ਦੋ ਕੈਂਟਰਾਂ ਵਿਚਾਲੇ ਭਿਆਨਕ ਟੱਕਰ, ਦੁੱਧ ਵਾਲੇ ਕੈਂਟਰ ਦੇ ਚਾਲਕ ਦੀ ਮੌਤ
ਦੋ ਕੈਂਟਰਾਂ ਵਿਚਕਾਰ ਭਿਆਨਕ ਟੱਕਰ, ਦੁੱਧ ਵਾਲੇ ਕੈਂਟਰ ਦੇ ਚਾਲਕ ਦੀ ਹੋਈ ਮੌਤ
Publish Date: Wed, 15 Apr 2026 08:59 PM (IST)
Updated Date: Thu, 16 Apr 2026 04:09 AM (IST)

* ਅਚਾਨਕ ਬ੍ਰੇਕ ਮਾਰਨ ਕਾਰਨ ਵਾਪਰਿਆ ਹਾਦਸਾ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਸਰੀਂਹ ਲਾਗੇ ਦੇਰ ਰਾਤ ਦੋ ਕੈਂਟਰਾਂ ਵਿਚਾਲੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਦੁੱਧ ਵਾਲੇ ਟੈਂਕਰ ਦੇ ਡਰਾਈਵਰ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਅੱਗੇ ਚੱਲ ਰਹੇ ਇਕ ਅਣਪਛਾਤੇ ਟੈਂਕਰ ਦੇ ਚਾਲਕ ਨੇ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਵਾਹਨ ਚਲਾਉਦੇ ਹੋਏ ਅਚਾਨਕ ਬ੍ਰੇਕ ਮਾਰ ਦਿੱਤੀ। ਖਰੜ ਵਾਸੀ ਪਰਮਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸ ਦਾ ਡਰਾਈਵਰ ਵਿਪਨ ਕੁਮਾਰ ਦੁੱਧ ਟੈਂਕਰ ਰਾਹੀਂ ਹੁਸ਼ਿਆਰਪੁਰ ’ਚ ਦੁੱਧ ਖਾਲੀ ਕਰ ਕੇ ਵਾਪਸ ਸੰਗਰੂਰ ਵੱਲ ਜਾ ਰਿਹਾ ਸੀ। ਪਰਮਿੰਦਰ ਸਿੰਘ ਖੁਦ ਆਪਣੀ ਕਾਰ ’ਚ ਟੈਂਕਰ ਦੇ ਪਿੱਛੇ-ਪਿੱਛੇ ਆ ਰਹੇ ਸਨ। ਜਿਵੇਂ ਹੀ ਉਹ ਪਿੰਡ ਸਰੀਂਹ ਨੇੜੇ ਪਹੁੰਚੇ ਤਾਂ ਦੁੱਧ ਵਾਲੇ ਕੈਂਟਰ ਦੇ ਅੱਗੇ ਚੱਲ ਰਹੇ ਅਣਪਛਾਤੇ ਤੇਜ਼ ਰਫ਼ਤਾਰ ਟੈਂਕਰ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਇਸ ਕਾਰਨ ਪਿੱਛੇ ਆ ਰਿਹਾ ਵਿਪਨ ਕੁਮਾਰ ਆਪਣੇ ਵਾਹਨ ’ਤੇ ਕਾਬੂ ਨਾ ਰੱਖ ਸਕਿਆ। ਸਿੱਟੇ ਵਜੋਂ ਤੇਜ਼ ਰਫ਼ਤਾਰ ਕੈਂਟਰ ਅਗਲੇ ਕੈਂਟਰ ਨਾਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਵਿਪਿਨ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਟੈਂਕਰ ਚਾਲਕ ਆਪਣਾ ਵਾਹਨ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ। ਰਾਹਗੀਰਾਂ ਤੇ ਪਰਮਿੰਦਰ ਸਿੰਘ ਦੀ ਮਦਦ ਨਾਲ ਜ਼ਖ਼ਮੀ ਵਿਪਨ ਨੂੰ ਤੁਰੰਤ ਸਿਵਲ ਹਸਪਤਾਲ ਲੁਧਿਆਣਾ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਡੇਹਲੋਂ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ। ਡੇਹਲੋਂ ਥਾਣਾ ਪੁਲਿਸ ਨੇ ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਦੇ ਹੋਏ ਅਣਪਛਾਤੇ ਟੈਂਕਰ ਚਾਲਕ ਖਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ 281, 106 ਅਤੇ 324(4) ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।