ਅਧਿਆਪਕ ਜਥੇਬੰਦੀਆਂ ਕਰਨਗੀਆਂ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਓ
ਅਧਿਆਪਕ ਜਥੇਬੰਦੀਆਂ ਕਰਨਗੀਆਂ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਓ
Publish Date: Sat, 28 Feb 2026 06:36 PM (IST)
Updated Date: Sun, 01 Mar 2026 04:10 AM (IST)

ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ, ਰਾੜਾ ਸਾਹਿਬ : ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੀ ਆਨ ਲਾਈਨ ਮੀਟਿੰਗ ਹੋਈ । ਜਿਸ ਵਿੱਚ ਅਧਿਆਪਕਾਂ ਉੱਪਰ ਧੱਕੇ ਨਾਲ ਥੋਪੀ ਜਾ ਰਹੀ ਟੈਟ ਦੀ ਸ਼ਰਤ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਵਿਭਾਗ ਵੱਲੋਂ 2011 ਤੋਂ ਪਹਿਲਾਂ ਜੁਆਇਨ ਹੋਏ ਅਧਿਆਪਕਾਂ ਜਿਹਨਾਂ ਨੂੰ ਟੈਟ ਤੋਂ ਛੋਟ ਮਿਲੀ ਹੋਈ ਸੀ, ਉਪਰ 7 ਫਰਵਰੀ 2026 ਨੂੰ ਮਾਸਟਰ ਕਾਡਰ ਦੀਆਂ ਪਦਉਨਤੀਆਂ ਲਈ ਟੀ.ਈ.ਟੀ. ਲਾਜ਼ਮੀ ਸ਼ਰਤ ਲਗਾ ਦਿੱਤਾ ਗਿਆ ਹੈ ਅਤੇ 14 ਸਤੰਬਰ 2017 ਨੂੰ ਜਾਰੀ ਕੀਤਾ ਪੱਤਰ ਜਿਸ ਵਿੱਚ ਟੀ ਈ ਟੀ ਤੋਂ ਛੋਟ ਦਿੱਤੀ ਗਈ ਸੀ, ਨੂੰ ਰੱਦ ਕਰ ਦਿੱਤਾ ਗਿਆ ਹੈ। 22 ਫਰਵਰੀ ਨੂੰ ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਕਰਨ ਤੋਂ ਬਾਅਦ , ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ 27 ਫਰਵਰੀ ਦਾ ਸਮਾਂ ਦਿੱਤਾ ਗਿਆ ਪਰ ਸਰਕਾਰ ਅਧਿਆਪਕ ਜੱਥੇਬੰਦੀਆਂ ਨਾਲ਼ ਗੱਲ ਕਰਨ ਤੋਂ ਭੱਜ ਗਈ ਹੈ ਅਤੇ ਹੁਣ 6 ਮਾਰਚ ਦਾ ਸਮਾਂ ਦਿੱਤਾ ਗਿਆ ਹੈ। ਜਿਸ ਦੇ ਰੋਸ ਵਜੋਂ ਪੂਰੇ ਪੰਜਾਬ ਵਿੱਚ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ , ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਲਈ ਲੁਧਿਆਣੇ ਜਿਲ੍ਹੇ ਦੀਆਂ ਸਮੂਹ ਜਥੇਬੰਦੀਆਂ ਵੱਲੋਂ 2 ਮਾਰਚ ਨੂੰ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਕੈਬਨਿਟ ਮੰਤਰੀ ਤਰੁਣਦੀਪ ਸਿੰਘ ਸੌਂਦ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ । ਇਸ ਲਈ ਬਲਾਕ ਡੇਹਲੋਂ -1, ਲੁਧਿਆਣਾ 1,2, ਮਾਂਗਟ -1,2, ਸੁਧਾਰ,ਪੱਖੋਵਾਲ,ਜਗਰਾਓਂ ਜਿਲ੍ਹਾ ਲੁਧਿਆਣਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ 2 ਮਾਰਚ ਨੂੰ ਪੀ ਏ ਯੂ ਗੇਟ ਨੱਬਰ -1 ਅਤੇ ਬਲਾਕ ਦੋਰਾਹਾ, ਖੰਨਾ , ਸਮਰਾਲਾ , ਡੇਹਲੋਂ -2, ਸ੍ਰੀ ਮਾਛੀਵਾੜਾ ਸਾਹਿਬ ਬਲਾਕ ਦਾਣਾ ਮੰਡੀ ਖੰਨਾ ਵਿਖੇ ਇਕੱਠੇ ਹੋਣਗੇ । ਸਮੂਹ ਅਧਿਆਪਕਾਂ ਨੂੰ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਅੱਜ ਦੀ ਮੀਟਿੰਗ ਵਿੱਚ ਹਰਵਿੰਦਰ ਸਿੰਘ ਬਿਲਗਾ,ਗੁਰਦੀਪ ਸਿੰਘ ਚੀਮਾਂ, ਦਲਜੀਤ ਸਿੰਘ ਸਮਰਾਲਾ, ਰੁਪਿੰਦਰ ਪਾਲ ਸਿੰਘ ਗਿੱਲ, ਬਲਵਿੰਦਰ ਸਿੰਘ ਲਤਾਲਾ,ਜਗਜੀਤ ਸਿੰਘ ਮਾਨ, ਟਹਿਲ ਸਿੰਘ ਸਰਾਭਾ,ਬਿਕਰਮਜੀਤ ਸਿੰਘ ਕੱਦੋਂ, ਅਜੀਤ ਪਾਲ ਸਿੰਘ ਜੱਸੋਵਾਲ, ਅਤੇ ਹਰਜੀਤ ਸਿੰਘ ਸੁਧਾਰ ਆਦਿ ਆਗੂ ਹਾਜ਼ਰ ਸਨ।