ਆਈਟੀਆਈ ਵਿਖੇ ਟਾਟਾ ਆਧੁਨਿਕ ਇਲੈਕਟ੍ਰੀਸ਼ੀਅਨ ਵਰਕਸ਼ਾਪ ਸ਼ੁਰੂ
ਆਈਟੀਆਈ ਵਿਖੇ 60 ਲੱਖ ਰੁਪਏ ਦੀ ਲਾਗਤ ਨਾਲ ਟਾਟਾ ਆਧੁਨਿਕ ਇਲੈਕਟਰੀਸ਼ੀਅਨ ਵਰਕਸ਼ਾਪ ਸ਼ੁਰੂ
Publish Date: Sat, 21 Mar 2026 07:03 PM (IST)
Updated Date: Sun, 22 Mar 2026 04:13 AM (IST)

ਸੀਈਓ ਟਾਟਾ ਸਟੀਲ ਫਾਂਊਂਡੇਸ਼ਨ ਸੌਰਵ ਰਾਏ ਤੇ ਚੇਅਰਮੈਨ ਵਿਸ਼ਵਕਰਮਾ ਨੇ ਕੀਤਾ ਉਦਘਾਟਨ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈਟੀਆਈ) ਗਿੱਲ ਰੋਡ ਲੁਧਿਆਣਾ ਵਿਖੇ ਇੱਕ ਸਮਾਗਮ ਦੌਰਾਨ ਆਧੁਨਿਕ ਇਲੈਕਟਰੀਸ਼ੀਅਨ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ। ਇਸ ਵਰਕਸ਼ਾਪ ਨੂੰ ਟਾਟਾ ਸਟੀਲ ਫਾਂਊਂਡੇਸ਼ਨ ਵੱਲੋਂ ਸ਼ਨਾਈਡਰ ਇਲੈਕਟ੍ਰਿਕ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ। ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸੌਰਵ ਰਾਏ ਸੀਈਓ ਟਾਟਾ ਸਟੀਲ ਫਾਂਊਂਡੇਸ਼ਨ ਅਤੇ ਡੇਵਿਡ ਵਿਲੀਅਮ ਅਗਸਟਿਨ ਚੀਫ ਸਟੀਲ ਪਲਾਂਟ ਲੁਧਿਆਣਾ ਸ਼ਾਮਿਲ ਹੋਏ। ਸਮਾਰੋਹ ਵਿੱਚ ਚਰਨਜੀਤ ਸਿੰਘ ਵਿਸ਼ਵਕਰਮਾ ਚੇਅਰਮੈਨ ਆਈਐਮ ਸੀ ਆਈਟੀਆਈ ਲੁਧਿਆਣਾ ਤੇ ਬਲਜਿੰਦਰ ਸਿੰਘ ਪ੍ਰਿੰਸੀਪਲ ਆਈਟੀਆਈ ਲੁਧਿਆਣਾ ਵਲੋਂ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨਾਂ ਵਲੋਂ ਸੰਸਥਾ ਦੀਆਂ ਆਧੁਨਿਕ ਵਰਕਸ਼ਾਪਾਂ ਜਿਵੇਂ ਕਿ ਸੀਐਨਸੀ ਵਰਕਸ਼ਾਪ, ਰੋਬੋਟਿਕ ਵੈਲਡਿੰਗ ਵਰਕਸ਼ਾਪ, ਟੂਲ ਐਂਡ ਡਾਈ ਵਰਕਸ਼ਾਪ ਆਦਿ ਦਾ ਦੌਰਾ ਕੀਤਾ ਗਿਆ। ਟਾਟਾ ਸਟੀਲ ਫਾਂਊਂਡੇਸ਼ਨ ਵੱਲੋਂ ਸਥਾਪਿਤ ਵਰਕਸ਼ਾਪ ਵਿੱਚ ਲਗਭਗ 60 ਲੱਖ ਰੁਪਏ ਦੀ ਲਾਗਤ ਨਾਲ ਇਲੈਕਟਰੀਸ਼ੀਅਨ ਟਰੇਡ ਦੀ ਆਧੁਨਿਕ ਮਸ਼ੀਨਰੀ ਇੰਸਟਾਲ ਕੀਤੀ ਗਈ। ਇਸ ਵਿਚ ਸੋਲਰ ਵਾਟਰ ਪੰਪ, ਸੋਲਰ ਡੋਮੈਸਟਿਕ ਲਾਈਟਿੰਗ, ਹਾਊਸ ਵਾਇਰਿੰਗ ਲੇਆਉਟ ਅਤੇ ਆਟੋਮੇਟਿਡ ਕੰਟੈਕਟਰ ਕੰਟਰੋਲ ਸਰਕਿਟ ਸ਼ਾਮਿਲ ਹਨ। ਟਾਟਾ ਸਟੀਲ ਵੱਲੋਂ ਪਿੰਡ ਕਡਿਆਣਾ ਲੁਧਿਆਣਾ ਵਿਖੇ ਨਵੇਂ ਲਗਾਏ ਗਏ ਸਟੀਲ ਪਲਾਂਟ ਦੇ ਆਲੇ ਦੁਆਲੇ ਦੇ 6 ਪਿੰਡਾਂ ਦੇ ਸਰਪੰਚ ਵੀ ਸ਼ਾਮਲ ਹੋਏ। ਇਨ੍ਹਾਂ ਸਰਪੰਚਾਂ ਨੂੰ ਇਲੈਕਟਰੀਸ਼ੀਅਨ ਵਰਕਸ਼ਾਪ ਵਿੱਚ ਟਾਟਾ ਸਟੀਲ ਫਾਂਊਂਡੇਸ਼ਨ ਵੱਲੋਂ ਸਥਾਪਤ ਆਧੁਨਿਕ ਮਸ਼ੀਨਰੀ ਬਾਰੇ ਦੱਸਿਆ ਅਤੇ ਆਈਟੀਆਈ ਵਿੱਚ ਕੋਰਸ ਕਰਨ ਲਈ ਆਪਣੇ ਪਿੰਡਾ ਦੇ ਨੌਜਵਾਨਾ ਨੂੰ ਪ੍ਰੇਰਿਤ ਕਰਨ ਲਈ ਕਿਹਾ ਗਿਆ, ਤਾਂ ਜੋ ਉਹ ਸਿਖਲਾਈ ਕਰਕੇ ਟਾਟਾ ਸਟੀਲ ਪਲਾਂਟ ਵਿੱਚ ਰੋਜਗਾਰ ਦੇ ਮੌਕੇ ਪ੍ਰਾਪਤ ਕਰ ਸਕਣ। ਰਾਏ ਵੱਲੋਂ ਦੱਸਿਆ ਇਸ ਵਰਕਸ਼ਾਪ ’ਚ ਸਿਖਲਾਈ ਕਰਨ ਨਾਲ ਸਿਖਿਆਰਥੀਆਂ ਨੂੰ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਾਪਤ ਹੋਣਗੇ। ਉਨ੍ਹਾਂ ਵੱਲੋਂ ਇਸ ਮੌਕੇ ਤੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਸਿਖਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿਤੇ ਗਏ। ਹਰ ਸਾਲ ਲਗਭਗ 80 ਦੇ ਕਰੀਬ ਸਿਖਿਆਰਥੀ ਇਸ ਆਧੁਨਿਕ ਵਰਕਸ਼ਾਪ ’ਚ ਸਿਖਲਾਈ ਪ੍ਰਾਪਤ ਕਰਕੇ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਾਪਤ ਕਰਨਗੇ। ਸੰਬੋਧਨ ਕਰਦਿਆਂ ਵਿਸ਼ਵਕਰਮਾ ਨੇ ਕਿਹਾ ਕਿ ਨਵੀਂ ਤਕਨਾਲੋਜੀ ਅਤੇ ਆਧੁਨਿਕ ਉਪਕਰਣਾਂ ਨਾਲ ਸਜੀ ਇਹ ਇਲੈਕਟਰੀਸ਼ੀਅਨ ਵਰਕਸ਼ਾਪ ਸਿਖਿਆਰਥੀਆਂ ਨੂੰ ਪ੍ਰਯੋਗਾਤਮਕ ਸਿਖਲਾਈ ਦੇ ਵਧੀਆ ਮੌਕੇ ਪ੍ਰਦਾਨ ਕਰੇਗੀ ਅਤੇ ਸਿਖਿਆਰਥੀਆਂ ਨੂੰ ਉਦਯੋਗਿਕ ਮਿਆਰਾਂ ਅਨੁਸਾਰ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਅੰਤ ਵਿੱਚ ਬਲਜਿੰਦਰ ਸਿੰਘ ਪ੍ਰਿੰਸੀਪਲ ਵੱਲੋਂ ਟਾਟਾ ਸਟੀਲ ਫਾਉਂਡੇਸ਼ਨ ਅਤੇ ਸ਼ਨਾਈਡਰ ਇਲੈਕਟ੍ਰਿਕ ਦਾ ਆਈਟੀਆਈ ਲੁਧਿਆਣਾ ਵਿੱਚ ਆਧੁਨਿਕ ਇਲੈਕਟਰੀਸ਼ੀਅਨ ਵਰਕਸ਼ਾਪ ਸਥਾਪਿਤ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਦਯੋਗ ਅਤੇ ਸਿੱਖਿਆ ਸੰਸਥਾਵਾਂ ਦੇ ਮਿਲਾਪ ਨਾਲ ਹੀ ਦੇਸ਼ ਦੇ ਨੌਜਵਾਨਾਂ ਨੂੰ ਕੌਸ਼ਲਯੁਕਤ ਅਤੇ ਆਤਮਨਿਰਭਰ ਬਣਾਇਆ ਜਾ ਸਕਦਾ ਹੈ। ਸਮਾਗਮ ਦੌਰਾਨ ਸੰਸਥਾ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।