 ਤੋਂ ਵੱਧ ਦੇਸ਼ਾਂ ਦੀਆਂ 650 ਤੋਂ ਵਧੇਰੇ ਕੰਪਨੀਆਂ ਹਿੱਸਾ ਲੈਣਗੀਆਂ ਫੋਟੋ ਨੰਬਰ-12 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਮਸ਼ੀਨ ਟੂਲਜ਼ ਤੇ ਆਟੋਮੇਸ਼ਨ ਟੈਕਨੋਲੋਜੀ ਵਿੱਚ ਇੰਡੀਆ ਦੀ ਪ੍ਰਮੁੱਖ ਪ੍ਰਦਰਸ਼ਨੀ ਮੈਕ ਆਟੋ ਐਕਸਪੋ ਦਾ 15ਵਾਂ ਐਡੀਸ਼ਨ 20 ਤੋਂ 23 ਫਰਵਰੀ 2026 ਤੱਕ ਲੁਧਿਆਣਾ ਪ੍ਰਦਰਸ਼ਨੀ ਕੇਂਦਰ ਸਾਹਨੇਵਾਲ ਲੁਧਿਆਣਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਲੁਧਿਆਣਾ ਦੇ ਪਾਰਕ ਪਲਾਜ਼ਾ ਹੋਟਲ ਵਿਖੇ ਇੱਕ ਪ੍ਰੈੱਸ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ। ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਿਟਡ ਵੱਲੋਂ ਮੈਕ ਆਟੋ ਐਕਸਪੋ 2026 ਭਾਰਤ ਦੇ ਪ੍ਰਮੁੱਖ ਉਦਯੋਗਿਕ ਕੇਂਦਰਾਂ ਵਿੱਚੋਂ ਇੱਕ ਲੁਧਿਆਣਾ ਨੂੰ ਹੋਰ ਮਜ਼ਬੂਤ ਸਥਾਨ ਦਿਵਾਉਂਦੀ ਹੋਈ। ਜਿੱਥੇ ਦੇਸ਼ ਤੇ ਵਿਦੇਸ਼ ਦੇ ਪ੍ਰਮੁੱਖ ਨਿਰਮਾਤਾਵਾਂ, ਸਪਲਾਇਰਾਂ, ਟੈਕਨਾਲੋਜੀ ਪ੍ਰਦਾਤਾਵਾਂ, ਉਦਯੋਗਿਕ ਖਰੀਦਦਾਰਾਂ, ਐਮਐਸਐਮਈ, ਓਈਐਮ ਅਤੇ ਟ੍ਰੇਡ ਵਿਜ਼ਿਟਰਾਂ ਨੂੰ ਇੱਕ ਛੱਤ ਹੇਠ ਇਕੱਠਾ ਹੋਣ ਦਾ ਮੌਕਾ ਮਿਲੇਗਾ। ਇਹ ਪ੍ਰਦਰਸ਼ਨੀ ਨਵੀਨਤਾ, ਕਾਰੋਬਾਰੀ ਨੈੱਟਵਰਕਿੰਗ ਅਤੇ ਤਕਨੀਕੀ ਤਰੱਕੀ ਲਈ ਇੱਕ ਗਤੀਸ਼ੀਲ ਮੰਚ ਸਾਬਤ ਹੋਵੇਗੀ। ਇਸ ਤੋਂ ਇਲਾਵਾ ਐਕਸਪੋ ਵਿੱਚ ਮਸ਼ੀਨ ਟੂਲਜ਼ ਅਤੇ ਆਟੋਮੇਸ਼ਨ ਟੈਕਨਾਲੋਜੀ ਨਾਲ ਸੰਬੰਧਿਤ ਵਿਸ਼ਾਲ ਸ਼੍ਰੇਣੀਆਂ ਸ਼ਾਮਲ ਹੋਣਗੀਆਂ, ਜਿਵੇਂ ਕਿ ਸੀਐਨਸੀ ਮਸ਼ੀਨਾਂ, ਵੀਐਮਸੀ, ਐਚਐਮਸੀ, ਟਰਨਿੰਗ ਸੈਂਟਰ, ਗ੍ਰਾਈਂਡਿੰਗ ਅਤੇ ਫਿਨਿਸ਼ਿੰਗ ਮਸ਼ੀਨਰੀ, ਕਟਿੰਗ ਟੂਲਜ਼, ਇੰਡਸਟਰੀਅਲ ਰੋਬੋਟਿਕਸ, ਫੈਕਟਰੀ ਆਟੋਮੇਸ਼ਨ ਸਿਸਟਮ, ਮਟੀਰੀਅਲ ਹੈਂਡਲਿੰਗ ਹੱਲ, ਵੈਲਡਿੰਗ ਤੇ ਫੈਬ੍ਰਿਕੇਸ਼ਨ ਟੈਕਨਾਲੋਜੀ, ਨਿਊਮੈਟਿਕ ਅਤੇ ਹਾਈਡ੍ਰੌਲਿਕ ਸਿਸਟਮ, ਇੰਡਸਟਰੀਅਲ ਇਲੈਕਟ੍ਰਾਨਿਕਸ, ਸਮਾਰਟ ਮੈਨੂਫੈਕਚਰਿੰਗ ਹੱਲ, ਇੰਡਸਟਰੀ 4.0 ਟੈਕਨਾਲੋਜੀ, ਏਆਈ-ਆਧਾਰਿਤ ਆਟੋਮੇਸ਼ਨ ਸਿਸਟਮ ਅਤੇ ਪ੍ਰਿਸੀਜ਼ਨ ਇੰਜੀਨੀਅਰਿੰਗ ਉਪਕਰਨ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਣਗੇ। ਦਰਸ਼ਕ ਲਾਈਵ ਡੈਮੋਨਸਟ੍ਰੇਸ਼ਨ, ਨਵੇਂ ਉਤਪਾਦਾਂ ਦੀ ਲਾਂਚਿੰਗ ਅਤੇ ਅਗਲੀ ਪੀੜ੍ਹੀ ਦੀ ਉਤਪਾਦਨ ਟੈਕਨਾਲੋਜੀ ਨੂੰ ਦੇਖ ਸਕਣਗੇ, ਜਿਹੜੀ ਉਤਪਾਦਕਤਾ ਤੇ ਦੱਖਲਤਾ ਵਧਾਉਣ ਲਈ ਤਿਆਰ ਕੀਤੀ ਗਈ ਹੈ। ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਆਈਸੀਯੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਇਸ ਬਾਰ ਪਰਦਰਸ਼ਨੀ ਦਾ ਪਿਛਲੀ ਵਾਰ ਤੋਂ ਵੀ ਹੋਰ ਬਿਹਤਰ ਤਰੀਕੇ ਨਾਲ ਆਯੋਜਨ ਕੀਤਾ ਜਾਵੇਗਾ। ਇਸ ਵਿੱਚ 13 ਤੋਂ ਵੱਧ ਦੇਸ਼ਾਂ ਤੋਂ ਪ੍ਰਤਿਨਿਧੀ ਆਪਣੀਆਂ ਉੱਨਤ ਤਕਨੀਕਾਂ ਲੈ ਕੇ ਸ਼ਾਮਿਲ ਹੋਣਗੇ। ਉਹਨਾਂ ਦੱਸਿਆ ਕਿ ਮੌਜੂਦਾ ਹਾਲਾਤਾਂ ਵਿੱਚ ਹੁਣ ਭਾਰਤ ਵਿੱਚ ਉਦਯੋਗਿਕ ਤਰੱਕੀ ਲਈ ਕਾਫੀ ਅਹਿਮ ਸਮਾਂ ਹੈ, ਜਦੋਂ ਭਾਰਤ ਤੇ ਯੂਰੋਪੀਅਨ ਯੂਨੀਅਨ ਵਿਚਾਲੇ ਹੋਏ ਐਫਟੀਏ, ਜੀਐਸਟੀ ਦੀਆਂ ਦਰਾਂ ਵਿੱਚ ਕਮੀ, ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਨਵੈਸਟ ਪੰਜਾਬ ਅਤੇ ਨਵੀਆਂ ਤਕਨੀਕਾਂ ਦੇ ਆਮਦ ਨਾਲ ਉਦਯੋਗਿਕ ਤਰੱਕੀ ਲਈ ਮੌਕੇ ਹੋਰ ਵੀ ਵੱਧ ਗਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਡਸਟਰੀ ਨੂੰ ਭਵਿੱਖ ਦੀਆਂ ਚੁਣੌਤੀਆਂ ਤੇ ਕਾਬੂ ਪਾਉਣ ਲਈ ਆਪਣੀ ਉਤਪਾਦਨ ਲਾਗਤ ਨੂੰ ਘੱਟ ਕਰਨ ਦੀ ਲੋੜ ਹੈ। ਪਰਦਰਸ਼ਨੀ ਵਿੱਚ ਆਧੁਨਿਕ ਸੀਐਨਸੀ, ਵੀਐਨਸੀ ਮਸ਼ੀਨਾਂ, ਰੋਬਟ ਲੇਜ਼ਰ ਕਟਿੰਗ ਵਰਗੀਆਂ ਆਧੁਨਿਕ ਤਕਨੀਕਾਂ ਇੰਡਸਟਰੀ ਸਾਹਮਣੇ ਆਉਣਗੀਆਂ। ਉਹਨਾਂ ਨੂੰ ਉਮੀਦ ਹੈ ਕਿ ਇਸ ਪ੍ਰਦਰਸ਼ਨੀ ਦੌਰਾਨ 1,000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਵੇਗਾ ਅਤੇ ਇਹ ਉੱਤਰ ਭਾਰਤ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ਸਾਬਤ ਹੋਵੇਗੀ। ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲਸ ਇੰਡਸਟਰੀਜ਼ (ਏਐਲਐਮਟੀਆਈ) ਦੇ ਪ੍ਰਧਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨ ਦੇ ਦੌਰਾਨ ਦੇਸ਼ ਵਿਦੇਸ਼ ਤੋਂ ਨਿਰਮਾਤਾ ਆਪਣੀਆਂ ਆਧੁਨਿਕ ਮਸ਼ੀਨਾਂ ਲੈ ਕੇ ਪਹੁੰਚ ਰਹੇ ਹਨ। ਇਸ ਪੱਧਰ ਦੀ ਪ੍ਰਦਰਸ਼ਨੀ ਮਸ਼ੀਨਰੀ ਅਤੇ ਟੂਲਸ ਉਦਯੋਗ ਵਾਸਤੇ ਬਹੁਤ ਅਹਿਮ ਹੈ। ਪ੍ਰਦਰਸ਼ਨੀ ਦੌਰਾਨ ਦੇਸ਼ ਅਤੇ ਵਿਦੇਸ਼ ਤੋਂ 650 ਤੋਂ ਵੱਧ ਪ੍ਰਤੀਭਾਗੀ ਹਿੱਸਾ ਲੈਣਗੇ। ਇੱਥੇ ਪੰਜਾਬ ਅਤੇ ਉੱਤਰ ਭਾਰਤ ਤੋ ਵਿਜਿਟਰਾਂ ਅਤੇ ਉਦੋਗਿਕ ਇੰਸਟੀਚਿਊਟਾਂ ਤੋਂ ਨੁਮਾਇੰਦਿਆਂ ਦੇ ਪਹੁੰਚਣ ਦੀ ਉਮੀਦ ਹੈ। ਇਹ ਮੌਕਾ ਭਵਿੱਖ ਵਿੱਚ ਇੰਡਸਟਰੀ ਦੀ ਤਰੱਕੀ ਲਈ ਰਾਹ ਪੱਧਰਾ ਕਰੇਗਾ।ਉਡਾਨ ਮੀਡੀਆ ਅਤੇ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਿਟਿਡ ਦੇ ਐਮਡੀ ਜੀਐਸ ਢਿੱਲੋਂ ਨੇ ਕਿਹਾ ਕਿ ਮੈਕ ਆਟੋ ਪ੍ਰਦਰਸ਼ਨੀ ਦਾ ਇਹ 15ਵਾਂ ਅਡੀਸ਼ਨ ਪਿਛਲੇ ਸਾਲਾਂ ਨਾਲੋਂ ਕਈ ਗੁਣਾ ਬਿਹਤਰ ਰਹੇਗਾ। ਪ੍ਰਦਰਸ਼ਨ ਦੇ ਦੌਰਾਨ ਦੇਸ਼-ਵਿਦੇਸ਼ ਤੋਂ 50 ਹਜਾਰ ਤੋਂ ਵੱਧ ਵਿਜਿਟਰਾਂ ਦੇ ਪਹੁੰਚਣ ਦੀ ਉਮੀਦ ਹੈ। ਇਹ ਪ੍ਰਦਰਸ਼ਨੀ 1,000 ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਦੀ ਗਵਾਹ ਬਣੇਗੀ ਅਤੇ ਤਕਨੀਕੀ ਵਿਕਾਸ ਦੀ ਦਿਸ਼ਾ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗੀ। ਮੈਕ ਆਟੋ ਐਕਸਪੋ 2026 ਵਿੱਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਟ੍ਰੇਡ ਵਿਜ਼ਿਟਰਾਂ ਦੇ ਪਹੁੰਚਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਆਟੋਮੋਟਿਵ, ਸਾਈਕਲ, ਖੇਤੀਬਾੜੀ ਮਸ਼ੀਨਰੀ, ਆਟੋ ਕਮਪੋਨੈਂਟਸ, ਫੈਬ੍ਰਿਕੇਸ਼ਨ, ਕਾਸਟਿੰਗ, ਫੋਰਜਿੰਗ ਅਤੇ ਹੈਵੀ ਇੰਜੀਨੀਅਰਿੰਗ ਖੇਤਰਾਂ ਦੇ ਫੈਸਲਾ ਕਰਨ ਵਾਲੇ ਪ੍ਰਮੁੱਖ ਹਿੱਸੇਦਾਰ ਸ਼ਾਮਲ ਹੋਣਗੇ। ਇਹ ਪ੍ਰਦਰਸ਼ਨੀ ਸ਼ਾਨਦਾਰ ਨੈੱਟਵਰਕਿੰਗ ਦੇ ਮੌਕਿਆਂ, ਰਣਨੀਤਿਕ ਸਾਂਝੇਦਾਰੀਆਂ ਤੇ ਉਤਪਾਦਨ ਦੇ ਭਵਿੱਖ ਨੂੰ ਆਕਾਰ ਦੇਣ ਵਾਲੀਆਂ ਨਵੀਆਂ ਤਕਨੀਕੀ ਤਰੱਕੀਆਂ ਤੱਕ ਪਹੁੰਚ ਪ੍ਰਦਾਨ ਕਰੇਗੀ। ਜਿਵੇਂ ਲੁਧਿਆਣਾ ਇਸ ਵਿਸ਼ਾਲ ਉਦਯੋਗਿਕ ਸਮਾਗਮ ਦੀ ਤਿਆਰੀ ਕਰ ਰਿਹਾ ਹੈ, ਮੈਕ ਆਟੋ ਐਕਸਪੋ 2026 ਖੇਤਰ ਦੀ ਉਤਪਾਦਨ ਮਹਾਨਤਾ ਅਤੇ ਭਵਿੱਖ-ਦ੍ਰਿਸ਼ਟੀ ਦਾ ਪ੍ਰਤੀਕ ਬਣ ਕੇ ਉਭਰਦਾ ਹੈ। ਉਦਯੋਗ ਨਾਲ ਜੁੜੇ ਸਾਰੇ ਹਿੱਸੇਦਾਰਾਂ, ਉਦਯੋਗਪਤੀਆਂ, ਇੰਜੀਨੀਅਰਾਂ ਅਤੇ ਕਾਰੋਬਾਰੀਆਂ ਨੂੰ ਅਪੀਲ ਹੈ ਕਿ ਉਹ 20 ਤੋਂ 23 ਫਰਵਰੀ 2026 ਤੱਕ ਲੁਧਿਆਣਾ ਪ੍ਰਦਰਸ਼ਨੀ ਕੇਂਦਰ, ਸਾਹਨੇਵਾਲ ਵਿੱਚ ਇਸ ਸ਼ਾਨਦਾਰ ਅਨੁਭਵ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚਣ।