ਟੀਬੀ-ਮੁਕਤ ਭਾਰਤ ਅਭਿਆਨ ਨੂੰ ਮਿਲ ਰਿਹੈ ਵੱਡਾ ਹੁੰਗਾਰਾ : ਸਿਵਲ ਸਰਜਨ
ਟੀਬੀ-ਮੁਕਤ ਭਾਰਤ ਅਭਿਆਨ ਨੂੰ ਲੁਧਿਆਣਾ ’ਚ ਮਿਲ ਰਿਹਾ ਵੱਡਾ ਹੁੰਗਾਰਾ- ਡਾ. ਰਮਨਦੀਪ ਕੌਰ
Publish Date: Tue, 24 Mar 2026 07:54 PM (IST)
Updated Date: Wed, 25 Mar 2026 04:11 AM (IST)

ਵਿਸ਼ਵ ਟੀਬੀ ਦਿਵਸ ਦੇ ਮੌਕੇ ’ਤੇ 100 ਦਿਨਾਂ ਦੇ ਟੀਬੀ ਅਭਿਆਨ ਦੀ ਹੋਈ ਸ਼ੁਰੂਆਤ ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ, ਲੁਧਿਆਣਾ ਵਿਸ਼ਵ ਟੀਬੀ ਦਿਵਸ ਦੇ ਮੌਕੇ ’ਤੇ ਆਮ ਲੋਕਾਂ ਦੇ ਸਹਿਯੋਗ ਨਾਲ ਲੁਧਿਆਣਾ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵੱਲੋਂ ਲੋਕਾਂ ਨੂੰ ਟੀਬੀ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਟੀਬੀ-ਮੁਕਤ ਸਮਾਜ ਦੀ ਸਥਾਪਨਾ ਲਈ ਵਿਸ਼ਾਲ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਬਹੇ ਹਨ। ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਟੀਬੀ ਅਭਿਆਨ ਨੂੰ ਹੋਰ ਗਤੀ ਦਿੰਦਿਆਂ 100 ਦਿਨਾਂ ਦਾ ਟੀਬੀ ਜਾਗਰੂਕਤਾ ਅਤੇ ਨਿਵਾਰਣ ਅਭਿਆਨ ਸ਼ੁਰੂ ਕਰਵਾਇਆ ਗਿਆ। ਇਸ ਪਹਿਲ ਦਾ ਉਦੇਸ਼ ਜ਼ਿਲ੍ਹੇ ਭਰ ਵਿੱਚ ਸਕ੍ਰੀਨਿੰਗ, ਜਾਗਰੂਕਤਾ ਅਤੇ ਇਲਾਜ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨਾ ਹੈ, ਤਾਂ ਜੋ ਟੀਬੀ ਮਰੀਜ਼ਾਂ ਦੀ ਸ਼ੁਰੂਆਤੀ ਪਛਾਣ ਅਤੇ ਪੂਰਾ ਇਲਾਜ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਟੀਬੀ ਵਿਰੁੱਧ ਲੜਾਈ ਲਈ ਸਾਂਝੀ ਕੋਸ਼ਿਸ਼ ਅਤੇ ਸਮੁਦਾਇਕ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਜ਼ਬੂਤ ਸਰਕਾਰੀ ਸਹਿਯੋਗ, ਸਮਰਪਿਤ ਸਿਹਤ ਟੀਮਾਂ ਅਤੇ ਜਨ ਜਾਗਰੂਕਤਾ ਨਾਲ ਟੀਬੀ-ਮੁਕਤ ਭਾਰਤ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਸਕ੍ਰੀਨਿੰਗ ਲਈ ਅੱਗੇ ਆਉਣ ਅਤੇ ਆਪਣੇ ਇਲਾਕਿਆਂ ਵਿੱਚ ਇਸ ਅਭਿਆਨ ਨੂੰ ਸਹਿਯੋਗ ਦੇਣ। ਇਸ ਮੌਕੇ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਟੀਬੀ ਦੀ ਜਾਗਰੂਕਤਾ ਲਈ ਸਿਹਤ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਨੂੰ ਜ਼ਿਲ੍ਹੇ ਭਰ ਵਿੱਚ ਵੱਡੇ ਪੱਧਰ ਲੋਕਾਂ ਦਾ ਸਹਿਯੋਗ ਦੇਖਣ ਨੂੰ ਮਿਲੀ ਰਿਹਾ ਹੈ। ਇਨ੍ਹਾਂ ਗਤੀਵਿਧੀਆਂ ਰਾਹੀਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਹਸਪਤਾਲਾਂ, ਸਿਹਤ ਕੇਂਦਰਾਂ ਅਤੇ ਫੀਲਡ ਵਿੱਚ ਜਾਕੇ ਲੋਕਾਂ ਨਾਲ ਸਿੱਧਾ ਸੰਵਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਪ੍ਰੋਗਰਾਮਾਂ ਦਾ ਮਕਸਦ ਟੀਬੀ ਦੇ ਕਾਰਨ, ਫੈਲਾਅ ਅਤੇ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਦੇਣਾ ਅਤੇ ਇਸ ਨਾਲ ਜੁੜੀਆਂ ਗਲਤਫਹਿਮੀਆਂ ਨੂੰ ਦੂਰ ਕਰਨਾ ਸੀ। ਪ੍ਰੋਗਰਾਮਾਂ ਦੌਰਾਨ ਸਿਹਤ ਮਾਹਿਰਾਂ ਨੇ ਜ਼ੋਰ ਦਿੱਤਾ ਕਿ ਟੀਬੀ ਇੱਕ ਸੰਕਰਾਮਕ ਬਿਮਾਰੀ ਹੈ, ਪਰ ਸਮੇਂ ਸਿਰ ਪਛਾਣ ਅਤੇ ਠੀਕ ਇਲਾਜ ਨਾਲ ਇਹ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ। ਟੀਬੀ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਫੇਫੜਿਆਂ ਦੀ ਟੀਬੀ ਅਤੇ ਬਾਹਰੀ ਅੰਗਾਂ ਦੀ ਟੀਬੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਲੰਬੇ ਸਮੇਂ ਤੱਕ ਖੰਘ, ਬੁਖਾਰ, ਵਜ਼ਨ ਘਟਣਾ ਅਤੇ ਰਾਤ ਨੂੰ ਪਸੀਨਾ ਆਉਣਾ ਵਰਗੇ ਲੱਛਣਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਸਾਫ਼-ਸਫ਼ਾਈ, ਪੂਰੀ ਪੋਸ਼ਣ ਅਤੇ ਸਮੇਂ ਸਿਰ ਡਾਕਟਰੀ ਸਲਾਹ ਲੈਣ ਵਰਗੀਆਂ ਰੋਕਥਾਮੀ ਉਪਾਅ ਵੀ ਉਜਾਗਰ ਕੀਤੇ ਗਏ। ਡਾ. ਰਮਨਦੀਪ ਕੌਰ ਨੇ ਸਮੁਦਾਇਕ ਭਾਗੀਦਾਰੀ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਬਿਨ੍ਹਾਂ ਕਿਸੇ ਹਿਚਕਿਚਾਹਟ ਸਕ੍ਰੀਨਿੰਗ ਲਈ ਅੱਗੇ ਆਉਣ ਅਤੇ ਪੀੜਤ ਨੂੰ ਆਪਣੇ ਇਲਾਕਿਆਂ ਵਿੱਚ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਟੀਬੀ ਨਾਲ ਜੁੜੀ ਝਿਜਕ ਅਤੇ ਦੇਰੀ ਨਾਲ ਪਛਾਣ ਅਜੇ ਵੀ ਵੱਡੀਆਂ ਚੁਣੌਤੀਆਂ ਹਨ, ਜਿਨ੍ਹਾਂ ਨੂੰ ਸਾਂਝੀ ਜਾਗਰੂਕਤਾ ਅਤੇ ਸਿਹਤ ਪ੍ਰਤੀ ਜ਼ਿੰਮੇਵਾਰ ਰਵੱਈਏ ਨਾਲ ਦੂਰ ਕੀਤਾ ਜਾ ਸਕਦਾ ਹੈ। ਇਨ੍ਹਾਂ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਮੈਡੀਕਲ ਅਧਿਕਾਰੀਆਂ, ਪੈਰਾ ਮੈਡੀਕਲ ਸਟਾਫ, ਆਸ਼ਾ ਵਰਕਰਾਂ ਅਤੇ ਸਮਾਜ ਦੇ ਮੈਂਬਰਾਂ ਵੱਲੋਂ ਪੂਰਨ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ।