ਪੇਪਰ ਮਾਰਕਿੰਗ ਲਈ 100 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਦੇ ਨੇ ਅਧਿਆਪਕ
ਪੇਪਰ ਮਾਰਕਿੰਗ ਲਈ 100 ਕਿੱਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਨੀ ਪੈਂਦੀ ਹੈ ਅਧਿਆਪਕਾਂ ਨੂੰ
Publish Date: Sun, 29 Mar 2026 08:23 PM (IST)
Updated Date: Mon, 30 Mar 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਪੇਪਰ ਮਾਰਕਿੰਗ ਲਈ ਅਧਿਆਪਕਾਂ ਦੀਆਂ ਬਹੁਤ ਦੂਰ-ਦੂਰ ਤੱਕ ਡਿਊਟੀਆਂ ਲਾਈਆਂ ਗਈਆਂ ਹਨ, ਜਿਸ ਕਰ ਕੇ ਉਹ ਬਹੁਤ ਬੇ-ਚੈਨ ਹਨ। ਪੇਪਰ ਮਾਰਕਿੰਗ ਲਈ ਡਿਊਟੀ ਲਈ ਤਾਇਨਾਤ ਕੀਤੇ ਗਏ ਅਧਿਆਪਕਾਂ ਨੇ ਦੱਸਿਆ ਕਿ ਇੱਕ ਤਾਂ ਡਿਊਟੀਆਂ 100-100 ਕਿੱਲੋਮੀਟਰ ਤੋਂ ਵੱਧ ਦੂਰੀ ’ਤੇ ਲਾਈਆਂ ਗਈਆਂ ਹਨ, ਦੂਜਾ ਐਮਰਜੈਂਸੀ ਹਾਲਾਤਾਂ ’ਚ ਛੁੱਟੀ ਦੇਣ ਤੋਂ ਨਾਂਹ ਕੀਤੀ ਜਾਂਦੀ ਹੈ। ਅਧਿਆਪਕਾਂ ਨੇ ਦੱਸਿਆ ਕਿ ਸੀਬੀਐੱਸਈ ਨਵੀਂ ਦਿੱਲੀ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਐਤਵਾਰ ਤੇ ਗਜ਼ਟਿਡ ਛੁੱਟੀ ਦੌਰਾਨ ਉਨ੍ਹਾਂ ਅਧਿਆਪਕਾਂ ਨੂੰ ਵੀ ਛੁੱਟੀ ਦਿੱਤੀ ਜਾਵੇਗੀ, ਜਿਨ੍ਹਾਂ ਦੀ ਪੇਪਰ ਮਾਰਕਿੰਗ ’ਚ ਡਿਊਟੀ ਲਾਈ ਗਈ ਹੈ ਪਰ ਪੰਜਾਬ ਦੇ ਕਈ ਪੇਪਰ ਮਾਰਕਿੰਗ ਕੇਂਦਰਾਂ ’ਚ ਜਿੱਥੇ 10ਵੀਂ ਤੇ 12ਵੀਂ ਜਮਾਤ ਦੇ ਪੇਪਰਾਂ ਦੀ ਮਾਰਕਿੰਗ ਕੀਤੀ ਜਾ ਰਹੀ ਹੈ। ਰਾਮਨੌਮੀ ਵਾਲੇ ਦਿਨ ਵੀ ਕੇਂਦਰ ਖੋਲ੍ਹੇ ਗਏ ਤੇ ਅਧਿਆਪਕਾਂ ਨੂੰ ਬੁਲਾਇਆ ਗਿਆ। ਇਸੇ ਤਰ੍ਹਾਂ ਹੀ ਛੁੱਟੀ ਵਾਲੇ ਦਿਨ ਐਤਵਾਰ ਨੂੰ ਵੀ ਅਧਿਆਪਕਾਂ ਨੂੰ ਫ਼ੋਨ ਕਰ ਕੇ ਬੁਲਾਇਆ ਗਿਆ। ਵੰਦਨਾ ਨਾਂ ਦੀ ਇੱਕ ਅਧਿਆਪਕਾ ਨੇ ਦੱਸਿਆ ਕਿ ਨਾਭਾ, ਸੰਗਰੂਰ, ਬਰਨਾਲਾ, ਮੂਣਕ ਵਿਖੇ ਬਣਾਏ ਗਏ ਕੇਂਦਰਾਂ ’ਚ ਤਾਇਨਾਤ ਕੀਤੇ ਗਏ ਅਧਿਆਪਕ ਲੱਗਭਗ 100-100 ਕਿੱਲੋਮੀਟਰ ਦੂਰ ਤੋਂ ਆ ਰਹੇ ਹਨ। ਕੇਂਦਰਾਂ ’ਚ ਸਮੇਂ ਸਿਰ ਸਵੇਰੇ 9 ਵਜੇ ਪਹੁੰਚਣ ਲਈ ਉਨ੍ਹਾਂ ਨੂੰ ਸਵੇਰੇ 6 ਵਜੇ ਘਰ ਤੋਂ ਚੱਲਣਾ ਪੈ ਰਿਹਾ ਹੈ, ਜਦਕਿ 5 ਵਜੇ ਸ਼ਾਮ ਨੂੰ ਛੁੱਟੀ ਤੋਂ ਬਾਅਦ ਉਹ ਕੋਈ 7 ਵਜੇ ਕੋਈ 8-9 ਵਜੇ ਘਰ ਪੁੱਜਦਾ ਹੈ। ਉਨ੍ਹਾਂ ਦੱਸਿਆ ਕਿ ਕਈ ਅਧਿਆਪਕ ਇਸੇ ਕਾਰਨ ਬਿਮਾਰ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੀੜਤ ਅਧਿਆਪਕਾਂ ਨੇ ਸਿਟੀ ਕੋ-ਆਰਡੀਨੇਟਰ ਨੂੰ ਅਤੇ ਖੇਤਰ ਅਫ਼ਸਰ ਨੂੰ ਐਤਵਾਰ ਦੀ ਛੁੱਟੀ ਲਈ ਬੇਨਤੀ ਕੀਤੀ ਸੀ ਪਰ ਸਿਟੀ ਕੋ-ਆਰਡੀਨੇਟਰ ਨੇ ਮੇਲ ਪਾ ਕੇ ਕਿਹਾ ਕੇ ਕੇਂਦਰ ਖੁੱਲ੍ਹਣਗੇ, ਕੋਈ ਛੁੱਟੀ ਨਹੀਂ ਹੈ ਪਰ ਕਈ ਕੇਂਦਰ ਜੋ ਪੰਜਾਬ ਦੇ ਕਈ ਵੱਖ-ਵੱਖ ਜ਼ਿਲ੍ਹਿਆਂ/ਸ਼ਹਿਰਾਂ ’ਚ ਹਨ ਉੱਥੇ ਸੀ ਬੀਐੱਸਈ ਨਵੀਂ ਦਿੱਲੀ ਦੀ ਆਪਣੀ ਗਾਈਡਲਾਈਨ ’ਚ ਐਤਵਾਰ ਤੇ ਸਾਰੀਆਂ ਗਜ਼ਟਿਡ ਛੁੱਟੀਆਂ ਅਧਿਆਪਕਾਂ ਨੂੰ ਦਿੱਤੀਆਂ ਗਈਆਂ ਹਨ ਪਰ ਸਿਟੀ ਕੋ-ਆਰਡੀਨੇਟਰ ਹੌਲੀ ਹਾਰਟ ਸਕੂਲ ਸੰਗਰੂਰ, ਜਿਸ ਦਾ ਸਕੂਲ ਕੋਡ 20623 ਹੈ, ਨੇ ਛੁੱਟੀ ਕਰਨ ਤੋ ਮਨ੍ਹਾ ਕੀਤਾ ਹੈ। ਇਸ ਸਬੰਧੀ ਜਦੋਂ ਜ਼ਿਲ੍ਹਾ ਕੋ-ਆਰਡੀਨੇਟਰ ਦਿਨੇਸ਼ ਗੁਲੇਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਫੋਨ ਕਰ ਕੇ ਹਦਾਇਤ ਦਿੱਤੀ ਗਈ ਹੈ ਕਿ ਛੁੱਟੀ ਵਾਲੇ ਦਿਨ ਵੀ ਪੇਪਰ ਮਾਰਕਿੰਗ ਕੀਤੀ ਜਾਵੇਗੀ, ਜਿਸ ਕਰ ਕੇ ਛੁੱਟੀ ਵਾਲਾ ਦਿਨ ਹੋਣ ਦੇ ਬਾਵਜੂਦ ਵੀ ਅਧਿਆਪਕਾਂ ਨੂੰ ਪੇਪਰ ਮਾਰਕਿੰਗ ਲਈ ਬੁਲਾਇਆ ਗਿਆ ਹੈ, ਕਿਉਂਕਿ ਮੈਂ ਤਾਂ ਬੋਰਡ ਦੇ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ।