-ਪੀਏਯੂ ਨੇ ਸਕੂਲੀ ਬੱਚਿਆਂ ਲਈ ਉਚੇਰੀ ਸਿੱਖਿਆ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ
ਵਿਸ਼ਾ ਮਾਹਿਰਾਂ ਨੇ ਫਾਰਮ ਭਰਨ ਤੋਂ ਡਿਗਰੀ ਕਰਨ ਤੱਕ ਸਿਖਿਆਰਥੀਆਂ ਨੂੰ ਕੀਤਾ ਜਾਗਰੂਕ
Publish Date: Tue, 07 Apr 2026 06:15 PM (IST)
Updated Date: Tue, 07 Apr 2026 06:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਸਕੂਲੀ ਬੱਚਿਆਂ ਲਈ ਉਚੇਰੀ ਸਿੱਖਿਆ ਲਈ ਜਾਗਰੂਕਤਾ ਸੰਬੰਧੀ ਵਿਸ਼ੇ ਉੱਪਰ ਇਕ ਦਿਨ ਦਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ 69 ਸਿਖਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚ ਵਿਦਿਆਰਥੀ, ਅਧਿਆਪਕ ਅਤੇ ਬੱਚਿਆਂ ਦੇ ਮਾਪੇ ਸ਼ਾਮਲ ਸਨ। ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜੋ ਕਿ ਪੂਰੇ ਭਾਰਤ ਵਿੱਚ ਅੱਵਲ ਦਰਜੇ ਦੀ ਯੂਨੀਵਰਸਿਟੀ ਹੈ, ਵਿੱਚ ਦਾਖਲਾ ਲੈਣਾ ਕਿਸੇ ਵਿਦਿਆਰਥੀ ਲਈ ਆਪਣੇ ਆਪ ਵਿੱਚ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਅਤੇ ਇਥੋਂ ਪੜ੍ਹ ਕੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰੀਆਂ ਹਨ। ਉਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਵਧੀਆ ਸਿੱਖਿਆ ਪ੍ਰਾਪਤ ਕਰ ਸਕਦੇ ਹਨ। ਡਾ. ਗੁਲਨੀਤ ਚਾਹਲ ਨੇ ਯੂਨੀਵਰਸਿਟੀ ਵਿਚ ਦਾਖਲਾ ਲੈਣ ਲਈ ਸੰਪੂਰਨ ਜਾਣਕਾਰੀ ਦਿੱਤੀ ਤਾਂ ਕਿ ਦਾਖਲਾ ਲੈਣ ਤੋਂ ਪਹਿਲਾਂ ਬੱਚੇ ਆਪਣੇ ਭਵਿੱਖ ਦਾ ਫੈਸਲਾ ਆਪ ਕਰ ਸਕਣ। ਉਨਾਂ ਫਾਰਮ ਭਰਨ ਤੋਂ ਲੈ ਕੇ ਡਿਗਰੀ ਕਰਨ ਤੱਕ ਜਾਗਰੂਕ ਕੀਤਾ। ਡਾ. ਸੋਮਪਾਲ ਅਤੇ ਡਾ. ਪੰਕਜ ਕੁਮਾਰ, ਕਾਲਜ ਆਫ ਐਗਰੀਕਲਚਰ; ਡਾ.ਰਜਨੀ ਸ਼ਰਮਾ, ਬੇਸਿਕ ਸਾਇੰਸਜ਼ ਅਤੇ ਹਿਊਮੈਨੀਟੀਜ ਕਾਲਜ; ਡਾ. ਟਰੇਨਾ ਅਧਿਕਾਰੀ, ਹਾਰਟੀਕਲਚਰ ਅਤੇ ਫੋਰੈਸਟਰੀ ਕਾਲਜ; ਡਾ. ਨਰੇਸ਼ ਕੁਮਾਰ ਛੁਨੇਜਾ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ; ਡਾ. ਪ੍ਰੀਤੀ ਸ਼ਰਮਾ, ਕਮਊਨਿਟੀ ਸਾਇੰਸ ਕਾਲਜ ਨੇ ਆਪਣੇ-ਆਪਣੇ ਕਾਲਜਾਂ ਵਿੱਚ ਚਲਾਏ ਜਾਂਦੇ ਡਿਗਰੀ/ਡਿਪਲੋਮਾ ਕੋਰਸਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਸਾਂਝੀ ਕੀਤੀ। ਡਾ. ਕੁਲਵੀਰ ਕੌਰ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਲਗਾਏ ਜਾਣ ਵਾਲੇ ਸਿਖਲਾਈ ਕੋਰਸਾਂ ਅਤੇ ਐਗ੍ਰੀ-ਸਟਾਰਟਅਪਸ ਵਿਸ਼ੇ ਉੱਪਰ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਿੱਖਿਆ ਵਿਭਾਗ ਤੋਂ ਜ਼ਿਲ੍ਹਾ ਕੌਂਸਲਰ ਅਤੇ ਪ੍ਰਿੰਸੀਪਲ ਨੇ ਯੂਨੀਵਰਸਿਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਕਿ ਵਿਦਿਆਰਥੀਆਂ ਨੂੰ ਸਮੇਂ ਸਿਰ ਦਾਖਲਾ ਪ੍ਰਕਿਰਿਆ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਅੰਤ ਵਿੱਚ ਮਿਸਿਜ ਕੰਵਲਜੀਤ ਕੌਰ ਨੇ ਸਾਰੇ ਅਧਿਆਪਕਾਂ, ਬੱਚਿਆਂ ਅਤੇ ਉਨਾਂ ਦੇ ਮਾਪਿਆਂ ਦਾ ਅਤੇ ਉਚੇਚੇ ਤੌਰ ਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ।