ਟੈੱਟ ਦੇ ਖਿਲਾਫ ਅਧਿਆਪਕਾਂ ਨੇ ਫੂਕੀ ਸਰਕਾਰ ਦੀ ਅਰਥੀ

ਟੈੱਟ ਦੇ ਖਿਲਾਫ ਅਧਿਆਪਕਾਂ ਨੇ ਫੂਕੀ ਸਰਕਾਰ ਦੀ ਅਰਥੀ
ਫੋਟੋ- 38
ਬਿੰਨੀ ਡੇਹਲੋਂ, ਪੰਜਾਬੀ ਜਾਗਰਣ
ਡੇਹਲੋਂ/ਆਮਗੀਰ : ਬਲਾਕ ਡੇਹਲੋਂ-1 ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਟੈੱਟ ਖ਼ਿਲਾਫ਼ ਪੰਜਾਬ ਸਰਕਾਰ ਦੀ ਅਰਥੀ ਫੂਕੀ ਤੇ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੀ ਐੱਡ ਅਧਿਆਪਕ ਫਰੰਟ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਜੀਤਪਾਲ ਸਿੰਘ ਜੱਸੋਵਾਲ ਤੇ ਜਿਲ੍ਹਾ ਪ੍ਰਧਾਨ ਐੱਸਸੀ/ਬੀਸੀ ਅਧਿਆਪਕ ਯੂਨੀਅਨ ਲੁਧਿਆਣਾ ਬਲਵਿੰਦਰ ਸਿੰਘ ਲਤਾਲਾ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਦਾ ਢਿੰਡੋਰਾ ਪਿੱਟਣ ਵਾਲੀ ਆਪ ਦੀ ਸਰਕਾਰ ਆਪਣੇ ਅਧਿਆਪਕਾਂ ਤੇ ਸਰਕਾਰੀ ਸਕੂਲਾਂ ਨਾਲ ਖੜਨ ਦੀ ਬਜਾਏ, ਟੈੱਟ ਦੇ ਨਾਮ ਤੇ ਅਧਿਆਪਕਾਂ ਨੂੰ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਬਣਾ ਰਹੀ ਹੈ । ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਭਰਤੀਆਂ ਅਤੇ ਤਰੱਕੀਆਂ ਦੇ ਸਮੇਂ ਉਨ੍ਹਾਂ ਦੀਆਂ ਯੋਗਤਾਵਾਂ ਦੇ ਪੈਮਾਨੇ ਬਦਲ-ਬਦਲ ਬਦਲ ਕੇ, ਇਨ੍ਹਾਂ ਤੋਂ ਭੱਜਣਾ ਪੰਜਾਬ ਦੀ ਆਪ ਸਰਕਾਰ ਦੀ ਇਕ ਪੱਕੀ ਨੀਤੀ ਬਣਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਾ ਕਿ ਇਸ ਨੀਤੀ ਲਈ ਉਸ ਵੱਲੋਂ ਦਿਸ਼ਾ-ਨਿਰਦੇਸ਼, ਕੇਂਦਰ ਦੀ ਭਾਜਪਾ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ’ਚੋਂ ਲਏ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 2011 ਤੋਂ ਪਹਿਲਾਂ ਜੁਆਇਨ ਹੋਏ ਅਧਿਆਪਕਾਂ ਉੱਪਰ ਧੱਕੇ ਨਾਲ ਟੈੱਟ ਦੀ ਸ਼ਰਤ ਥੋਪੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਿਲਸਿਲੇ ’ਚ, 14 ਸਤੰਬਰ 2017 ਨੂੰ ਜਾਰੀ ਕੀਤਾ ਪੱਤਰ, ਜਿਸ ’ਚ ਟੀਈਟੀ ਤੋਂ ਛੋਟ ਦਿੱਤੀ ਗਈ ਸੀ, ਪੰਜਾਬ ਸਰਕਾਰ ਨੇ ਰੱਦ ਕਰ ਦਿੱਤਾ ਤੇ 7 ਫਰਵਰੀ 2026 ਦੇ ਆਪਣੇ ਤਾਜ਼ਾ ਫੁਰਮਾਨ ਰਾਹੀਂ ਮਾਸਟਰ ਕਾਡਰ ਦੀਆਂ ਪਦ-ਉਨਤੀਆਂ ਲਈ ਟੀਈਟੀ ਲਾਜ਼ਮੀ ਕਰਨ ਦੀ ਸ਼ਰਤ ਲਗਾ ਦਿੱਤੀ। ਇਸ ਦੇ ਵਿਰੋਧ ’ਚ 22 ਫਰਵਰੀ ਨੂੰ ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਕਰਨ ਤੋਂ ਬਾਅਦ, ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਅੰਦੋਲਨਕਾਰੀ ਅਧਿਆਪਕ ਜੱਥੇਬੰਦੀਆਂ ਨੂੰ 27 ਫਰਵਰੀ ਦਾ ਸਮਾਂ ਦਿੱਤਾ ਗਿਆ, ਪਰ ਸਰਕਾਰ ਅਧਿਆਪਕ ਜੱਥੇਬੰਦੀਆਂ ਨਾਲ ਗੱਲ ਕਰਨ ਤੋਂ ਭੱਜ ਗਈ ਹੈ ਅਤੇ ਹੁਣ ਆਪ ਹੀ 6 ਮਾਰਚ ਦਾ ਸਮਾਂ ਦਿੱਤਾ ਸੀ, ਜਿਸ ਮੀਟਿੰਗ ਵਿੱਚ ਟੈੱਟ ਖਿਲਾਫ਼ ਸਰਕਾਰ ਨੇ ਕੋਈ ਸਾਰਥਕ ਸਿੱਟਾ ਨਹੀਂ ਕੱਢਿਆ। ਇਸ ਦੇ ਨਤੀਜੇ ਵਜੋਂ ਅੱਜ ਅਧਿਆਪਕਾਂ ਨੂੰ ਟੈਟ ਦੀ ਬੇਲੋੜੀ ਸ਼ਰਤ ਲਗਾ ਕੇ ਤਰੱਕੀਆਂ ਤੋਂ ਵਾਂਝੇ ਕਰਨ ਦੇ ਖ਼ਿਲਾਫ਼ ਅਧਿਆਪਕਾਂ ਵੱਲੋਂ ਰੋਹ ਭਰਪੂਰ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਸਮੇਂ ਬਲਾਕ ਆਗੂ ਰਵਿੰਦਰ ਸਿੰਘ ਕਿਲਾ ਰਾਏਪੁਰ, ਦਵਿੰਦਰ ਸਿੰਘ ਬੁਟਾਹਰੀ, ਲੈਕਚਰਾਰ ਨਰਿੰਦਰ ਸਿੰਘ ਧੂਲਕੋਟ, ਰਾਕੇਸ਼ ਕੁਮਾਰ ਡੀਟੀਐਫ ਨੇ ਕਿਹਾ ਕਿ ਸਰਕਾਰ ਸੁਪਰੀਮ ਕੋਰਟ ਦੇ ਇਸ ਫੈਸਲੇ ਵਿਰੁੱਧ ਅਪੀਲ ਪਾਉਣ ਅਤੇ ਵਿਧਾਨ ਸਭਾ ਵਿੱਚ ਇਸ ਦੇ ਖ਼ਿਲਾਫ਼ ਮਤਾ ਲਿਆਉਣ ਅਤੇ ਰਾਜ ਵਿੱਚ ਅਧਿਆਪਕਾਂ ਦੀ ਭਰਤੀ ਅਤੇ ਪ੍ਰਮੋਸ਼ਨ ਲਈ ਰਾਜ ਸਰਕਾਰ ਦਾ ਵਿਸ਼ੇਸ਼ ਅਧਿਆਪਕ ਪੱਖੀ ਐਕਟ ਲਿਆਉਣ ਦੀ ਕਾਰਵਾਈ ਕਰੇ। ਇਸ ਮੋਕੇ ਐਸਸੀਬੀ.ਸੀ ਯੂਨੀਅਨ ਤੋਂ ਸਰਬਜੀਤ ਸਿੰਘ, ਰਛਪਾਲ ਸਿੰਘ, ਲੈਕਚਰਰ ਸੁਰਿੰਦਰ ਸਿੰਘ ਡਾਬਾ ਅਤੇ ਬੀਐਡ ਫਰੰਟ ਤੋਂ ਗੁਰਜੰਟ ਸਿੰਘ ਖੱਟੜਾ, ਗੁਰਵਿੰਦਰ ਸਿੰਘ ਬੂਲ, ਜਸਵਿੰਦਰ ਸਿੰਘ ਮੁਕੰਦਪੁਰ, ਜਸਪ੍ਰੀਤ ਕੌਰ, ਜਸਵਿੰਦਰ ਸਿੰਘ ਜੱਸੋਵਾਲ, ਸੁਖਜਿੰਦਰ ਸਿੰਘ ਡੇਹਲੋਂ, ਜਸਵਿੰਦਰ ਕੌਰ, ਰੁਪਿੰਦਰ ਕੌਰ, ਕੁਲਵਿੰਦਰ ਸਿੰਘ ਡੇਹਲੋਂ, ਲੈਕਚਰਰ ਸੁਖਵਿੰਦਰ ਸਿੰਘ ਸਿਆੜ, ਪੂਜਾ ਰਾਣੀ, ਮਨਪ੍ਰੀਤ ਕੌਰ, ਮੋਹਨ ਸਿੰਘ ਘਲੋਟੀ, ਤੀਰਥ ਸਿੰਘ ਜੜਤੌਲੀ, ਜਨਮਪ੍ਰੀਤ ਸਿੰਘ ਸੰਕਰ ਆਦਿ ਆਗੂ ਹਾਜ਼ਰ ਸਨ।