ਬਾਰਦਾਨੇ ਦੀ ਕਮੀ ਕਾਰਨ ਸੰਨੀ ਮਲਿਕ ਨੇ ਸਰਕਾਰ ਨੂੰ ਘੇਰਿਆ
ਮੰਡੀਆਂ ’ਚ ਬੇਤਰਤੀਬੀ ਤੇ ਬਾਰਦਾਣੇ ਦੀ ਕਮੀ ਨੂੰ ਲੈਕੇ ਸੰਨੀ ਮਲਿਕ ਨੇ ਸਰਕਾਰ ਨੂੰ ਘੇਰਿਆ
Publish Date: Wed, 22 Apr 2026 09:19 PM (IST)
Updated Date: Thu, 23 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ : ਭਾਜਪਾ ਦੇ ਕਿਸਾਨ ਮੋਰਚਾ ਪੰਜਾਬ ਦੇ ਸੈਕਟਰੀ ਸੰਨੀ ਮਲਿਕ ਵੱਲੋਂ ਅੱਜ ਅਨਾਜ ਮੰਡੀਆਂ ਦਾ ਦੌਰਾ ਕਰਦੇ ਹੋਏ ਮੌਕੇ ’ਤੇ ਜਾ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਉਨ੍ਹਾਂ ਨੇ ਗਿੱਲ ਰੋਡ ਤੇ ਅਰੋੜਾ ਪੈਲਸ ਦੇ ਪਿੱਛੇ ਸਥਿਤ ਮੰਡੀ ਸਮੇਤ ਕਈ ਮੰਡੀਆਂ ਵਿੱਚ ਪਾਈਆਂ ਜਾ ਰਹੀਆਂ ਗੰਭੀਰ ਬੇਤਰਤੀਬੀਆਂ ਅਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ’ਤੇ ਚਿੰਤਾ ਜਤਾਈ। ਸੰਨੀ ਮਲਿਕ ਨੇ ਕਿਹਾ ਕਿ ਗਿੱਲ ਰੋਡ ’ਤੇ ਅਰੋੜਾ ਪੈਲਸ ਦੇ ਪਿੱਛੇ ਸਥਿਤ ਮੰਡੀ ’ਚ ਜਿੱਥੇ ਕਿਸਾਨ ਭਰਾ ਅਤੇ ਆੜ੍ਹਤੀ ਆਪਣਾ ਰੋਜ਼ਾਨਾ ਕੰਮ ਕਰਦੇ ਹਨ, ਉੱਥੇ ਸੀਮੈਂਟ ਨਾਲ ਭਰੇ ਟਰੱਕ ਖੜ੍ਹੇ ਰਹਿੰਦੇ ਹਨ, ਜਿਸ ਨਾਲ ਮੰਡੀ ਦਾ ਮਾਹੌਲ ਖਰਾਬ ਹੋ ਰਿਹਾ ਹੈ ਅਤੇ ਆਵਾਜਾਈ ਵਿੱਚ ਵੀ ਭਾਰੀ ਰੁਕਾਵਟ ਪੈ ਰਹੀ ਹੈ। ਉਨ੍ਹਾਂ ਨੇ ਇਸ ਨੂੰ ਮੰਡੀ ਪ੍ਰਬੰਧਨ ਦੀ ਵੱਡੀ ਲਾਪਰਵਾਹੀ ਦੱਸਦਿਆਂ ਕਿਹਾ ਕਿ ਇਸ ਮਸਲੇ ਦਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ। ਜ਼ਿਲ੍ਹੇ ਦੀਆਂ ਹੋਰ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਕਾਰਨ ਕਿਸਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਕਈ ਕਿਸਾਨ ਪਿਛਲੇ ਤਿੰਨ ਦਿਨਾਂ ਤੋਂ ਆਪਣੀ ਕਣਕ ਮੰਡੀਆਂ ਵਿੱਚ ਲੈ ਕੇ ਬੈਠੇ ਹਨ, ਪਰ ਬੋਰੀਆਂ ਦੀ ਘਾਟ ਕਾਰਨ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਨਹੀਂ ਹੋ ਰਹੀ। ਇਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਦੇ ਨਾਲ ਨਾਲ ਮਾਨਸਿਕ ਤਣਾਅ ਵੀ ਝੱਲਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਪੈਦਾ ਹੋ ਰਹੀਆਂ ਇਨ੍ਹਾਂ ਗੰਭੀਰ ਸਮੱਸਿਆਵਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਬਾਰਦਾਣੇ ਦੀ ਕਮੀ ਨੂੰ ਫੌਰੀ ਤੌਰ ’ਤੇ ਦੂਰ ਕੀਤਾ ਜਾਵੇ, ਤਾਂ ਜੋ ਕਿਸਾਨਾਂ ਅਤੇ ਆੜਤੀਆਂ ਨੂੰ ਰਾਹਤ ਮਿਲ ਸਕੇ।