ਕਾਂਗਰਸ ਦੀ ਮਜ਼ਬੂਤੀ ਲਈ ਪੁਰਾਣੇ ਵਰਕਰਾਂ ਦਾ ਸਾਥ ਜ਼ਰੂਰੀ : ਖਲੀਫਾ
ਕਾਂਗਰਸ ਦੀ ਮਜ਼ਬੂਤੀ ਲਈ ਪੁਰਾਣੇ ਵਰਕਰਾਂ ਦਾ ਸਾਥ ਜ਼ਰੂਰੀ-ਖਲੀਫਾ
Publish Date: Sat, 21 Mar 2026 06:39 PM (IST)
Updated Date: Sun, 22 Mar 2026 04:11 AM (IST)

ਸਟਾਪ ਰਿਪੋਰਟਰ, ਪੰਜਾਬੀ ਜਾਗਰਣ, ਜਗਰਾਓਂ : ਪਿਛਲੇ 45 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਆਗੂ ਪ੍ਰਸ਼ੋਤਮ ਲਾਲ ਖਲੀਫਾ ਨੇ ਪੰਜਾਬ ਕਾਂਗਰਸ ਵਿਚ ਮੌਜੂਦਾ ਹਾਲਾਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਦੀ ਮਜ਼ਬੂਤੀ ਲਈ ਪੁਰਾਣੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਹਾਈਕਮਾਂਡ ਨੂੰ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਰਾਣਿਆਂ ਦਾ ਤਜ਼ਰਬਾ ਅਤੇ ਨਵਿਆਂ ਦੇ ਜੋਸ਼ ਦੇ ਸੁਮੇਲ ਨਾਲ ਪੰਜਾਬ ਵਿਚ ਕਾਂਗਰਸ ਨੂੰ ਸਭ ਨਾਲੋਂ ਅੱਗੇ ਲਿਆਂਦਾ ਜਾ ਸਕਦਾ ਹੈ ਪਰ ਇਸ ਦੇ ਲਈ ਕਈ ਸਖਤ ਫੈਸਲੇ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਸੋਸ਼ਲ ਮੀਡੀਆ ਦੇ ਯੁੱਗ ਵਿਚ ਰੀਲਾਂ ਅਤੇ ਪੋਸਟਾਂ ਰਾਹੀਂ ਨਾਮ ਚਮਕਾਉਣ ਵਾਲਿਆਂ ਦੀ ਥਾਂ ਜ਼ਮੀਨੀ ਪੱਧਰ ’ਤੇ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਦੀ ਪਹਿਚਾਣ ਕਰਨ ਲਈ ਇੱਕ ਵਿਸ਼ੇਸ਼ ਰਣਨੀਤੀ ਉਲੀਕਣ ਦੀ ਲੋੜ ਹੈ। ਜਿਸ ਨਾਲ ਜਿੱਥੇ ਵਰਕਰਾਂ ਨੂੰ ਮਾਣ ਸਨਮਾਨ ਮਿਲੇਗਾ, ਉਥੇ ਪਾਰਟੀ ਮਜ਼ਬੂਤ ਹੋਵੇਗੀ। ਉਨ੍ਹਾਂ ਬਿਨ੍ਹਾਂ ਤਜ਼ਰਬੇ ਅਤੇ ਬਿਨ੍ਹਾਂ ਕਿਸੇ ਯੋਗਦਾਨ ਦੇ ਨਵੇਂ ਚਿਹਰਿਆਂ ਨੂੰ ਅੱਗੇ ਕਰਨ ਦੀ ਰੀਤ ’ਤੇ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਪੁਰਾਣੇ ਅਤੇ ਕੰਮ ਕਰਨ ਵਾਲੇ ਵਰਕਰਾਂ ਦਾ ਮਨੋਬਲ ਡਿੱਗੇਗਾ। ਖਲੀਫਾ ਨੇ ਕਿਹਾ ਕਿ ਪਿਛਲੇ 45 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹਨ ਅਤੇ ਸ਼ੁਰੂ ਤੋਂ ਹੀ ਜ਼ਮੀਨੀ ਪੱਧਰ ’ਤੇ ਪਾਰਟੀ ਪ੍ਰਤੀ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਹਨ। ਇਸ ਲੰਮੇ ਤਜਰਬੇ ਦੌਰਾਨ ਇਹ ਦੇਖਣ ਨੂੰ ਮਿਲਿਆ ਕਿ ਨਵੇਂ ਕਾਂਗਰਸੀਆਂ ਵਿਚ ਜੋਸ਼ ਹੈ ਪਰ ਪੁਰਾਣਿਆਂ ਦਾ ਤਜ਼ਰਬਾ ਵੀ ਉਨ੍ਹਾਂ ਦੇ ਨਾਲ ਜੁੜ ਜਾਵੇ ਤਾਂ ਪਾਰਟੀ ਕਦੇ ਮਾਤ ਨਹੀਂ ਖਾਵੇਗੀ। ਇਸ ਨੂੰ ਯਕੀਨੀ ਬਣਾਉਣ ਲਈ ਗੱਲਾ ਨਹੀਂ, ਹਾਈਕਮਾਂਡ ਨੂੰ ਘੋਖ ਅਤੇ ਪੜਚੋਲ ਕਰਕੇ ਲਾਗੂ ਕਰਨਾ ਚਾਹੀਦਾ ਹੈ। ਖਾਸ ਕਰਕੇ ਪੰਜਾਬ ਵਿੱਚ ਜੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਬਣਾਉਣੀ ਹੈ, ਤਾਂ ਪਾਰਟੀ ਨੂੰ ਆਪਣੇ ਪੁਰਾਣੇ ਅਤੇ ਜ਼ਮੀਨੀ ਆਧਾਰ ਵਾਲੇ ਵਰਕਰਾਂ ਨੂੰ ਅੱਗੇ ਲਿਆਉਣਾ ਪਵੇਗਾ। ਇਸ ਦੇ ਨਾਲ ਹੀ ਜਿਨ੍ਹਾਂ ਹਲਕਿਆਂ ਵਿਚ ਉਮੀਦਵਾਰ ਉਤਾਰੇ ਜਾਣੇ ਹਨ, ਉਨ੍ਹਾਂ ਉਮੀਦਵਾਰਾਂ ਦੀ ਇਲਾਕੇ ਵਿਚ ਪਕੜ ਅਤੇ ਵੋਟਰਾਂ ਵਿਚ ਲੋਕਪ੍ਰਿਯਤਾ ਨੂੰ ਮੁੱਖ ਤੌਰ ਤੇ ਦੇਖਣਾ ਚਾਹੀਦਾ ਹੈ। ਪੈਰਾਸ਼ੂਟ ਰਾਹੀਂ ਉਮੀਦਵਾਰ ਉਤਾਰਣ ਦੀ ਸੋਚ ਨੂੰ ਤਿਆਗਣਾ ਪਵੇਗਾ।