ਨਾਬਾਲਿਗਾ ਨਾਲ ਕੀਤੀਆਂ ਅਸ਼ਲੀਲ ਹਰਕਤਾਂ
ਟੀਚਰ ਦੇ ਪਤੀ ਨੇ ਨਾਬਾਲਿਗਾ ਨਾਲ ਕੀਤੀਆਂ ਅਸ਼ਲੀਲ ਹਰਕਤਾਂ
Publish Date: Fri, 13 Mar 2026 08:13 PM (IST)
Updated Date: Fri, 13 Mar 2026 08:15 PM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮਹਿਲਾ ਅਧਿਆਪਕ ਕੋਲ ਟਿਊਸ਼ਨ ਪੜ੍ਹਨ ਗਈ ਨਾਬਾਲਿਗ ਲੜਕੀ ਨਾਲ ਟੀਚਰ ਦੇ ਪਤੀ ਨੇ ਅਸ਼ਲੀਲ ਹਰਕਤਾਂ ਕੀਤੀਆਂ। ਬੱਚੀ ਨੇ ਮੁਲਜ਼ਮ ਦੀ ਨੀਅਤ ਭਾਪ ਕੇ ਰੌਲਾ ਪਾਇਆ ਤਾਂ ਉਸ ਦੀ ਇਸ ਕਰਤੂਤ ਦਾ ਖੁਲਾਸਾ ਹੋਇਆ। ਪੀੜਤਾ ਦੇ ਪਿਤਾ ਦੇ ਬਿਆਨ ਉੱਪਰ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਮੁਲਜ਼ਮ ਨਰਿੰਦਰ ਕੁਮਾਰ ਖ਼ਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਸ਼ਿਕਾਇਤ ਕਰਤਾ ਮੁਤਾਬਿਕ ਉਸ ਦੀ ਕਰੀਬ 11 ਸਾਲ ਦੀ ਨਾਬਾਲਿਗ ਲੜਕੀ ਘਰ ਦੇ ਨਜ਼ਦੀਕ ਹੀ ਇੱਕ ਮਹਿਲਾ ਅਧਿਆਪਕ ਕੋਲ ਟਿਊਸ਼ਨ ਪੜ੍ਹਨ ਜਾਂਦੀ ਹੈ। ਵਾਰਦਾਤ ਵਾਲੇ ਦਿਨ ਵੀ ਉਸ ਦੀ ਬੇਟੀ ਉਸ ਦੇ ਭਤੀਜੇ ਨਾਲ ਟਿਊਸ਼ਨ ਪੜ੍ਹਨ ਗਈ ਸੀ। ਇਸ ਦੌਰਾਨ ਲੜਕੀ ਨੂੰ ਇਕੱਲੀ ਵੇਖ ਕੇ ਅਧਿਆਪਕ ਦੇ ਪਤੀ ਨੇ ਉਸ ਦੀ ਲੜਕੀ ਨੂੰ ਜ਼ਬਰਦਸਤੀ ਫੜ ਕੇ ਅਸ਼ਲੀਲ ਹਰਕਤਾਂ ਕਰਮ ਦੀ ਕੋਸ਼ਿਸ਼ ਕੀਤੀ। ਉਕਤ ਮੁਲਜ਼ਮ ਨਰਿੰਦਰ ਕੁਮਾਰ ਦੀ ਨੀਅਤ ਭਾਂਪ ਕੇ ਬੱਚੀ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਟਿਊਸ਼ਨ ਪੜ੍ਹਨ ਵਾਲੇ ਬਾਕੀ ਬੱਚੇ ਅਤੇ ਮਹਿਲਾ ਅਧਿਆਪਕ ਵੀ ਮੌਕੇ ’ਤੇ ਆ ਗਈ। ਇਸ ਦੌਰਾਨ ਬੱਚੀ ਰੋਂਦੀ ਹੋਈ ਘਰ ਆਈ ਅਤੇ ਮੁਲਜ਼ਮ ਦੀ ਕਰਤੂਤ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਜਸਪਾਲ ਸਿੰਘ ਮੁਤਾਬਿਕ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰ ਕੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।