ਅਧਿਆਪਕ ਯੂਨੀਅਨ ਵੱਲੋਂ ਪ੍ਰਾਇਮਰੀ ਸਕੂਲਾਂ ਦੇ ਇੰਚਾਰਜ਼ਾਂ ਨੂੰ ਸਕੂਲ ਮੁੱਖੀ ਦੇ ਬਰਾਬਰ ਤਨਖਾਹ ਦੇਣ ਦੀ ਮੰਗ
ਅਧਿਆਪਕ ਯੂਨੀਅਨ ਵੱਲੋਂ ਪ੍ਰਾਇਮਰੀ ਸਕੂਲਾਂ ਦੇ ਇੰਚਾਰਜ਼ਾਂ ਨੂੰ ਸਕੂਲ ਮੁੱਖੀ ਦੇ ਬਰਾਬਰ ਤਨਖਾਹ ਦੇਣ ਦੀ ਮੰਗ
Publish Date: Wed, 08 Apr 2026 09:15 PM (IST)
Updated Date: Thu, 09 Apr 2026 04:11 AM (IST)

ਫੋਟੋ 21, 22 ਰਵੀ, ਪੰਜਾਬੀ ਜਾਗਰਣ ਲੁਧਿਆਣਾ : ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਦੀਪਕ ਕੰਬੋਜ਼ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਪ੍ਰਾਇਮਰੀ ਸਿੱਖਿਆ ਅਤੇ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਗੰਭੀਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਪ੍ਰਾਇਮਰੀ ਸਕੂਲਾਂ ਵਿੱਚ ਬਤੌਰ ਇੰਚਾਰਜ਼ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਨੂੰ ਸਕੂਲ ਮੁੱਖੀ (ਐੱਚਟੀ) ਦੇ ਬਰਾਬਰ ਤਨਖਾਹ ਅਤੇ ਭੱਤੇ ਦਿੱਤੇ ਜਾਣ। ਯੂਨੀਅਨ ਆਗੂਆਂ ਨੇ ਕਿਹਾ ਕਿ ਬਹੁਤ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਈਟੀਟੀ ਅਧਿਆਪਕ ਹੀ ਸਕੂਲ ਮੁੱਖੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਜੇਕਰ ਕੰਮ ਬਰਾਬਰ ਲਿਆ ਜਾ ਰਿਹਾ ਹੈ, ਤਾਂ ਤਨਖਾਹ ਵਿੱਚ ਵਿਤਕਰਾ ਕਿਉਂ? ਇਸ ਮੌਕੇ ਤੇ ਸੂਬਾ ਪ੍ਰਧਾਨ ਦੀਪਕ ਕੰਬੋਜ਼ ਨੇ ਕਿਹਾ ਕਿ ਸਰਕਾਰ ਜਦੋਂ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਤੋਂ ਸਕੂਲ ਮੁੱਖੀ ਦੇ ਬਰਾਬਰ ਬਤੌਰ ਇੰਚਾਰਜ਼ ਸੇਵਾਵਾਂ ਲਈਆਂ ਜਾ ਰਹੀਆਂ ਹਨ ਤਾਂ ਉਨ੍ਹਾਂ ਬਰਾਬਰ ਤਨਖਾਹ ਅਤੇ ਭੱਤੇ ਵੀ ਦਿੱਤੇ ਜਾਣੇ ਚਾਹੀਦੇ ਹਨ। ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਮਲੌਦ ਨੇ ਕਿਹਾ ਕਿ ਅਧਿਆਪਕਾਂ ਤੇ ਪੜ੍ਹਾਈ ਦੇ ਨਾਲ-ਨਾਲ ਮਿਡ-ਡੇ-ਮਿਲ, ਡਾਕ ਤਿਆਰ ਕਰਨ ਅਤੇ ਹੋਰ ਪ੍ਰਬੰਧਕੀ ਕੰਮਾਂ ਦਾ ਭਾਰੀ ਬੋਝ ਹੈ, ਇੰਚਾਰਜ਼ ਵਜੋਂ ਕੰਮ ਕਰਦਿਆਂ ਉਹ ਆਪਣੀ ਡਿਊਟੀ ਤੋਂ ਵੱਧ ਸਮਾਂ ਦੇ ਰਹੇ ਹਨ। ਯੂਨੀਅਨ ਦੇ ਸੂਬਾ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਜਲਦ ਹੀ ਪ੍ਰਾਇਮਰੀ ਸਕੂਲ ਇੰਚਾਰਜ਼ਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਅਤੇ ਉਨ੍ਹਾਂ ਦੇ ਮਾਣ-ਭੱਤੇ ਜਾਂ ਤਨਖਾਹ ਵਿੱਚ ਵਾਧਾ ਨਾ ਕੀਤਾ, ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।