ਅਧਿਆਪਕਾਂ ਵੱਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਦਫ਼ਤਰ ਦਾ ਘਿਰਾਓ
ਅਧਿਆਪਕਾਂ ਵੱਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਦਫਤਰ ਦਾ ਘਿਰਾਓ
Publish Date: Mon, 02 Mar 2026 08:32 PM (IST)
Updated Date: Mon, 02 Mar 2026 08:34 PM (IST)

-ਟੈੱਟ ਦਾ ਮਸਲਾ ਹੱਲ ਨਾ ਹੋਣ ’ਤੇ ਜਥੇਬੰਦੀਆਂ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ ਰਵੀ, ਪੰਜਾਬੀ ਜਾਗਰਣ ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਜ਼ਿਲ੍ਹਾ ਕਚਹਿਰੀ ਦੇ ਬਾਹਰ ਇਕੱਠੇ ਹੋਣ ਤੋਂ ਬਾਅਦ ਵਿਸ਼ਾਲ ਰੋਸ ਮਾਰਚ ਕਰ ਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਦਫ਼ਤਰ ਦਾ ਘਿਰਾਓ ਕੀਤਾ। ਵਿਸ਼ਾਲ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਹਰਜੀਤ ਸਿੰਘ ਸੁਧਾਰ, ਗੁਰਦੀਪ ਸਿੰਘ ਚੀਮਾ, ਰਮਨਜੀਤ ਸਿੰਘ ਸੰਧੂ, ਟਹਿਲ ਸਿੰਘ ਸਰਾਭਾ, ਬਲਵਿੰਦਰ ਸਿੰਘ ਲਤਾਲਾ, ਅਜੀਤ ਪਾਲ ਸਿੰਘ ਜੱਸੋਵਾਲ, ਨਵਦੀਪ ਸਿੰਘ, ਧੰਨਾ ਸਿੰਘ ਸਵੱਦੀ, ਦਵਿੰਦਰ ਸਿੰਘ ਸਿੱਧੂ, ਜਗਜੀਤ ਸਿੰਘ ਝਾਂਡੇ, ਅਰਵਿੰਦਰ ਸਿੰਘ ਭੰਗੂ, ਸੰਜੀਵ ਕੁਮਾਰ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਦਾ ਢਿੰਡੋਰਾ ਪਿੱਟਣ ਵਾਲੀ ਸੂਬਾ ਸਰਕਾਰ ਆਪਣੇ ਅਧਿਆਪਕਾਂ ਨਾਲ਼ ਖੜ੍ਹਨ ਦੀ ਬਜਾਏ ਟੈੱਟ ਦੇ ਨਾਂ ’ਤੇ ਅਧਿਆਪਕਾਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰ ਰਹੀ ਹੈ। ਕਿਹਾ ਕਿ ਸਿੱਖਿਆ ਵਿਭਾਗ ਵੱਲੋਂ 2011 ਤੋਂ ਪਹਿਲਾਂ ਜੁਆਇਨ ਹੋਏ ਅਧਿਆਪਕਾਂ ’ਤੇ ਧੱਕੇ ਨਾਲ ਟੈੱਟ ਦੀ ਸ਼ਰਤ ਥੋਪੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 14 ਸਤੰਬਰ 2017 ਨੂੰ ਜਾਰੀ ਕੀਤਾ ਪੱਤਰ ਜਿਸ ’ਚ ਟੀਈਟੀ ਤੋਂ ਛੋਟ ਦਿੱਤੀ ਗਈ ਸੀ ਪਰ 7 ਫਰਵਰੀ 2026 ਨੂੰ ਮਾਸਟਰ ਕਾਡਰ ਦੀਆਂ ਪਦਉੱਨਤੀਆਂ ਲਈ ਟੀਈਟੀ ਲਾਜ਼ਮੀ ਕਰਨ ਦੀ ਸ਼ਰਤ ਲਗਾ ਦਿੱਤੀ ਗਈ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ 22 ਫਰਵਰੀ ਨੂੰ ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਕਰਨ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ 27 ਫਰਵਰੀ ਦਾ ਸਮਾਂ ਦਿੱਤਾ ਗਿਆ ਪਰ ਸਰਕਾਰ ਅਧਿਆਪਕ ਜੱਥੇਬੰਦੀਆਂ ਨਾਲ਼ ਗੱਲ ਕਰਨ ਤੋਂ ਭੱਜ ਗਈ ਹੈ ਤੇ ਹੁਣ 6 ਮਾਰਚ ਦਾ ਸਮਾਂ ਦਿੱਤਾ ਗਿਆ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਟੈੱਟ ਦੀ ਬੇਲੋੜੀ ਸ਼ਰਤ ਲਗਾ ਕੇ ਤਰੱਕੀਆਂ ਤੋਂ ਵਾਂਝਾ ਕਰਨ ਦੇ ਖ਼ਿਲਾਫ਼ ਸਰਕਾਰ ਦੇ ਮੀਟਿੰਗ ਤੋਂ ਭੱਜਣ ਤੇ ਡੰਗ-ਟਪਾਊ ਨੀਤੀ ਦੇ ਖ਼ਿਲਾਫ਼ ਅਧਿਆਪਕਾਂ ਵੱਲੋਂ ਰੋਹ ਭਰਪੂਰ ਰੋਸ ਮਾਰਚ ਕਰ ਕੇ ਸਰਕਾਰ ਨੂੰ ਸੁਪਰੀਮ ਕੋਰਟ ਦੇ ਇਸ ਫੈਸਲੇ ਵਿਰੁੱਧ ਅਪੀਲ ਪਾਉਣ ’ਤੇ ਵਿਧਾਨ ਸਭਾ ’ਚ ਇਸ ਦੇ ਖ਼ਿਲਾਫ਼ ਮਤਾ ਲਿਆਉਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਟੈੱਟ ਦੇ ਮਸਲੇ ਨੂੰ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ’ਚ ਸਾਂਝੇ ਅਧਿਆਪਕ ਮੋਰਚੇ ਦੇ ਝੰਡੇ ਹੇਠ ਅਧਿਆਪਕ ਜਥੇਬੰਦੀਆਂ ਵੱਲੋਂ ਤਿੱਖੇ ਸੰਘਰਸ਼ ਵਿੱਢੇ ਜਾਣਗੇ। ਇਸ ਸਮੇਂ ਅਧਿਆਪਕ ਆਗੂ ਦਰਸ਼ਨ ਸਿੰਘ ਡਾਂਗੋ, ਪ੍ਰਭਦਿਆਲ ਸਿੰਘ, ਮਨਰਾਜ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਲੀਲ, ਗੁਰਦੀਪ ਸਿੰਘ ਹੇਰਾ, ਜੋਗਿੰਦਰ ਆਜ਼ਾਦ, ਮਨਜਿੰਦਰ ਸਿੰਘ, ਮੈਡਮ ਸਰਬਜੀਤ ਕੌਰ, ਪਰਮਜੀਤ ਕੌਰ ਆਦਿ ਆਗੂ ਹਾਜ਼ਰ ਸਨ।