ਸਕਾਰਪੀਓ ਤੇ ਇਨੋਵਾ ਦੀ ਟੱਕਰ ’ਚ 6 ਸਾਲਾ ਬੱਚਾ ਗੰਭੀਰ ਜ਼ਖ਼ਮੀ
ਮਲਹਾਰ ਰੋਡ ’ਤੇ ਭਿਆਨਕ ਹਾਦਸਾ, ਸਕਾਰਪਿਓ ਤੇ ਇਨੋਵਾ ਦੀ ਟੱਕਰ ’ਚ 6 ਸਾਲਾ ਬੱਚਾ ਗੰਭੀਰ ਜਖ਼ਮੀ
Publish Date: Sat, 21 Mar 2026 08:43 PM (IST)
Updated Date: Sun, 22 Mar 2026 04:16 AM (IST)

ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਖੁਦ ਸੰਭਾਲੀ ਰਾਹਤ ਕਾਰਜਾਂ ਦੀ ਕਮਾਨ ਬੱਚੇ ਦੀ ਹਾਲਤ ਨਾਜ਼ੁਕ, ਦੋਵੇਂ ਲੱਤਾਂ ਟੁੱਟੀਆਂ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਲੁਧਿਆਣਾ ਦੇ ਮਲਹਾਰ ਰੋਡ ’ਤੇ ਸ਼ਨਿਚਵਾਰ ਤੜਕੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ’ਚ 2 ਲਗਜ਼ਰੀ ਕਾਰਾਂ ਦਰਮਿਆਨ ਹੋਈ ਜ਼ਬਰਦਸਤ ਟੱਕਰ ਕਾਰਨ ਇੱਕ 6 ਸਾਲਾ ਮਾਸੂਮ ਸਮੇਤ ਕਈ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਤੁਰੰਤ ਡੀਐੱਮਸੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ’ਚ ਬੱਚੇ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਹਾਦਸਾ ਸਵੇਰੇ ਲੱਗਭਗ 5:12 ਵਜੇ ਵਾਪਰਿਆ। ਪ੍ਰਤੱਖਦਰਸ਼ੀਆਂ ਅਨੁਸਾਰ ਟੱਕਰ ਦਾ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਲੇ-ਦੁਆਲੇ ਦੇ ਲੋਕ ਡਰ ਗਏ। ਦੱਸਿਆ ਜਾ ਰਿਹਾ ਹੈ ਕਿ ਸਫ਼ੈਦ ਇਨੋਵਾ ਫਿਰੋਜ਼ਪੁਰ ਰੋਡ ਤੋਂ ਮਲਹਾਰ ਰੋਡ ਵੱਲ ਮੁੜ ਰਹੀ ਸੀ, ਜਦਕਿ ਆਰਤੀ ਚੌਕ ਵੱਲੋਂ ਤੇਜ਼ ਰਫ਼ਤਾਰੀ ਨਾਲ ਆ ਰਹੀ ਕਾਲੀ ਸਕਾਰਪੀਓ ਨੇ ਉਸ ਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ। ਹਾਦਸੇ ਸਮੇਂ ਰਾਜੌਰੀ ਗਾਰਡਨ ਵਾਸੀ ਕਵਲਦੀਪ ਸਿੰਘ ਆਪਣੇ 6 ਸਾਲਾ ਪੁੱਤਰ ਗੁਰਕਿਰਪਾਲ ਸਿੰਘ ਨਾਲ ਮਾਡਲ ਟਾਊਨ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਮੱਥਾ ਟੇਕਣ ਜਾ ਰਹੇ ਸਨ, ਜਿਵੇਂ ਹੀ ਉਨ੍ਹਾਂ ਨੇ ਮੋੜ ਕੱਟਿਆ, ਸਾਹਮਣੇ ਤੋਂ ਆ ਰਹੀ ਸਕਾਰਪੀਓ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਸਕਾਰਪੀਓ ਅੰਸ਼ ਸ਼ਰਮਾ ਚਲਾ ਰਿਹਾ ਸੀ, ਜਿਸ ਨਾਲ ਉਸ ਦਾ ਦੋਸਤ ਪਰਿਤੋਸ਼ ਵੀ ਸਵਾਰ ਸੀ। ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਦੋਵੇਂ ਗੱਡੀਆਂ ਦੇ ਅਗਲੇ ਹਿੱਸੇ ਪੂਰੀ ਤਰ੍ਹਾਂ ਤਬਾਹ ਹੋ ਗਏ। ਹਾਲਾਂਕਿ, ਗੱਡੀਆਂ ਦੇ ਏਅਰਬੈਗ ਖੁੱਲ੍ਹ ਜਾਣ ਕਾਰਨ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਸੂਚਨਾ ਮਿਲਣ ’ਤੇ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਤੇ ਕਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਦੋਵਾਂ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਕਬਜ਼ੇ ’ਚ ਲੈ ਲਿਆ। ਥਾਣਾ ਡਵੀਜ਼ਨ ਨੰਬਰ 5 ਦੇ ਐੱਸਐੱਚਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਸਾਰੇ ਜ਼ਖ਼ਮੀਆਂ ਦਾ ਇਲਾਜ ਡੀਐੱਮਸੀ ਹਸਪਤਾਲ ’ਚ ਜਾਰੀ ਹੈ ਤੇ ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਾਕਸ-- ਉਦਯੋਗ ਮੰਤਰੀ ਅਰੋੜਾ ਨੇ ਸੰਭਾਲੀ ਰੈਸਕਿਊ ਦੀ ਕਮਾਨ ਜ਼ਿਕਰਯੋਗ ਹੈ ਕਿ ਹਾਦਸੇ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਪਰ ਇਸ ਦੌਰਾਨ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਮਨਵਤਾ ਦੀ ਮਿਸਾਲ ਪੇਸ਼ ਕਰ ਦਿੱਤੀ। ਸਵੇਰੇ ਕਰੀਬ 5:12 ਵਜੇ ਮਲਹਾਰ ਰੋਡ ਕੱਟ ਕੋਲ ਤੇਜ਼ ਰਫ਼ਤਾਰ ਸਕਾਰਪੀਓ ਤੇ ਇਨੋਵਾ ਕਾਰ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ ਵਾਹਨਾਂ ਦਾ ਅਗਲਾ ਹਿੱਸਾ ਚੱਕਨਾਚੂਰ ਹੋ ਗਿਆ ਤੇ ਅੰਦਰ ਬੈਠੇ ਲੋਕ ਬੁਰੇ ਤਰੀਕੇ ਨਾਲ ਫਸ ਗਏ। ਇਸੇ ਦੌਰਾਨ ਦਿੱਲੀ ਕਿਸੇ ਵਿਸ਼ੇਸ਼ ਕੰਮ ਲਈ ਜਾ ਰਹੇ ਉਦਯੋਗ ਮੰਤਰੀ ਸੰਜੀਵ ਅਰੋੜਾ ਦਾ ਕਾਫ਼ਲਾ ਮੌਕੇ ਤੋਂ ਲੰਘ ਰਿਹਾ ਸੀ। ਹਾਦਸਾ ਵੇਖਦੇ ਹੀ ਉਨ੍ਹਾਂ ਕਾਫ਼ਲਾ ਰੋਕਿਆ ਤੇ ਬਿਨਾਂ ਦੇਰੀ ਕੀਤੇ ਖੁਦ ਰਾਹਤ ਕਾਰਜ ਦੀ ਅਗਵਾਈ ਸੰਭਾਲ ਲਈ। ਮੰਤਰੀ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਨੂੰ ਜ਼ਖ਼ਮੀਆਂ ਨੂੰ ਬਾਹਰ ਕੱਢਣ ’ਚ ਲਾਇਆ ਤੇ ਖੁਦ ਐਂਬੂਲੈਂਸ ਦੀ ਵਿਵਸਥਾ ਕਰ ਕੇ ਸਾਰਿਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਹਾਦਸੇ ਸਮੇਂ ਉਦਯੋਗ ਮੰਤਰੀ ਦਾ ਮੌਕੇ ’ਤੇ ਰੁਕਣਾ ਤੇ ਖੁਦ ਰੈਸਕਿਊ ਆਪ੍ਰੇਸ਼ਨ ’ਚ ਜੁੜਨਾ ਲੋਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਰਹਿ। ਸਥਾਨਕ ਲੋਕਾਂ ਨੇ ਮੰਤਰੀ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਮਾਨਵਤਾ ਤੇ ਜ਼ਿੰਮੇਵਾਰੀ ਦੀ ਸ਼ਾਨਦਾਰ ਉਦਾਹਰਣ ਦੱਸਿਆ।