ਨਸ਼ੀਲੇ ਪਦਾਰਥਾਂ ਸਮੇਤ ਮੁਲਜ਼ਮ ਗ੍ਰਿਫ਼ਤਾਰ
ਨਸ਼ੀਲੇ ਪਦਾਰਥਾਂ ਸਮੇਤ ਮੁਲਜ਼ਮ ਗ੍ਰਿਫਤਾਰ
Publish Date: Sat, 14 Mar 2026 09:05 PM (IST)
Updated Date: Sun, 15 Mar 2026 04:19 AM (IST)

* ਲੁਧਿਆਣਾ ਪੁਲਿਸ ਨੇ ਵੱਖ-ਵੱਖ ਇਲਾਕਿਆਂ ਵਿੱਚ ਕੀਤੀ ਕਾਰਵਾਈ * ਕਈ ਥਾਵਾਂ ਤੋਂ ਨਸ਼ਾ ਕਰਦੇ ਨੌਜਵਾਨ ਕਾਬੂ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥਾਂ ਸਮੇਤ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਹਿਲੇ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਗਲਾਡਾ ਗਰਾਉਂਡ ਕੋਲ ਪੈਂਦੇ ਇੱਕ ਬੇਆਬਾਦ ਪਲਾਟ ਦੇ ਲਾਗਿਓ ਵਿਸ਼ਕਰਮਾ ਕਲੋਨੀ ਧੂਰੀ ਲਾਈਨ ਦੇ ਰਹਿਣ ਵਾਲੇ ਨਵੀਨ ਕੁਮਾਰ ਨੂੰ ਹਿਰਾਸਤ ’ਚ ਲੈ ਕੇ ਉਸ ਦੇ ਕਬਜ਼ੇ ’ਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਥਾਣਾ-5 ਦੀ ਪੁਲਿਸ ਨੇ ਸ਼ਿਮਲਾਪੁਰੀ ਗਲੀ ਨੰਬਰ 21 ਵਾਸੀ ਸਾਗਰ ਨੂੰ ਇੰਜਨ ਸ਼ੈੱਡ ਦੇ ਲਾਗਿਓ ਹਿਰਾਸਤ ’ਚ ਲੈ ਕੇ ਉਸ ਦੇ ਕਬਜ਼ੇ ’ਚੋਂ 15 ਗ੍ਰਾਮ ਹੈਰੋਇਨ, ਇੱਕ ਇਲੈਕਟਰੋਨਿਕ ਕੰਢਾ ਤੇ ਪੰਜ ਛੋਟੇ ਮੋਮੀ ਲਿਫਾਫੇ ਬਰਾਮਦ ਕੀਤੇ। ਇਕ ਹੋਰ ਮਾਮਲੇ ’ਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਅਰਬਿੰਦੋ ਕਾਲਜ ਲਾਗੇ ਕੀਤੀ ਗਈ ਨਾਕਾਬੰਦੀ ਦੌਰਾਨ ਵੀ ਨਸ਼ੀਲੀਆਂ ਗੋਲ਼ੀਆਂ ਸਮੇਤ ਪਿੰਡ ਥਰੀਕੇ ਦੇ ਵਾਸੀ ਅੰਕਿਤ ਕੁਮਾਰ ਨੂੰ ਗ੍ਰਿਫਤਾਰ ਕੀਤਾ। ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਨਾਲ-ਨਾਲ ਪੁਲਿਸ ਨੇ ਉਨ੍ਹਾਂ ਨੌਜਵਾਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਜੋ ਵੀਰਾਨ ਥਾਵਾਂ ਤੇ ਬਹਿ ਕੇ ਨਸ਼ੇ ਦਾ ਸੇਵਨ ਕਰ ਰਹੇ ਸਨ। ਜਾਣਕਾਰੀ ਦਿੰਦਿਆਂ ਥਾਣਾ-3 ਦੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਗਸ਼ਤ ਦੇ ਸਬੰਧ ਵਿੱਚ ਹਰਚਰਨ ਨਗਰ ਇਲਾਕੇ ਵਿੱਚ ਮੌਜੂਦ ਸੀ ਇਸੇ ਦੌਰਾਨ ਪੁਲਿਸ ਨੇ ਕ੍ਰਿਕਟ ਪਾਰਕ ਦੇ ਲਾਗੇ ਗੁਰੂ ਅਰਜਨ ਦੇਵ ਨਗਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਨੂੰ ਨਸ਼ੇ ਦਾ ਸੇਵਨ ਕਰਦੇ ਸਮੇਂ ਹਿਰਾਸਤ ਵਿੱਚ ਲਿਆ। ਥਾਣਾ-6 ਦੇ ਏਐੱਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ੇਰਪੁਰ ਇਲਾਕੇ ਵਿੱਚ ਗੁਰੂ ਅਮਰਦਾਸ ਕਲੋਨੀ ਦੇ ਰਹਿਣ ਵਾਲੇ ਰਾਜੂ ਕੇਸਰੀ ਨੂੰ ਵਿਰਾਨ ਥਾਂ ’ਤੇ ਦਰੱਖ਼ਤ ਹੇਠਾਂ ਬੈਠ ਕੇ ਨਸ਼ਾ ਕਰਦੇ ਸਮੇਂ ਕਾਬੂ ਕੀਤਾ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਪਿੰਡ ਢੰਡਾਰੀ ਦੇ ਸ਼ਮਸ਼ਾਨ ਘਾਟ ਦੇ ਲਾਗੇ ਦਬਿਸ਼ ਦੇ ਕੇ ਈਸ਼ਰ ਕਾਲੋਨੀ ਢੰਡਾਰੀ ਖੁਰਦ ਦੇ ਵਾਸੀ ਸੁਨੀਲ ਕੁਮਾਰ ਨੂੰ ਨਸ਼ਾ ਕਰਦੇ ਹੋਏ ਕਾਬੂ ਕੀਤਾ। ਪੁਲਿਸ ਨੇ ਨਸ਼ਾ ਕਰ ਰਹੇ ਨੌਜਵਾਨਾਂ ਦੇ ਕਬਜ਼ੇ ਚੋਂ ਸਿਲਵਰ ਪੰਨੀ, 10 ਰੁਪਏ ਦੇ ਨੋਟ ਅਤੇ ਲਾਈਟਰ ਬਰਾਮਦ ਕੀਤੇ। ਇਨ੍ਹਾਂ ਸਾਰਿਆਂ ਮਾਮਲਿਆਂ ਵਿੱਚ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਾਮਲਿਆਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।