- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੜਕਦੀ ਧੁੱਪ ਵਿੱਚ ਖੁੱਲ੍ਹੇ ਅਸਮਾਨ ਹੇਠ ਪੜ੍ਹਾਈ ਕਰਨ ਲਈ ਮਜਬੂਰ ਵਿਦਿਆਰਥੀ

-ਸ਼ਿਮਲਾਪੁਰੀ ਦੇ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਪੰਜ ਮਹੀਨੇ ਤੋਂ ਅਸੁਰੱਖਿਅਤ ਹੋਣ ਕਾਰਨ ਖੁਲ੍ਹੇ ਅਸਮਾਨ ਹੇਠ ਬੈਠ ਕੇ ਪੜ੍ਹਨ ਦਾ ਮਾਮਲਾ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਪਿਛਲੇ ਦਿਨਾਂ ਤੋਂ ਅੱਗ ਦੀ ਸੇਕ ਦੀ ਤਰ੍ਹਾਂ ਪੈ ਰਹੀ ਗਰਮੀ ਜਿਸ ਵਿੱਚ ਕਿਸੇ ਆਮ ਮਨੁੱਖ ਦਾ ਕੁਝ ਸਮਾਂ ਖੜ੍ਹੇ ਹੋਣਾ ਵੀ ਮੁਸ਼ਕਿਲ ਹੋ ਜਾਂਦਾ ਹੈ, ਅਜਿਹੇ ਹਾਲਾਤ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸ਼ਿਮਲਾਪੁਰੀ ਦੇ ਨੰਨ੍ਹੇ ਵਿਦਿਆਥੀ ਖੁੱਲੇ ਅਸਮਾਨ ਹੇਠ ਬੈਠ ਕੇ ਪੜ੍ਹਾਈ ਕਰਨ ਲਈ ਮਜਬੂਰ ਹਨ, ਜਦੋਂ ਕਿ ਇਨ੍ਹੀਂ ਦਿਨੀਂ ਗਰਮੀ ਆਪਣੇ ਸਿਖਰ ਦੇ ਚੱਲਦੇ ਮੌਸਮ ਵਿਭਾਗ ਨੇ ਹੀਟਵੇਵ ਦਾ ਅਲਰਟ ਜਾਰੀ ਕੀਤਾ ਹੋਇਆ ਹੈ।
ਸ਼ਿਮਲਾਪੁਰੀ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਖੁੱਲੇ ਅਸਮਾਨ ਹੇਠ ਬੱਚਿਆਂ ਦੇ ਪੜ੍ਹਾਈ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੱਚੇ ਅੱਤ ਦੀ ਗਰਮੀ ਵਿੱਚ ਖੁੱਲ੍ਹੇ ਅਸਮਾਨ ਹੇਠ ਪੜ੍ਹਨ ਲਈ ਮਜਬੂਰ ਹਨ। ਦੱਸਣਾ ਬਣਦਾ ਹੈ ਕਿ ਪਿਛਲੇ 5 ਮਹੀਨੇ ਤੋਂ ਸਕੂਲ ਦੀ ਬਿਲਡਿੰਗ ਨੂੰ ਅਸੁਰੱਖਿਅਤ ਘੋਸ਼ਿਤ ਕਰਨ ਦੇ ਚੱਲਦੇ ਬੱਚਿਆਂ ਨੂੰ ਨੇੜੇ ਦੀ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਸਕੂਲ ’ਚ ਲਗਭਗ 400 ਬੱਚੇ ਪੜ੍ਹਦੇ ਹਨ, ਅਤੇ ਉਹ ਅੱਤ ਦੀ ਗਰਮੀ ਦੇ ਦਿਨਾਂ ਵਿੱਚ ਪੱਖੇ ਅਤੇ ਲਾਈਟਾਂ ਤੋਂ ਬਿਨ੍ਹਾਂ ਪੜ੍ਹਨ ਲਈ ਮਜਬੂਰ ਹਨ। ਆਸ ਪਾਸ ਦੇ ਲੋਕਾਂ ਦੀ ਮੰਨੀਏ ਤਾਂ ਇਹ ਬੱਚੇ ਕਾਫ਼ੀ ਸਮੇਂ ਤੋਂ ਇਸ ਤਰ੍ਹਾਂ ਖੁੱਲ੍ਹੇ ਅਸਮਾਨ ਹੇਠ ਹੀ ਪੜ੍ਹ ਰਹੇ ਹਨ। ਬੁੱਧਵਾਰ ਨੂੰ ਸਕੂਲ ਦੀ ਇੱਕ ਫੋਟੋ ਵਾਇਰਲ ਹੋਈ, ਜਿਸ ਵਿੱਚ ਬੱਚੇ ਧੁੱਪ ਵਿੱਚ ਪੜ੍ਹਦੇ ਦਿਖਾਈ ਦੇ ਰਹੇ ਹਨ। ਫੋਟੋ ਵਾਇਰਲ ਹੋਣ ਤੋਂ ਬਾਅਦ, ਬੱਚਿਆਂ ਨੂੰ ਇੱਕ ਕਮਰੇ ਵਿੱਚ ਤਬਦੀਲ ਕਰ ਦਿੱਤਾ ਗਿਆ।
-ਅਧਿਆਪਕਾਂ ਨੂੰ ਵੀ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ
ਅਜਿਹੇ ਹਾਲਾਤ ਵਿਚ ਬੱਚਿਆਂ ਨੂੰ ਪੜਾਉਣ ਲਈ ਸਕੂਲ ਦੇ ਅਧਿਆਪਕਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾ ਤਾਂ ਵਿਦਿਆਰਥੀ ਅਤੇ ਨਾ ਹੀ ਅਧਿਆਪਕ ਜ਼ਿਆਦਾ ਦੇਰ ਤੱਕ ਬਾਹਰ ਬੈਠ ਸਕਦੇ ਹਨ। ਕਈ ਵਾਰ ਅਧਿਆਪਕਾਂ ਨੂੰ ਕਮਰਿਆਂ ਦੇ ਅੰਦਰ ਬਲੈਕਬੋਰਡ ਲੈ ਕੇ ਜਾਣਾ ਪੈਂਦਾ ਹੈ, ਕਦੇ ਬਾਹਰ। ਇਸ ਤੋਂ ਇਲਾਵਾ, ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇਅ ਮੀਲ ਵਿੱਚ ਵੀ ਸਫਾਈ ਦੀ ਘਾਟ ਹੈ। ਇਲਾਕੇ ਦੇ ਵਸਨੀਕਾਂ ਨੇ ਕਿਹਾ ਕਿ ਜਦੋਂ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੀ ਹੈ, ਤਾਂ ਬੱਚੇ ਅਜਿਹੀਆਂ ਪਾਬੰਦੀਆਂ ਹੇਠ ਪੜ੍ਹਨ ਲਈ ਮਜਬੂਰ ਹਨ। ਜੇਕਰ ਹਾਲਾਤ ਇਸੇ ਤਰ੍ਹਾਂ ਰਹੇ, ਤਾਂ ਬੱਚਿਆਂ ਨੂੰ ਅਗਲੇ ਦਿਨਾਂ ਵਿੱਚ ਪੜ੍ਹਾਈ ਲਈ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਮਾਮਲੇ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਿੰਪਲ ਮਦਾਨ ਨੇ ਕਿਹਾ ਕਿ ਸਕੂਲ ਦੀ ਪਿਛਲੀ ਇਮਾਰਤ ਅਸੁਰੱਖਿਅਤ ਸੀ। ਸਕੂਲ ਦੀ ਇਮਾਰਤ ਦੀ ਮੁਰੰਮਤ ਲਈ ਫੰਡ ਜਾਰੀ ਕਰ ਦਿੱਤੇ ਗਏ ਹਨ। ਮੌਜੂਦਾ ਸਕੂਲ ਵਾਲੀ ਥਾਂ 'ਤੇ ਪੱਖੇ ਅਤੇ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਹਾਲਾਂਕਿ, ਸਕੂਲ ਨੂੰ ਕਿਸੇ ਹੋਰ ਇਮਾਰਤ ਵਿੱਚ ਤਬਦੀਲ ਕਰਨ ਲਈ ਕੰਮ ਚੱਲ ਰਿਹਾ ਹੈ।